ਅੰਮ੍ਰਿਤਸਰ , 6 ਸਤੰਬਰ
ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸਾਰੀਆਂ ਸਿਆਸੀ ਪਾਰਟੀਆਂ ਨੁੰ ਤਿੰਨ ਖੇਤੀ ਕਾਨੁੰਨ ਰੱਦ ਕਰਵਾਉਣ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ।
ਉਹਨਾਂ ਕਿਹਾ ਕਿ ਮੁਜੱਫਰਨਗਰ ਵਿਚ ਵਿਸ਼ਾਲ ਕਿਸਾਨ ਰੈਲੀ ਕਰਕੇ ਕਿਸਾਨਾਂ ਨੇ ਦਿੱਲੀ ਦੀ ਕੇਂਦਰੀ ਲੀਡਰਸ਼ਿਪ ਨੂੰ ਸਪਸ਼ਟ ਸੰਕੇਤ ਦੇ ਦਿੱਤਾ ਹੈ ਕਿ ਜੇਕਰ ਉਸਨੇ ਕਿਸਾਨਾਂ ਦੀ ਆਵਾਜ਼ ਨਹੀਂ ਸੁਣਨੀ ਤਾਂ ਫਿਰ ਉਹ ਲੋਕ ਲਹਿਰ ਦਾ ਸਾਹਮਣਾ ਕਰਨ ਲਈ ਤਿਆਰ ਰਹੇ।
ਉਹਨਾਂ ਨੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੁੰ ਅਪੀਲ ਕੀਤੀ ਕਿ ਉਹ ਇਕਜੁੱਟ ਹੋਣ ਨਾ ਕਿ ਸੌੜੇ ਸਿਆਸੀ ਹਿੱਤਾਂ ਕਾਰਨ ਕਿਸਾਨ ਲਹਿਰ ਦਾ ਝੰਡਾ ਵਰਤਣ। ਉਹਨਾਂ ਕਿਹਾ ਕਿ ਇਸ ਨਾਲ ਸੂਬੇ ਦਾ ਮਾਹੌਲ ਖਰਾਬ ਹੋ ਰਿਹਾ ਹੈ ਤੇ ਇਸ ਨਾਲ ਭਾਜਪਾ ਦੀ ਕੇਂਦਰ ਸਰਕਾਰ ਨੁੰ ਸੂਬੇ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦਾ ਮੌਕਾ ਮਿਲ ਰਿਹਾ ਹੈ। ਉਹਨਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਨੁੰ ਅਪੀਲ ਕੀਤੀ ਕਿ ਉਹ ਤਿੰਨ ਖੇਤੀ ਕਾਨੂੰਨ ਰੱਦ ਹੋਣੇ ਯਕੀਨੀ ਬਣਾਉਣ ਵਾਸਤੇ ਇਕਜੁੱਟ ਹੋ ਕੇ ਕੰਮ ਕਰਨ।
ਬਿਕਰਮ ਸਿੰਘ ਮਜੀਠੀਆ ਨੇ ਚਾਰ ਬਾਗੀ ਮੰਤਰੀਆਂ ਨੂੰ ਪੁੱਛਿਆ ਕਿ ਜਦੋਂ ਉਹਨਾਂ ਨੁੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ’ਤੇ ਭਰੋਸਾ ਹੀ ਨਹੀਂ ਹੈ ਤਾਂ ਫਿਰ ਉਹ ਬਟਾਲਾ ਨੁੰ ਜ਼ਿਲ੍ਹਾ ਬਣਾਉਣ ਲਈ ਮੁੱਖ ਮੰਤਰੀ ਨੂੰ ਚਿੱਠੀਆਂ ਕਿਉਂ ਲਿਖ ਰਹੇ ਹਨ।
ਮਜੀਠੀਆ ਇਥੇ ਤਰਸਿੱਕਾ ਬਲਾਕ ਸੰਮਤੀ ਦੀ ਚੇਅਰਪਰਸਨ ਪਰਮਜੀਤ ਕੌਰ ਤੇ ਅਨੇਕਾਂ ਹੋਰ ਕਾਂਗਰਸੀ ਆਗੂਆਂ ਨੁੰ ਅਕਾਲੀ ਦਲ ਵਿਚ ਸ਼ਾਮਲ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਪਰਮਜੀਤ ਕੌਰ ਪ੍ਰਦੇਸ਼ ਕਾਂਗਰਸ ਦੇ ਵਰਕਿੰਗ ਪ੍ਰਧਾਨ ਸੁਖਵਿੰਦਰ ਡੈਨੀ ਦੇ ਹਲਕੇ ਨਾਲ ਸਬੰਧਤ ਹਨ। ਇਸ ਮੌਕੇ ਸੀਨੀਅਰ ਭਾਜਪਾ ਆਗੂ ਵੀ ਅਕਾਲੀ ਦਲ ਵਿਚ ਸ਼ਾਮਲ ਹੋਏ।
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੱਤਾ ਦੀ ਲਾਲਸਾ ਤੇ ਲਾਲਚ ਕਾਰਨ ਚਾਰ ਮੰਤਰੀਆਂ ਸੁਖਜਿੰਦਰ ਰੰਧਾਵਾ, ਤ੍ਰਿਪਤ ਰਾਜਿੰਦਰ ਬਾਜਵਾ, ਸੁਖਬਿੰਦਰ ਸਰਕਾਰੀਆ ਅਤੇ ਚਰਨਜੀਤ ਚੰਨੀ ਲਈ ਕੋਈ ਹੱਦ ਨਹੀਂ ਹੈ। ਉਹਨਾਂ ਕਿਹਾ ਕਿ ਪਹਿਲਾਂ ਇਹਨਾਂ ਮੰਤਰੀਆਂ ਨੇ ਮੁੱਖ ਮੰਤਰੀ ਨੂੰ ਭੰਡਿਆ ਤੇ ਕਿਹਾ ਕਿ ਉਹਨਾਂ ਨੁੰ ਕੈਪਟਨ ਅਮਰਿੰਦਰ ਸਿੰਘ ’ਤੇ ਵਿਸ਼ਵਾਸ ਨਹੀਂ ਹੈ। ਉਹਨਾਂ ਕਿਹਾ ਕਿ ਹੁਣ ਇਹ ਮੰਤਰੀ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਬਟਾਲਾ ਨੁੰ ਜ਼ਿਲ੍ਹਾ ਬਣਾਉਣ ਦੀ ਮੰਗ ਕਰ ਰਹੇ ਹਨ। ਉਹਨਾਂ ਨੇ ਭਰੋਸਾ ਦੁਆਇਆ ਕਿ ਅਕਾਲੀ ਦਲ ਦੀ ਅਗਵਾਈ ਹੇਠ ਸਰਕਾਰ ਬਣਨ ਤੋਂ ਬਾਅਦ ਬਟਾਲਾ ਨੁੰ ਜ਼ਿਲ੍ਹਾ ਬਣਾਇਆ ਜਾਵੇਗਾ।
ਅਕਾਲੀ ਆਗੂ ਨੇ ਇਹ ਵੀ ਦੱਸਿਆ ਕਿ ਕਿਵੇਂ ਕਾਂਗਰਸ ਇਸ ਵੇਲੇ ਤਿੰਨ ਧੜਿਆਂ ਵਿਚ ਵੰਡੀ ਹੈ ਜਿਸ ਵਿਚ ਇਕ ਠੋਕੋ ਤਾਲੀ, ਕਾਂਗਰਸ ਅਮਰਿੰਦਰ ਤੇ ਕਾਂਗਰਸ ਇੰਦਰਾ ਸ਼ਾਮਲ ਹੈ। ਉਹਨਾਂ ਕਿਹਾ ਕਿ ਜਿਥੇ ਦੋ ਧੜੇ ਆਪਸ ਵਿਚ ਲੜ ਰਹੇ ਹਨ, ਉਥੇ ਹੀ ਕਾਂਗਰਸ ਇੰਦਰਾ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਕਿਸਦਾ ਸਾਥ ਦੇਵੇ। ਉਹਨਾਂ ਇਹ ਵੀ ਦੱਸਿਆ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਆਪਣੇ ਆਪ ਨੂੰ ਖੁਦ ਬੇਨਕਾਬ ਕਰ ਦਿੱਤਾ ਜਦੋਂ ਉਹਨਾਂ ਮੁੱਖ ਮੰਤਰੀ ਦੇ ਖਿਲਾਫ ਬੇਵਿਸਾਹੀ ਮਤਾ ਪੇਸ਼ ਨਹੀਂ ਕੀਤਾ। ਉਹਨਾਂ ਕਿਹਾ ਕਿ ਅਸੀਂਅਸੀਂ ਵਾਰ ਵਾਰ ਦਾਅਵਾ ਕੀਤਾ ਸੀ ਕਿ ਇਹ ਲੜਾਈ ਕੁਰਸੀ ਦੀ ਹੈ ਅਤੇ ਇਸਦਾ ਲੋਕਾਂ ਦੇ ਮਸਲਿਆਂ ਨਾਲ ਕੋਈ ਸੰਬੰਧ ਨਹੀਂ ਹੈ ਤੇ ਇਹ ਗੱਲ ਵਿਧਾਨ ਸਭਾ ਸੈਸ਼ਨ ਵਿਚ ਸਾਬਤ ਹੋ ਗਈ ਹੈ।
ਮੀਡੀਆ ਦੇ ਸਵਾਲ ਦਾ ਜਵਾਬ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਜਿਸ ਪਾਰਟੀ ਨੇ ਲਾਭ ਲੈਣਾ ਹੈ, ਉਸੇ ਨੇ ਹਾਲ ਹੀ ਵਿਚ ਪੰਜਾਬ ਬਾਰੇ ਸਰਵੇਖਣ ਕਰਵਾਇਆ ਹੈ। ਉਹਨਾਂ ਕਿਹਾ ਕਿ ਪਿਛਲੀਆਂ ਚੋਣਾਂ ਵਿਚ ਵੀ ਇਸੇ ਕੰਪਨੀ ਸੀ ਵੋਟਰ ਨੇ ਸਰਵੇਖਣ ਕੀਤਾ ਸੀ ਜਿਸ ਵਿਚ ਆਪ ਨੁੰ 97 ਤੋਂ 100 ਸੀਟਾ ਦਿੱਤੀਆਂ ਸਨ ਜਦਕਿ ਅਸਲ ਵਿਚ ਇਯਨੂੰ ਸਿਰਫ 20 ਸੀਟਾਂ ਮਿਲੀਆਂ। ਉਹਨਾਂ ਕਿਹਾ ਕਿ ਹੁਣ ਆਪ ਨੂੰ 50 ਤੋਂ 55 ਸੀਟਾਂ ਮਿਲਦੀਆਂ ਦਰਸਾਈਆਂ ਗਈਆਂ ਹਨ ਜਿਸ ਤੋਂ ਸਾਬਤ ਹੁੰਦਾ ਹੈ ਕਿ ਬੀਤੀ ਵਾਰ ਵਾਂਗੂ ਇਸਨੁੰ ਸਿਰਫ ਨਾਂ ਮਾਤਰ ਸੀਟਾਂ ਮਿਲਣੀਆਂ। ਉਹਨਾਂ ਕਿਹਾ ਕਿ ਪਹਿਲਾਂ ਛਤੀਸਗੜ੍ਹ, ਤਿਲੰਗਾਨਾ ਤੇ ਉੱਤਰਾਖੰਡ ਬਾਰੇ ਸੀ ਵੋਟਰ ਸਰਵੇਖਣ ਝੁਠੇ ਸਾਬਤ ਹੋਏ ਸਨ।
ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਜਿਸ ਤਰੀਕੇ ਜਲਿ੍ਹਆਂਵਾਲਾ ਬਾਗ ਮੈਮੋਰੀਅਲ ਦਾ ਅਸਲ ਸਰੂਪ ਸੰਭਾਲਣ ਦੀ ਥਾਂ ਉਸਦਾ ਸੁੰਦਰੀਕਰਨ ਕੀਤਾ ਗਿਆ, ਇਹ ਸ਼ਹੀਦਾਂ ਦੀ ਯਾਦ ਦਾ ਅਪਮਾਨ ਹੈ। ਉਹਨਾਂ ਕਿਹਾ ਕਿ ਯੋਜਨਾ ਬਣਾਉਣ ਵਾਲਿਆਂ ਨੁੰ ਹੋਰ ਮੁਲਕਾਂ ਤੋਂ ਸਿੱਖਣਾ ਚਾਹੀਦਾ ਸੀ ਜਿਹਨਾਂ ਨੇ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਦੀ ਯਾਦਾਂ ਦੀ ਸੰਭਾਲ ਕੀਤੀ ਹੈ।
ਅੱਜ ਜੋ ਕਾਂਗਰਸੀ ਅਕਾਲੀ ਦਲ ਵਿਚ ਸ਼ਾਮਲ ਹੋਏ ਉਹਨਾਂ ਵਿਚ ਮਨਦੀਪ ਸਿੰਘ, ਪਰਮਜੀਤ ਸਿੰਘ, ਰਣਜੀਤ ਸਿੰਘ, ਬਲਦੇਵ ਸਿੰਘ, ਬਲਵਿੰਦਰ ਸਿੰਘ, ਮਨਜੀਤ ਸਿੰਘ, ਰਣਜੀਤ ਸਿੰਘ, ਬਲਜੀਤ ਸਿੰਘ, ਰਾਜਿੰਦਰ ਸਿੰਘ ਤੇ ਗੁਰਮੁੱਖ ਸਿੰਘ ਸਾਰੇ ਨਾਂਗਲੀ ਜੰਡਿਆਲਾ ਤੋਂ ਅਤੇ ਤਰਸਿੱਕਾ ਤੋਂ ਆਪ ਆਗੂ ਸਰਨੈਲ ਸਿੰਘ ਤੇ ਭਾਜਪਾ ਆਗੂ ਬੇਬੀ ਭਾਗਰ ਮੀਤ ਪ੍ਰਧਾਨ ਐਸ ਸੀ ਮੋਰਚਾ ਗੁਰਦਾਸਪੁਰ ਅਤੇ ਭਗਵਾਨ ਦਾਸ ਐਗਜ਼ੀਕਿਊਟਿਵ ਮੈਂਬਰ ਦੀਨਾਨਗਰ ਸ਼ਾਮਲ ਹਨ।