ਮਾਨਸਾ, 3 ਸਤੰਬਰ

ਕੱਲ੍ਹ ਮੋਗਾ ਵਿਖੇ ਸਿਆਸੀ ਰੈਲੀ ਨੂੰ ਸੰਬੋਧਨ ਕਰਨ ਆਏ ਸੁਖਬੀਰ ਸਿੰਘ ਬਾਦਲ ਤੋਂ ਸਵਾਲ ਪੁੱਛਣ ਲਈ ਇਕੱਤਰ ਹੋਏ ਕਿਸਾਨ ਉੱਤੇ ਪੰਜਾਬ ਪੁਲਿਸ ਵੱਲੋਂ ਕੀਤੇ ਵਹਿਸ਼ੀ ਲਾਠੀਚਾਰਜ ਦੀ ਸੂਚਨਾ ਮਿਲਣ ‘ਤੇ ਪੰਜਾਬ ਸਰਕਾਰ ਦੀ ਇਸ ਕਿਸਾਨ ਦੋਖੀ ਕਾਰਵਾਈ ਦੇ ਵਿਰੋਧ ਵਜੋਂ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਵੱਲੋਂ ਇੱਕ ਦਿਨ ਪਹਿਲਾਂ ਉਨ੍ਹਾਂ ਨੂੰ ਦਿੱਤੇ ਗਏ ਸਰਕਾਰੀ ਗੰਨਮੈਨ ਵਾਪਸ ਕਰ ਦਿੱਤੇ ਹਨ।

ਇਸ ਬਾਰੇ ਰੁਲਦੂ ਸਿੰਘ ਮਾਨਸਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੇਸ਼ੱਕ ਉਹ ਪਹਿਲਾਂ ਵੀ ਗੰਨਮੈਨ ਲੈਣ ਲਈ ਸਹਿਮਤ ਨਹੀਂ ਸਨ ਅਤੇ ਪੁਲਿਸ ਵੱਲੋਂ ਜ਼ੋਰ ਦੇਣ ਦੇ ਬਾਵਜੂਦ ਕੁੱਝ ਦਿਨ ਪਹਿਲਾਂ ਉਨ੍ਹਾਂ ਲਿਖਤੀ ਤੌਰ ‘ਤੇ ਗੰਨਮੈਨ ਲੈਣ ਤੋਂ ਇਨਕਾਰ ਵੀ ਕਰ ਦਿੱਤਾ ਸੀ, ਪਰ ਕਿਸਾਨ ਲੀਡਰਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਲਈ ਉੱਪਰੋਂ ਆਈਆਂ ਹਿਦਾਇਤਾਂ ਦੇ ਹਵਾਲੇ ਨਾਲ ਪੁਲਿਸ ਅਧਿਕਾਰੀਆਂ ਵੱਲੋਂ ਵਾਰ ਵਾਰ ਸੁਰੱਖਿਆ ਗਾਰਡ ਲੈਣ ਲਈ ਅਪੀਲ ਕਰਨ ਅਤੇ ਜਥੇਬੰਦੀ ਦੇ ਕੁੱਝ ਆਗੂਆਂ ਵੱਲੋਂ ਵੀ ਇਹ ਗੱਲ ਮੰਨ ਲੈਣ ਦੀ ਰਾਏ ਦੇਣ ‘ਤੇ ਅਖੀਰ ਮੈਂ ਦੁਬਿਧਾ ਵਿਚ ਗੰਨਮੈਨ ਲੈਣਾ ਪ੍ਰਵਾਨ ਕਰ ਲਿਆ ਸੀ।

ਪਰ ਕੱਲ੍ਹਮੋਗੇ ਵਿਖੇ ਕਿਸਾਨਾਂ ਉੱਤੇ ਢਾਹੇ ਗਏ ਜਬਰ ਦੀ ਕਾਲੀ ਕਰਤੂਤ ਤੋਂ ਇੱਕ ਵਾਰ ਮੁੜ ਪ੍ਰਤੱਖ ਹੋ ਗਿਆ ਹੈ ਕਿ ਕੈਪਟਨ ਸਰਕਾਰ ਵਾਂਗ ਸਰਮਾਏਦਾਰ ਸਰਕਾਰਾਂ, ਕਿਸਾਨ ਹਿਤੈਸ਼ੀ ਹੋਣ ਦਾ ਕਿੰਨਾ ਵੀ ਵਿਖਾਵਾ ਕਿਉਂ ਨਾ ਕਰਨ, ਪਰ ਹੁਕਮਰਾਨ ਜਮਾਤ ਦੀਆਂ ਸਾਰੀਆਂ ਸੱਤਾਧਾਰੀ ਪਾਰਟੀਆਂ – ਬੀਜੇਪੀ ਤੇ ਮੋਦੀ ਸਰਕਾਰ ਵਾਂਗ ਕਾਰਪੋਰੇਟ ਕੰਪਨੀਆਂ ਦੀਆਂ ਪਿੱਠੂ ਅਤੇ ਕਿਸਾਨਾਂ ਮਜ਼ਦੂਰਾਂ ਦੀਆਂ ਘੋਰ ਦੋਖੀ ਹਨ।

ਮੋਗੇ ਦੀ ਘਟਨਾ ਤੋਂ ਇਹ ਵੀ ਸਾਬਤ ਹੋ ਗਿਆ ਹੈ ਕਿ ਵਾਰੋ ਵਾਰੀ ਪੰਜਾਬ ਦੀ ਸਤਾ ਭੋਗਣ ਲਈ ਅਮਰਿੰਦਰ ਸਿੰਘ ਅਤੇ ਸੁਖਬੀਰ ਬਾਦਲ ਅੰਦਰਖਾਤੇ ਮਿਲੀਭੁਗਤ ਨਾਲ ਸਿਆਸਤ ਕਰ ਰਹੇ ਹਨ। ਉਹ ਇੱਕ ਪਾਸੇ ਸਾਡੇ ਅੰਦੋਲਨਕਾਰੀ ਕਿਸਾਨਾਂ ਉੱਤੇ ਜਬਰ ਢਾਹੁਣ ਅਤੇ ਦੂਜੇ ਪਾਸੇ ਸਾਨੂੰ ਕਿਸਾਨ ਆਗੂਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਦਾ ਵਿਖਾਵਾ ਕਰਨ – ਅਸੀਂ ਇਸ ਦੋਗਲੀ ਨੀਤੀ ਨੂੰ ਕਦੇ ਵੀ ਪ੍ਰਵਾਨ ਨਹੀਂ ਕਰ ਸਕਦੇ।

Spread the love