‘ਸੰਯੁਕਤ ਕਿਸਾਨ ਮੋਰਚੇ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀਆਂ ਜਾਂਦੀਆਂ ਸਿਆਸੀ ਰੈਲੀਆਂ ਨੂੰ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਦੀਆਂ ਕਰਵਾਈਆਂ ਕਰਾਰ ਦਿੱਤਾ ਹੈ, ਜਿਸ ਤੋਂ ਸਿੱਧ ਹੁੰਦਾ ਹੈ ਕਿ ਬਾਦਲ ਪਰਿਵਾਰ ਅਤੇ ਅਕਾਲੀ ਦਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ਼ਾਰਿਆਂ ’ਤੇ ਕਿਸਾਨਾਂ ਖ਼ਿਲਾਫ਼ ਸਾਜਿਸ਼ਾਂ ਕਰ ਰਹੇ ਹਨ।’ ਇਹ ਪ੍ਰਗਟਾਵਾ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਅਤੇ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਕੀਤਾ ਹੈ।
ਸੰਧਵਾਂ ਨੂੰ ਕਿਹਾ ਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੰਯੁਕਤ ਕਿਸਾਨ ਮੋਰਚੇ ਅਤੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਉਹ ਆਪਣੇ ਬੀਜੇ ਕੰਢੇ ਹੀ ਚੁੱਗ ਰਹੇ ਹਨ।
ਸ਼ਨੀਵਾਰ ਨੂੰ ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਕੁਲਤਾਰ ਸਿੰਘ ਸੰਧਵਾਂ ਨੇ ਸਪੱਸ਼ਟ ਕੀਤਾ ਕਿ ਸੁਖਬੀਰ ਸਿੰਘ ਬਾਦਲ ਆਪਣੇ ਆਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ਼ਾਰਿਆਂ ’ਤੇ ਹੀ ਪੰਜਾਬ ਦਾ ਮਹੌਲ ਖ਼ਰਾਬ ਹੋਣ ਦੀਆਂ ਗੱਲਾਂ ਕਰ ਰਹੇ ਹਨ ਤਾਂ ਜੋ ਪੰਜਾਬ ’ਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾ ਸਕੇ, ਕਿਉਂਕਿ ਪੰਜਾਬ ਦੇ ਕਿਸਾਨ ਅਤੇ ਆਮ ਲੋਕ ਸੁਖਬੀਰ ਬਾਦਲ ਤੋਂ ਕਾਲੇ ਖੇਤੀ ਕਾਨੂੰਨਾਂ ਬਾਰੇ ਗਦਾਰੀ ਕਰਨ ਸਮੇਤ 10 ਸਾਲਾਂ ਦੇ ਰਾਜ ਦੌਰਾਨ ਪੰਜਾਬ ਨੂੰ ਲੁੱਟਣ ਤੇ ਕੁੱਟਣ ਬਾਰੇ ਸਵਾਲ ਪੁੱਛ ਰਹੇ ਹਨ।
ਪ੍ਰੰਤੂ ਸੁਖਬੀਰ ਸਿੰਘ ਬਾਦਲ ਮੀਡੀਆ ਸਾਹਮਣੇ ਵੀ ਝੂਠ ਬੋਲਣ ਤੋਂ ਬਾਜ਼ ਨਹੀਂ ਆ ਰਿਹਾ ਕਿ ਅਕਾਲੀ ਦਲ ਬਾਦਲ ਦੀਆਂ ਰਾਜਨੀਤਿਕ ਰੈਲੀਆਂ ਦਾ ਵਿਰੋਧ ਆਮ ਆਦਮੀ ਪਾਰਟੀ ਦੇ ਵਰਕਰ ਕਰ ਰਹੇ ਹਨ।
ਸੰਧਵਾਂ ਨੇ ਕਿਹਾ ਕਿ ਬਾਦਲ ਪਰਿਵਾਰ ਦੇ ਰਾਜ ਵਿੱਚ ਸ੍ਰੀ ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਅਤੇ ਬਹਿਬਲ ਕਲਾਂ ਵਿਖੇ ਇਨਸਾਫ਼ ਮੰਗ ਰਹੇ ਸਿੱਖਾਂ ’ਤੇ ਗੋਲੀਆਂ ਚੱਲੀਆਂ, ਜਿਸ ਕਾਰਨ ਦੋ ਸਿੱਖ ਨੌਜਵਾਨ ਮਾਰੇ ਗਏ। ਪੰਜਾਬ ਦੇ ਲੋਕ ਅੱਜ ਵੀ ਬਾਦਲਾਂ ਦੇ ਮਾਫੀਆ ਰਾਜ ਨੂੰ ਨਹੀਂ ਭੁਲੇ। ਉਪਰੋਂ ਬਾਦਲ ਪਰਿਵਾਰ ਨੇ ਖੇਤੀ ਆਰਡੀਨੈਂਸਾਂ ’ਤੇ ਦਸਤਖ਼ਤ ਕਰਕੇ ਪੰਜਾਬ ਵਾਸੀਆਂ ਦੇ ਗੁੱਸੇ ਵਿੱਚ ਹੋਰ ਵਾਧਾ ਕੀਤਾ।
ਉਪਰੋਂ ਸੁਖਬੀਰ ਬਾਦਲ ਵੱਲੋਂ ਵਿਰੋਧ ਕਰ ਰਹੇ ਕਿਸਾਨਾਂ ਨੂੰ ‘ਸ਼ਰਾਰਤੀ ਤੱਤ’ ਕਹਿਣ ਅਤੇ ਚੇਤਾਵਨੀਆਂ ਦੇਣ ਨੇ ਬਲਦੀ ’ਤੇ ਤੇਲ ਪਾਉਣ ਦੀ ਹਰਕਤ ਕੀਤੀ ਗਈ ਹੈ। ਉਨ੍ਹਾਂ ਕਿਹਾ, ‘‘ਸੁਖਬੀਰ ਸਿੰਘ ਬਾਦਲ ਕਿਸਾਨਾਂ ਨੂੰ ਸ਼ਰਾਰਤੀ ਤੱਤ ਕਹਿਣਾ ਬੰਦ ਕਰਨ, ਸਗੋਂ ਕਿਸਾਨਾਂ ਵੱਲੋਂ ਪੁੱਛੇ ਜਾਂਦੇ ਸਵਾਲਾਂ ਦੇ ਜਵਾਬ ਦੇਣ ਕਿਉਂਕਿ ਬਾਦਲ ਪਰਿਵਾਰ ਤਾਂ ਹਮੇਸ਼ਾਂ ਹੀ ਆਪਣੇ ਆਪ ਨੂੰ ਕਿਸਾਨਾਂ ਅਤੇ ਪੰਥ ਦਾ ਹਿਤੈਸ਼ੀ ਕਹਿੰਦਾ ਰਿਹਾ ਹੈ।’’
ਸੰਧਵਾਂ ਨੇ ਕਿਹਾ ਸੱਚਾਈ ਤਾਂ ਇਹ ਹੈ ਕਿ ਕਾਲੇ ਖੇਤੀ ਕਾਨੂੰਨਾਂ ਲਈ ਭਾਰਤੀ ਜਨਤਾ ਪਾਰਟੀ ਸਮੇਤ ਅਕਾਲੀ ਦਲ ਬਾਦਲ ਅਤੇ ਕਾਂਗਰਸ ਬਰਾਬਰ ਦੇ ਜ਼ਿੰਮੇਵਾਰ ਹਨ ਕਿਉਂਕਿ ਕਾਂਗਰਸ ਪਾਰਟੀ ਦੀ ਸਰਕਾਰ ਨੇ ਹੀ ਇਹ ਕਾਲੇ ਕਾਨੂੰਨ ਤਿਆਰ ਕੀਤੇ ਸਨ, ਜਦੋਂ ਭਾਜਪਾ ਅਤੇ ਅਕਾਲੀ ਦਲ ਬਾਦਲ ਦੀ ਸਰਕਾਰ ਨੇ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਵਿਰੋਧੀ ਇਹ ਕਾਨੂੰਨ ਲਾਗੂ ਕੀਤੇ ਹਨ।