ਪੰਜਾਬ ‘ਚ ਬਿਜਲੀ ਸੰਕਟ ਨੂੰ ਲੈਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਹੈ ਕਿ ਪੰਜਾਬ ‘ਚ ਫਿਰ ਬਿਜਲੀ ਦਾ ਸੰਕਟ ਛਾ ਸਕਦਾ ਹੈ। ਜੀ ਹਾਂ ਪੰਜਾਬ ਦੇ ਥਰਮਲ ‘ਚ ਕੋਲਾ ਥੁੜ ਗਿਆ ਹੈ।

ਦੇਸ਼ ਵਿਚ ਭਾਰੀ ਬਰਸਾਤਾਂ ਕਾਰਨ ਖਾਨਾਂ ’ਚੋਂ ਕੋਲਾ ਕੱਢਣ ’ਚ ਪੈਦਾ ਹੋਈਆਂ ਗੰਭੀਰ ਮੁਸ਼ਕਿਲਾਂ ਕਾਰਨ ਥਰਮਲ ਪਲਾਂਟਾਂ ਲਈ ਕੋਲੇ ਦੀ ਭਾਰੀ ਕਮੀ ਪੈਦਾ ਹੋ ਗਈ ਹੈ, ਹਾਲਾਂਕਿ ਬਿਜਲੀ ਮੰਤਰਾਲੇ ਨੇ ਕੋਲੇ ਦੇ ਪ੍ਰਬੰਧਨ ਵਾਸਤੇ ਇਕ ਕੋਰ ਮੈਨੇਜਮੈਂਟ ਟੀਮ ਗਠਿਤ ਕਰ ਦਿੱਤੀ ਹੈ।

ਇਹ ਟੀਮ ਰੋਜ਼ਾਨਾ ਆਧਾਰ ’ਤੇ ਕੋਲਾ ਮੰਤਰਾਲੇ ਤੇ ਬਿਜਲੀ ਮੰਤਰਾਲੇ ਨਾਲ ਰਾਬਤਾ ਕਾਇਮ ਕਰ ਕੇ ਸੰਕਟ ’ਚ ਘਿਰੇ ਥਰਮਲ ਪਲਾਂਟਾਂ ਲਈ ਕੋਲੇ ਦੀ ਸਪਲਾਈ ਦੀ ਪ੍ਰਵਾਨਗੀ ਦੇਵੇਗੀ। ਇਹ ਫੈਸਲਾ ਕੀਤਾ ਗਿਆ ਹੈ ਕਿ ਜਿਹੜੇ ਥਰਮਲ ਪਲਾਂਟਾਂ ’ਚ 14 ਦਿਨਾਂ ਦਾ ਕੋਲਾ ਹੋਵੇਗਾ, ਉਨ੍ਹਾਂ ਵਾਸਤੇ ਅਗਲੇ 7 ਦਿਨਾਂ ਲਈ ਕੋਲੇ ਦੀ ਸਪਲਾਈ ਰੋਕ ਦਿੱਤੀ ਜਾਵੇਗੀ।

ਇਸੇ ਤਰੀਕੇ ਬਚਿਆ ਕੋਲਾ ਗੰਭੀਰ ਸੰਕਟ ’ਚ ਫਸੇ ਪਲਾਂਟਾਂ ਵਾਸਤੇ ਸਪਲਾਈ ਕੀਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿਚ ਸਥਿਤ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਕੋਲ ਸਭ ਤੋਂ ਘੱਟ ਸਿਰਫ਼ ਤਿੰਨ ਦਿਨ ਦਾ 5.9 ਟਨ ਕੋਲਾ ਬਚਿਆ ਹੈ।

ਇਸ ਤੋਂ ਇਲਾਵਾ ਲਹਿਰਾ ਮੁਹੱਬਤ ਪਲਾਂਟ ਕੋਲ 8.59 ਟਨ ਯਾਨੀ 10 ਦਿਨ, ਰਾਜਪੁਰਾ ਪਲਾਂਟ ਕੋਲ 11 ਦਿਨ, ਰੋਪੜ਼ ਕੋਲ 14 ਦਿਨ ਅਤੇ ਤਲਵੰਡੀ ਸਾਬੋ ਪਲਾਂਟ ਕੋਲ ਵੀ 14 ਦਿਨ ਦਾ ਹੀ ਕੋਲਾ ਬਚਿਆ ਹੈ। ਆਮ ਦਿਨਾਂ ਵਿਚ ਪੰਜਾਬ ਦੇ ਥਰਮਲਾਂ ਵਿਚ ਰੋਜ਼ਾਨਾ 12 ਤੋਂ 15 ਰੈਕ ਕੋਲਾ ਪੁੱਜਦਾ ਹੈ ਪਰ ਸ਼ੁੱਕਰਵਾਰ ਨੂੰ ਪੰਜਾਬ ਨੂੰ ਇਸ ਤੋਂ ਅੱਧਾ ਸਿਰਫ਼ ਛੇ ਰੈਕ ਕੋਲਾ ਮਿਲਿਆ ਹੈ।

Spread the love