ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਆਪਣੇ 547 ਵਿੱਚੋਂ 422 ਚੋਣ ਵਾਅਦੇ ਪੂਰੇ ਕਰ ਦਿੱਤੇ ਹਨ, ਜਦੋਂ 52 ਵਾਅਦਿਆਂ ਨੂੰ ਅੰਸ਼ਕ ਤੌਰ ਉਤੇ ਪੂਰਾ ਕੀਤਾ ਗਿਆ ਹੈ ਅਤੇ 59 ਵਾਅਦੇ ਹਾਲੇ ਪੂਰੇ ਕਰਨ ਵਾਲੇ ਰਹਿੰਦੇ ਹਨ।
ਇਸ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੇ 90 ਫੀਸਦੀ ਵਾਅਦੇ ਪੂਰੇ ਕਰ ਕੇ ਆਂਧਰਾ ਪ੍ਰਦੇਸ਼ ਦੀ ਚੰਦਰ ਬਾਬੂ ਨਾਇਡੂ ਦੀ ਸਰਕਾਰ ਤੋਂ ਬਾਅਦ ਦੇਸ਼ ਭਰ ਵਿੱਚ ਮੋਹਰੀ ਰਹੀ ਹੈ।
ਇੱਥੇ ਹਲਕੇ ਦੇ ਪਿੰਡਾਂ ਵਿੱਚ ਗਰਾਂਟਾਂ ਵੰਡਣ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਜਿਹੜੇ ਵਾਅਦੇ ਪੂਰੇ ਕਰਨ ਵਾਲੇ ਰਹਿੰਦੇ ਹਨ, ਉਨ੍ਹਾਂ ਨੂੰ ਲਾਗੂ ਕਰਨ ਵਿੱਚ ਵੈਟ ਦੀ ਥਾਂ ਜੀ.ਐਸ.ਟੀ. ਲਾਗੂ ਹੋਣ ਕਾਰਨ ਦਿੱਕਤ ਜ਼ਰੂਰ ਆਈ ਹੈ, ਜਿਸ ਨੂੰ ਛੇਤੀ ਦੂਰ ਕਰ ਕੇ 100 ਫੀਸਦੀ ਵਾਅਦੇ ਪੂਰੇ ਕੀਤੇ ਜਾਣਗੇ। ਆਪਣੇ ਹਲਕੇ ਮੁਹਾਲੀ ਤੇ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ 56 ਪਿੰਡਾਂ ਲਈ ਵਿਕਾਸ ਕਾਰਜਾਂ ਵਾਸਤੇ 13 ਕਰੋੜ ਰੁਪਏ ਦੀ ਗਰਾਂਟ ਪੰਜਾਬ ਸਰਕਾਰ ਨੇ ਮਨਜ਼ੂਰ ਕਰ ਦਿੱਤੀ ਹੈ।
ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਗਰਾਂਟਾਂ ਨਾਲ ਹਲਕੇ ਦੇ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਨਾਲ ਸਬੰਧਤ ਕੰਮ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਧਰਮਸ਼ਾਲਾਵਾਂ, ਕਮਿਊਨਿਟੀ ਸੈਂਟਰ, ਗਲੀਆਂ-ਨਾਲੀਆਂ, ਸ਼ਮਸ਼ਾਨਘਾਟਾਂ ਦੀ ਚਾਰਦੀਵਾਰੀ ਆਦਿ ਕੰਮ ਸ਼ਾਮਲ ਹਨ।
ਕੈਬਨਿਟ ਮੰਤਰੀ ਨੇ ਅੱਜ ਪਿੰਡ ਤੰਗੋਰੀ ਦੀਆਂ ਗਲ਼ੀਆਂ ਨਾਲੀਆਂ ਲਈ 25.24 ਲੱਖ ਰੁਪਏ, ਨੌਗਿਆਰੀ ਦੀ ਫਿਰਨੀ ਲਈ 28.58 ਲੱਖ ਰੁਪਏ, ਵਾਲਮੀਕ ਭਵਨ ਵਾਸਤੇ 5 ਲੱਖ ਰੁਪਏ, ਮੁਸਲਿਮ ਭਾਈਚਾਰੇ ਦੀ ਧਰਮਸ਼ਾਲਾ ਲਈ 5 ਲੱਖ ਰੁਪਏ ਦੀ ਗਰਾਂਅ ਦਿੱਤੀ।
ਸਿੱਧੂ ਨੇ ਗੀਗੇ ਮਾਜਰਾ ਵਿੱਚ ਗਲੀ ਲਈ 10.50 ਲੱਖ, ਗੰਦੇ ਨਾਲੇ ਵਾਸਤੇ 13 ਲੱਖ, ਸ਼ਮਸ਼ਾਨਘਾਟ ਦੇ ਰਸਤੇ ਲਈ 5.91 ਲੱਖ, ਮਿੱਢੇ ਮਾਜਰਾ ਦੇ ਕਮਿਊਨਿਟੀ ਸੈਂਟਰ ਲਈ 15 ਲੱਖ, ਪਿੰਡ ਬਠਲਾਣਾ ਦੇ ਕਮਿਊਨਿਟੀ ਸੈਂਟਰ ਦੀ ਚਾਰਦੀਵਾਰੀ ਵਾਸਤੇ 17 ਲੱਖ, ਛੱਪੜ ਦੀ ਚਾਰਦੀਵਾਰੀ ਲਈ 5 ਲੱਖ ਅਤੇ ਸ਼ਮਸ਼ਾਨਘਾਟ ਦੇ ਸ਼ੈੱਡ ਵਾਸਤੇ 1.50 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਸੌਂਪਿਆ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਪਿੰਡਾਂ ਦੀਆਂ ਲਿੰਕ ਸੜਕਾਂ ਦਾ ਕੰਮ ਵੀ ਜੰਗੀ ਪੱਧਰ ਉਤੇ ਜਾਰੀ ਹੈ। ਇਸ ਤੋਂ ਪਹਿਲਾਂ ਲਾਂਡਰਾਂ ਜੰਕਸ਼ਨ ਬਣਾ ਕੇ ਲੋਕਾਂ ਨੂੰ ਟਰੈਫਿਕ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਈ ਗਈ ਹੈ।
ਪਿੰਡਾਂ ਵਿੱਚ ਹੋਏ ਇਕੱਠਾਂ ਦੌਰਾਨ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਕੰਵਰਬੀਰ ਸਿੰਘ, ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਜਸਪਿੰਦਰ ਕੌਰ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਠੇਕੇਦਾਰ ਮੋਹਨ ਸਿੰਘ ਬਠਲਾਣਾ ਵਾਈਸ ਚੇਅਰਮੈਨ ਲੇਬਰਫੈੱਡ ਪੰਜਾਬ, ਗੁਰਵਿੰਵ ਸਿੰਘ ਬੜੀ, ਮਨਜੀਤ ਸਿੰਘ ਤੰਗੌਰੀ ਵਾਈਸ ਚੇਅਰਮੈਨ ਬਲਾਕ ਸਮਿਤੀ ਖਰੜ, ਪੰਡਤ ਭੁਪਿੰਦਰ ਕੁਮਾਰ ਸਰਪੰਚ ਨਗਿਆਰੀ, ਸੁਖਵਿੰਦਰ ਸਿੰਘ ਸਰਪੰਚ ਮਿੱਢੇ ਮਾਜਰਾ, ਤਰਸੇਮ ਸਿੰਘ ਸਰਪੰਚ ਗੀਗੇ ਮਾਜਰਾ, ਗੁਰਿੰਦਰ ਸਿੰਘ ਦੈੜੀ ਡਾਇਰੈਕਟਰ ਮਿਲਕ ਪਲਾਂਟ ਐਸ.ਏ.ਐਸ. ਨਗਰ, ਸ਼ੇਰ ਸਿੰਘ ਦੈੜੀ, ਗੁਰਦੀਪ ਸਿੰਘ ਦੈੜੀ ਸਰਪੰਚ, ਟਹਿਲ ਸਿੰਘ ਮਾਣਕਪੁਰ ਕੱਲਰ, ਸਿਮਰਨਜੀਤ ਕੌਰ ਸਰਪੰਚ ਬਠਲਾਣਾ, ਵਜ਼ੀਰ ਸਿੰਘ ਅਤੇ ਕਰਮਦੀਪ ਸਿੰਘ ਬਠਲਾਣਾ ਹਾਜ਼ਰ ਸਨ।