-ਯੂਪੀ ‘ਚ ਕਿਸਾਨਾਂ ਨੇ ਮੋਦੀ ਤੇ ਯੋਗੀ ਖਿਲਾਫ਼ ਮੋਰਚਾ ਖੋਲਿ੍ਹਆ-
ਮੁਜ਼ੱਫਰਨਗਰ, 5 ਸਤੰਬਰ
ਮੁਜ਼ੱਫਰਨਗਰ ਵਿਚ ਕਿਸਾਨ ਮਹਾਂਪੰਚਾਇਤ ਨੇ ਅੱਜ ਇੱਥੇ 27 ਸਤੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਨੇ ਦੇਸ਼ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਬੰਦ ਨੂੰ ਕਾਮਯਾਬ ਕਰਨ ਵਿਚ ਸਹਿਯੋਗ ਕਰਨ। ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਇਹ ਬੰਦ 25 ਸਤੰਬਰ ਨੂੰ ਕਰਨ ਦਾ ਐਲਾਨ ਕੀਤਾ ਸੀ।
ਉਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਜੀਆਈਸੀ ਮੈਦਾਨ ਵਿਚ ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ ਉਤਰ ਪ੍ਰਦੇਸ਼ ਹੀ ਨਹੀਂ ਸਗੋਂ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦੱਖਣੀ ਭਾਰਤ ਦੇ ਕਿਸਾਨਾਂ ਨੇ ਵੀ ਇਸ ਮਹਾਂਪੰਚਾਇਤ ਵਿਚ ਸ਼ਿਰਕਤ ਕੀਤੀ ਹੈ। ਸਿਰਕੱਢ ਕਿਸਾਨਰਾਕੇਸ਼ ਟਿਕੈਤ ਨੇ ਕਿਸਾਨ ਮਹਾਂਪੰਚਾਇਤ ਵਿਚ ਹੁੰਕਾਰ ਭਰਦੇ ਹੋਏ ਕਿਹਾ ਕਿ ਸਿਰਫ਼ ਮਿਸ਼ਨ ਯੂਪੀ ਹੀ ਨਹੀਂ ਸਗੋਂ ਸਾਨੂੰ ਪੂਰੇ ਦੇਸ਼ ਨੂੰ ਬਚਾਉਣਾ ਹੈ ਅਤੇ ਕਿਸਾਨਾਂ ਦੀ ਹੀ ਨਹੀਂ ਹੁਣ ਹੋਰ ਮੁੱਦਿਆਂ ਨੂੰ ਵੀ ਚੁੱਕਣਾ ਹੈ। ਟਿਕੈਤ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਤਿੰਨੋਂ ਕਾਨੂੰਨਾਂ ਨੂੰ ਵਾਪਸ ਨਹੀਂ ਲਵੇਗੀ, ਕਿਸਾਨ ਅੰਦੋਲਨ ਜਾਰੀ ਰਹੇਗਾ। ਅਸੀਂ ਉਦੋਂ ਤੱਕ ਘਰ ਨਹੀਂ ਜਾਵਾਂਗੇ। ਸਾਡਾ ਅੰਦੋਲਨ ਫਤਿਹ ਹੋਵੇਗਾ ਅਤੇ ਇਹ ਦੇਸ਼ ਦੇ ਜਵਾਨ ਅਤੇ ਕਿਸਾਨ ਦੀ ਜਿੱਤ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਗੱਲ ਹੀ ਨਹੀਂ ਕਰਨਾ ਚਾਹੁੰਦੀ। ਜਦੋਂ ਤੱਕ ਸਰਕਾਰ ਕਿਸਾਨਾਂ ਦੀ ਮੰਗ ਨਹੀਂ ਮੰਨੇਗੀ, ਉਦੋਂ ਤੱਕ ਅੰਦੋਲਨ ਜਾਰੀ ਰਹੇਗਾ। ਸਰਕਾਰ ਨੇ ਕਿਸਾਨਾਂ ਨਾਲ ਗੱਲ ਕਰਨਾ ਬੰਦ ਕਰ ਦਿੱਤਾ ਹੈ। ਟਿਕੈਤ ਨੇ ਕਿਹਾ ਕਿ ਦੇਸ਼ ਦਾ ਕਿਸਾਨ ਅਤੇ ਨੌਜਵਾਨ ਕਮਜ਼ੋਰ ਨਹੀਂ ਹਨ। ਕੇਂਦਰ ਸਰਕਾਰ ਉਤੇ ਨਿਸ਼ਾਨਾ ਸੇਧਦਿਆਂ ਟਿਕੈਤ ਨੇ ਮਨਮਾਨੀ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਹੁਣ ਦੇਸ਼ ਦੀਆਂ ਸੰਸਥਾਵਾਂ ਵੇਚੀਆਂ ਜਾ ਰਹੀਆਂ ਹਨ। ਅਸੀਂ ਚੁੱਪ ਨਹੀਂ ਰਹਾਂਗੇ। ਉਨ੍ਹਾਂ ਕਿਹਾ ਕਿ ਉਹ ਤੋੜਨ ਦਾ ਕੰਮ ਕਰਦੇ ਹਨ ਤਾਂ ਅਸੀਂ ਲੋਕਾਂ ਨੂੰ ਜੋੜਦੇ ਹਾਂ।
ਸਿਰਕੱਢ ਕਿਸਾਨ ਆਗੂ ਰਾਕੇਸ਼ ਟਿਕੈਤ, ਜੋਗਿੰਦਰ ਸਿੰਘ ਉਗਰਾਹਾਂ, ਬਲਬੀਰ ਸਿੰਘ ਰਾਜੇਵਾਲ, ਹਨਨ ਮੌਲਾ, ਜੋਗਿੰਦਰ ਯਾਦਵ, ਸ਼ਿਵ ਕੁਮਾਰ, ਬਲਬੀਰ ਸਿੰਘ ਡੱਲਵਾਲ, ਗੁਰਨਾਮ ਸਿੰਘ ਚਢੂਨੀ ਅਤੇ ਹੋਰ ਕਈ ਕਿਸਾਨ ਆਗੂ ਇਸ ਮਹਾਂਪੰਚਾਇਤ ਵਿਚ ਹਿੱਸਾ ਲੈਣ ਪਹੁੰਚੇ। ਇਸ ਮਹਾਂਪੰਚਾਇਤ ਵਿਚ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼ ਤਮਿਲਨਾਡੂ, ਕੇਰਲ ਅਤੇ ਕਰਨਾਟਕ ਸਣੇ ਕਈ ਸੂਬਿਆਂ ਤੋਂ ਲੋਕ ਪਹੁੰਚੇ ਹੋਏ ਹਨ। ਕਿਸਾਨ ਆਗੂ ਇੰਨੀ ਵੱਡੀ ਗਿਣਤੀ ਵਿਚ ਹਨ ਕਿ ਹਰ ਇੱਕ ਨੂੰ ਇੱਕ-ਇੱਕ ਮਿੰਟ ਦਾ ਸਮਾਂ ਬੋਲਣ ਲਈ ਦਿੱਤਾ ਸੀ।
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੇਤੀ ਨੂੰ ਕਾਰਪੋਰੇਟ ਘਰਾਣਿਆਂ ਕੋਲ ਵੇਚਣਾ ਚਾਹੁੰਦੀ ਹੈ। ਇਸੇ ਲਈ 3 ਖੇਤੀ ਕਾਨੂੰਨ ਬਣਾਏ ਗਏ ਹਨ। ਇਹ ਅੰਦੋਲਨ ਇਖਲਾਕੀ ਤੌਰ ਉਤੇ ਜਿੱਤ ਚੁੱਕਾ ਹੈ, ਪਰ ਸਰਕਾਰ ਗੈਰ-ਇਖਲਾਕੀ ਹੈ। ਇਹ ਅੰਦੋਲਨ ਜਿੰਨੇ ਸੂਬਿਆਂ ਵਿਚ ਫੈਲਿਆ ਹੈ, ਜਿੰਨਾ ਲੰਬਾ ਹੋ ਰਿਹਾ ਹੈ, ਭਾਜਪਾ ਦੀਆਂ ਜੜ੍ਹਾਂ ਓਨੀਆਂ ਹੀ ਡੂੰਘੀਆਂ ਪੁੱਟੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅੱਜ ਦਾ ਇਹ ਇਕੱਠ ਮੋਦੀ ਸਰਕਾਰ ਨੂੰ ਚੇਤਾਵਨੀ ਹੈ ਕਿ ਸੰਭਲ ਜਾਓ ਵਰਨਾ ਮਿਟਾ ਦਿੱਤੇ ਜਾਓਗੇ।
ਰਾਜੇਵਾਲ ਤੋਂ ਇਲਾਵਾ ਕੁੱਝ ਕਿਸਾਨ ਆਗੂਆਂ ਨੇ ਮੰਚ ਤੋਂ ਬੋਲਦਿਆਂ 2013 ਵਿਚ ਮੁਜ਼ੱਫਰਨਗਰ ਦੇ ਇਲਾਕੇ ਵਿਚ ਹੋਈ ਫਿਰਕੂ ਹਿੰਸਾ ਨੂੰ ਇਸ ਥਾਂ ਉਤੇ ਮਹਾਪੰਚਾਇਤ ਕਰਵਾਉਣ ਦਾ ਕਾਰਨ ਦੱਸਿਆ। ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਇਹ ਸੰਦੇਸ਼ ਦੇਣ ਆਏ ਹਾਂ ਕਿ ਸਾਡਾ ਧਰਮ ਕਿਸਾਨੀ ਹੈ, ਸਾਡੀ ਜਾਤ ਕਿਸਾਨੀ ਹੈ, ਅਸੀਂ ਸਾਰੇ ਕਿਸਾਨ ਹਾਂ ਅਤੇ ਅਸੀਂ ਹੋਰ ਵੰਡੀਆਂ ਨਹੀਂ ਪੈਣ ਦਿਆਂਗੇ।
ਭਾਰਤ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਮੁਲਕ ਭਰ ਦੇ ਕਿਸਾਨ ਪਿਛਲੇ 9 ਮਹੀਨਿਆਂ ਤੋਂ ਵੱਧ ਸਮੇਂ ਤੋਂ ਸੰਘਰਸ਼ ਕਰ ਰਹੇ ਹਨ।
26 ਨਵੰਬਰ ਤੋਂ ਕਿਸਾਨਾਂ ਨੇ ਦਿੱਲੀ ਬਾਰਡਰਾਂ ਉਤੇ ਡੇਰੇ ਲਾਏ ਹੋਏ ਹਨ। ਸਰਕਾਰ ਕਾਨੂੰਨਾਂ ਵਿਚ ਸੋਧਾਂ ਲਈ ਤਿਆਰ ਹੈ ਅਤੇ ਪਰ ਕਿਸਾਨ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।
22 ਜਨਵਰੀ 2021 ਤੋਂ ਬਾਅਦ ਦੋਵਾਂ ਧਿਰਾਂ ਵਿਚ ਕੋਈ ਰਸਮੀ ਗੱਲਬਾਤ ਵੀ ਨਹੀਂ ਹੋਈ। ਹੁਣ ਭਾਜਪਾ ਨੂੰ ਸਿਆਸੀ ਝਟਕਾ ਦੇਣ ਲਈ ਕਿਸਾਨਾਂ ਨੇ ਉਤਰ ਪ੍ਰਦੇਸ਼ ਦਾ ਰੁਖ ਕੀਤਾ ਹੈ। ਉਤਰ ਪ੍ਰਦੇਸ਼ ਵਿਚ ਫਰਵਰੀ 2022 ਵਿਚ ਆਮ ਚੋਣਾਂ ਹੋਣੀਆਂ ਹਨ ਅਤੇ ਮੁਜ਼ੱਫਰਨਗਰ ਦੀ ਮਹਾਪੰਚਾਇਤ ਕਿਸਾਨਾਂ ਨੇ ਭਾਜਪਾ ਖ਼ਿਲਾਫ ਪ੍ਰਚਾਰ ਦੀ ਸ਼ੁਰੂਆਤ ਅਤੇ ਸ਼ਕਤੀ ਪ੍ਰਦਰਸ਼ਨ ਹੈ।
ਉਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿਚ ਕਿਸਾਨ ਮਹਾਂਪੰਚਾਇਤ ਵਿਚ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸਵਰਾਜ ਪਾਰਟੀ ਦੇ ਆਗੂ ਅਤੇ ਸਿਆਸੀ ਵਿਸ਼ਲੇਸ਼ਕ ਯੋਗਿੰਦਰ ਯਾਦਵ ਨੇ ਸੂਬੇ ਦੀ ਯੋਗੀ ਸਰਕਾਰ ਉਪਰ ਕਈ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਉਤਰ ਪ੍ਰਦੇਸ਼ ਵਿਚ ਸੱਤ ਹਜ਼ਾਰ ਦੋ ਸੌ ਪਚਾਨਵੇਂ ਕਰੋੜ ਰੁਪਏ ਪਿਛਲੇ ਸੀਜ਼ਨ ਦਾ ਕਿਸਾਨਾਂ ਦਾ ਬਕਾਇਆ ਪਿਆ ਹੈ, ਜੋ ਹੁਣ 12 ਹਜ਼ਾਰ ਕਰੋੜ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਕਿਹਾ ਸੀ ਕਿ ਅਸੀਂ ਤਾਂ ਕਿਸਾਨਾਂ ਨੂੰ ਬਕਾਏ ਉਤੇ ਵਿਆਜ ਵੀ ਦੇਵਾਂਗੇ। ਸੱਤ ਹਜ਼ਾਰ ਅੱਠ ਸੌ ਕਰੋੜ ਦਾ ਵਿਆਜ ਬਣ ਗਿਆ 20 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ। ਉਨ੍ਹਾਂ ਕਿਹਾ ਕਿ ਯੋਗੀ ਸਰਕਾਰ ਕਿਸਾਨਾਂ ਦਾ ਕਰਜ਼ ਮਾਫ਼ ਕਰਨ ਦੀ ਬਜਾਏ ਫ਼ਸਲ ਦੇ ਦਾਮ ਦੀ ਲੁੱਟ ਕਰ ਰਹੀ ਹੈ। ਇਸ ਤੋਂ ਬਾਅਦ ਉਨ੍ਹਾਂ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਖ਼ਿਲਾਫ਼ ਨਾਅਰੇ ਲਗਵਾਏ। ਫ਼ਸਲ ਦੀ ਖ਼ਰੀਦ ਸਬੰਧੀ ਯਾਦਵ ਨੇ ਕਿਹਾ ਕਿ ਉਤਰ ਪ੍ਰਦੇਸ਼ ਸਰਕਾਰ ਨੇ ਕਣਕ ਦੇ ਇੱਕ-ਇੱਕ ਦਾਣੇ ਦੀ ਖ਼ਰੀਦ ਕਰਨ ਦਾ ਵਾਅਦਾ ਸਰਕਾਰ ਨੇ ਕੀਤਾ ਸੀ। ਉਨ੍ਹਾਂ ਨੇ ਇਕੱਠ ਨੂੰ ਪੁੱਛਿਆ ਕਿ ਕੀ ਉਹ ਜਾਣਦੇ ਹਨ ਕਿ ਕਿੰਨੀ ਖ਼ਰੀਦ ਹੋਈ। ਕਣਕ ਦੀ 18 ਫੀਸਦੀ ਖ਼ਰੀਦ ਹੋਈ ਹੈ ਭਾਵੇਂ ਸਰਕਾਰ ਨੇ ਸੂਬੇ ਵਿਚ ਪੈਦਾ ਹੋਣ ਵਾਲੀ 6 ਬੋਰੀਆਂ ਕਣਕ ਵਿਚੋਂ ਇੱਕ ਬੋਰੀ ਖ਼ਰੀਦੀ ਹੈ। ਸਰ੍ਹੋਂ ਦੀ ਇੱਕ ਫੀਸਦੀ ਭਾਵ ਕਿ ਸੌ ਬੋਰੀਆਂ ਮਗਰ ਇੱਕ ਬੋਰੀ ਅਤੇ ਛੋਲੇ, ਮੂੰਗ, ਮਸੂਰ, ਸੋਇਆਬੀਨ, ਮੱਕਾ ਜ਼ੀਰੋ ਖ਼ਰੀਦ ਹੋਈ ਹੈ। “ਸਰਕਾਰ ਖ਼ਰੀਦ ਨਹੀਂ ਕਰਦੀ ਸਿਰਫ਼ ਜੁਮਲੇਬਾਜ਼ ਹੈ।” ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਅਸੀਂ ਫ਼ਸਲ ਬੀਮਾ ਲੈ ਕੇ ਆਵਾਂਗੇ। ਸਾਲ 2017 ਵਿਚ ਜਦੋਂ ਉਤਰ ਪ੍ਰਦੇਸ਼ ਵਿਚ ਯੋਗੀ ਸਰਕਾਰ ਆਈ ਤਾਂ 72 ਲੱਖ ਕਿਸਾਨਾਂ ਦੀ ਫਸਲ ਦਾ ਬੀਮਾ ਹੁੰਦਾ ਸੀ। ਜੋ ਕਿ ਘੱਟ ਕੇ ਸੰਤਾਲੀ ਰਹਿ ਗਿਆ ਹੈ। ਇਸੇ ਦੌਰਾਨ ਉਨ੍ਹਾਂ ਨੇ ਕਿਹਾ ਕਿ ਹਮ ਦੋ ਹਮਾਰੇ ਦੋ ਵਾਲੀਆਂ ਬੀਮਾ ਕੰਪਨੀਆਂ ਨੇ ਫ਼ਸਲ ਬੀਮੇ ਦੇ ਨਾਂਅ ਉਤੇ ਕਿਸਾਨਾਂ ਤੋਂ ਉਤਰ ਪ੍ਰਦੇਸ਼ ਵਿਚ ਢਾਈ ਹਜ਼ਾਰ ਕਰੋੜ ਰੁਪਏ ਦਾ ਮੁਨਾਫਾ ਕਮਾਇਆ। ਯੋਗਿੰਦਰ ਯਾਦਵ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਨੂੰ ਜਾਤੀ ਅਤੇ ਧਰਮ ਦੇ ਨਾਂਅ ਉਤੇ ਵੰਡਣ ਦੀ ਕੋਸ਼ਿਸ਼ ਕੀਤੀ। ਜੋ ਨੀਤੀ ਅੰਗਰੇਜ਼ਾਂ ਨੇ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾਈ ਉਹੀ ਨੀਤੀ ਇਹ ਲਾਗੂ ਕਰ ਰਹੇ ਹਨ।
ਪੰਜਾਬ ਤੋਂ ਕਿਸਾਨ ਆਗੂ ਰੂਲਦੂ ਸਿੰਘ ਮਾਨਸਾ ਨੇ ਮੰਚ ਤੋਂ ਸੰਬੋਧਨ ਕਰਦਿਆਂ ਕਿਹਾ ਕਿ 2022 ਮਿਸ਼ਨ ਅੱਜ ਸ਼ੁਰੂ ਹੋ ਗਿਆ ਅਤੇ ਲੱਗਦਾ ਹੈ ਕਿ ਇਹ ਮਿਸ਼ਨ 2024 ਤੱਕ ਚੱਲੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਭਾਰਤ ਵਿਚ ਭਾਜਪਾ ਦੀਆਂ ਜੜ੍ਹਾਂ ਪੁੱਟ ਦਿੱਤੀਆਂ ਜਾਣਗੀਆਂ। ਰੂਲਦੂ ਸਿੰਘ ਮਾਨਸਾ ਨੇ ਕਿਹਾ ਕਿ ਨਰਿੰਦਰ ਮੋਦੀ ਜਾਂ ਸਾਡੀਆਂ ਮੰਗਾਂ ਮੰਨ ਲਵੇ ਜਾਂ ਕੁਰਸੀ ਛੱਡ ਕੇ ਪਾਸੇ ਹੋ ਜਾਵੇ।
ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਇਹ ਇਕੱਠ ਨਹੀਂ ਲੋਹੇ ਦੀ ਲੱਠ ਹੈ ਅਤੇ ਲੋਹੇ ਦੀ ਲੱਠ ਝੁਕਦੀ ਨਹੀਂ ਹੈ। ਇਸ ਲਈ ਸਰਕਾਰ ਨੂੰ ਹੁਣ ਵੀ ਸਮਝ ਲੈਣਾ ਚਾਹੀਦਾ। ਮੱਧ ਪ੍ਰਦੇਸ਼ ਤੋਂ ਕਿਸਾਨ ਆਗੂ ਸ਼ਿਵ ਕੁਮਾਰ ਕੱਕਾ ਨੇ ਦਾਅਵਾ ਕੀਤਾ ਕਿ ਭਾਰਤੀ ਕਿਸਾਨ ਸੰਘ ਮੋਦੀ ਸਰਕਾਰ ਨਾਲ ਮਿਲ ਕੇ ਸਾਜਿਸ਼ ਕਰ ਰਿਹਾ ਹੈ। ਭਾਰਤੀ ਕਿਸਾਨ ਸੰਘ ਰਾਸ਼ਟਰੀ ਸਵੈਮ ਸੰਘ ਦਾ ਕਿਸਾਨ ਵਿੰਗ ਹੈ, ਜਿਸ ਨੇ 8 ਸਤੰਬਰ ਨੂੰ ਖੇਤੀ ਕਾਨੂੰਨਾਂ ਖਿਲਾਫ਼ ਅੰਦੋਲਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸੰਘ ਦੇ ਕਿਸਾਨ ਵਿੰਗ ਰਾਹੀਂ ਇਹ ਦੱਸਣਾ ਚਾਹੁੰਦੀ ਹੈ ਕਿ ਅਸੀਂ ਕਿਸਾਨਾਂ ਨਾਲ ਸਮਝੌਤਾ ਕਰ ਲਿਆ। ਬੱਸ ਦਿੱਲੀ ਦੇ ਬਾਰਡਰਾਂ ਉਤੇ ਬੈਠੇ ਕਿਸਾਨ ਅੰਦੋਲਨ ਜਾਰੀ ਰੱਖਣ ਦੀ ਅੜੀ ਵਿਚ ਹਨ।
ਪੱਛਮੀ ਬੰਗਾਲ ਤੋਂ ਕਿਸਾਨ ਆਗੂ ਹਨਨ ਮੌਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਦੇ ਕਾਰਜਕਾਲ ਦੇ 7 ਸਾਲ ਭਾਰਤ ਦੇ ਸਭ ਤੋਂ ਬੁਰੇ 7 ਸਾਲ ਹਨ। ਮੋਦੀ ਨੇ ਸਭ ਵਰਗਾਂ ਨਾਲ ਧੋਖਾਧੜੀ ਕੀਤੀ ਹੈ। ਉਨ੍ਹਾਂ ਕਿਹਾ ਕਿ 600 ਕਿਸਾਨਾਂ ਦੀ ਸ਼ਹਾਦਤ ਅਜਾਈ ਨਹੀਂ ਜਾਵੇਗੀ ਅਤੇ ਅਗਲਾ ਨਾਅਰਾ ਹੈ ਭਾਜਪਾ ਹਰਾਓ। ਅਗਲੇ ਮਹੀਨੇ ਤੋਂ ਹਰ ਪਿੰਡ, ਕਸਬੇ ਬਲਾਕ ਵਿਚ ਸੰਯੁਕਤ ਮੋਰਚਾ ਬਣੇਗਾ ਅਤੇ ਮੋਦੀ ਖ਼ਿਲਾਫ ਲੜਾਈ ਲੜੀ ਜਾਵੇਗੀ।
ਇਸ ਮੌਕੇ ਡਾਕਟਰ ਦਰਸ਼ਨਪਾਲ ਨੇ ਦੱਸਿਆ ਕਿ 25 ਤਾਰੀਕ ਨੂੰ ਹੋਣ ਵਾਲਾ ਭਾਰਤ ਬੰਦ ਦਾ ਪ੍ਰੋਗਰਾਮ ਅੱਗੇ ਪਾ ਕੇ 27 ਸਤੰਬਰ ਨੂੰ ਹੋਵੇਗਾ।
#punjab