ਚੰਡੀਗੜ੍ਹ/ਐਸ.ਏ.ਐਸ. ਨਗਰ, 6 ਸਤੰਬਰ:
ਇਲੈਕਟ੍ਰੀਕਲ ਅਤੇ ਇਲੈਕਟ੍ਰੌਨਿਕਸ ਇੰਜੀਨੀਅਰਿੰਗ ਵਿਭਾਗ ਅਤੇ ਨੈਸ਼ਨਲ ਇੰਸਟੀਚਿਟ ਆਫ਼ ਟੈਕਨੀਕਲ ਟੀਚਰਜ਼ ਟ੍ਰੇਨਿੰਗ ਐਂਡ ਰਿਸਰਚ (ਐਨਆਈਟੀਟੀਟੀਆਰ) ਚੰਡੀਗੜ ਵੱਲੋਂ ਸਾਂਝੇ ਤੌਰ `ਤੇ ਉੱਭਰ ਰਹੀਆਂ ਤਕਨਾਲੋਜੀਆਂ : ਆਰਟੀਫਿਸ਼ੀਅਲ ਇੰਟੈਲੀਜੈਂਸ (ਆਈਏ), ਇੰਟਰਨੈਟ ਆਫ਼ ਥਿੰਗਜ਼ (ਆਈਓਟੀ) ਅਤੇ ਸਾਇੰਸ ਅਤੇ ਤਕਨਾਲੋਜੀ ਐਪਲੀਕੇਸ਼ਨਾਂ ਲਈ ਸਾਇਬਰ ਫਿਜ਼ੀਕਲ ਸਿਸਟਮਜ਼ (ਸੀਪੀਐਸ) ਵਿਸ਼ੇ `ਤੇ ਆਨਲਾਈਨ ਕੌਮਾਂਤਰੀ ਕਾਨਫਰੰਸ ਕਰਵਾਈ ਗਈ।
ਕਾਨਫਰੰਸ ਦਾ ਮੁੱਖ ਉਦੇਸ਼ ਵਿਦਵਾਨਾਂ, ਵਿਗਿਆਨੀਆਂ, ਪੇਸ਼ੇਵਰਾਂ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ, ਯੂਨੀਵਰਸਿਟੀਆਂ, ਲੈਬਾਟਰੀਆਂ ਅਤੇ ਉਦਯੋਗਾਂ ਦੇ ਖੋਜੀ ਵਿਦਵਾਨਾਂ ਨੂੰ ਵਿਚਾਰਾਂ, ਤਜ਼ਰਬਿਆਂ, ਨਵੀਨਤਾਕਾਰੀ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨ ਲਈ ਇੱਕ ਮੰਚ `ਤੇ ਲਿਆਉਣਾ ਸੀ।
ਦੋ ਦਿਨਾ (6-7 ਸਤੰਬਰ 2021) ਕਾਨਫਰੰਸ ਦਾ ਉਦਘਾਟਨ ਪ੍ਰੋ ਰਾਜੀਵ ਆਹੂਜਾ, ਡਾਇਰੈਕਟਰ, ਆਈਆਈਟੀ ਰੋਪੜ ਨੇ ਕੀਤਾ। ਉਨ੍ਹਾਂ ਨੇ ਉੱਭਰ ਰਹੀਆਂ ਤਕਨਾਲੋਜੀਆਂ ਦੀ ਸੂਬੇ ਵਿੱਚ ਵਰਤੋਂ `ਤੇ ਜ਼ੋਰ ਦਿੰਦਿਆਂ ਕਿਹਾ, “ਏਆਈ, ਆਈਓਟੀ ਅਤੇ ਸਾਈਬਰ ਭੌਤਿਕ ਪ੍ਰਣਾਲੀਆਂ ਸਾਡੀਆਂ ਰੋਜ਼ਮਰ੍ਹਾ ਦੀਆਂ ਗਤੀਵਿਧੀਆਂ ਵਿੱਚ ਮਹੱਤਵਪੂਰਣ ਭੂਮਿਕਾ ਨਿਭਾ ਰਹੀਆਂ ਹਨ। ਪੰਜਾਬ ਨੂੰ ਖੇਤੀਬਾੜੀ ਪ੍ਰਧਾਨ ਸੂਬਾ ਹੋਣ ਕਰਕੇ ਸੂਬੇ ਵਿੱਚ ਖੇਤੀਬਾੜੀ ਅਤੇ ਖੇਤੀਬਾੜੀ ਅਧਾਰਤ ਉਦਯੋਗ ਨੂੰ ਪ੍ਰਫੁੱਲਤ ਕਰਨ ਲਈ ਇਨ੍ਹਾਂ ਤਕਨੀਕਾਂ ਨੂੰ ਲਾਗੂ ਕਰਨਾ ਚਾਹੀਦਾ ਹੈ।”
ਗੈਸਟ ਆਫ਼ ਆਨਰ ਡਾ. ਬਿਪਲਬ ਸਿਕਦਾਰ, ਵਾਈਸ-ਡੀਨ ਅਤੇ ਏਰੀਆ ਡਾਇਰੈਕਟਰ (ਸੰਚਾਰ ਅਤੇ ਨੈਟਵਰਕਜ਼) ਨੈਸ਼ਨਲ ਯੂਨੀਵਰਸਿਟੀ ਆਫ਼ ਸਿੰਗਾਪੁਰ ਨੇ ਉਦਘਾਟਨੀ ਭਾਸ਼ਣ ਦਿੱਤਾ ਅਤੇ ਵੱਖ ਵੱਖ ਮੌਜੂਦਾ ਅਤੇ ਸੰਭਾਵਿਤ ਐਪਲੀਕੇਸ਼ਨਾਂ ਵਿੱਚ ਏ.ਆਈ. ਅਤੇ ਮਸ਼ੀਨ ਲਰਨਿੰਗ ਦੀ ਮਹੱਤਤਾ `ਤੇ ਜ਼ੋਰ ਦਿੱਤਾ।ਉਨ੍ਹਾਂ ਨੇ ਮਸ਼ੀਨ ਲਰਨਿੰਗ ਪ੍ਰਣਾਲੀਆਂ ਵਿੱਚ ਸੁਰੱਖਿਆ ਬਾਰੇ ਵਿਸ਼ੇਸ਼ ਤੌਰ `ਤੇ ਵਿਚਾਰਚਰਚਾ ਕੀਤੀ।
ਡਾਇਰੈਕਟਰ ਐਨ.ਆਈ.ਟੀ.ਟੀ.ਆਰ. ਚੰਡੀਗੜ੍ਹ ਪ੍ਰੋ. ਐਸ.ਐਸ. ਪਟਨਾਇਕ ਨੇ ਕਿਹਾ ਕਿ ਕਾਨਫਰੰਸ ਦਾ ਉਦੇਸ਼ ਅੰਤਰਰਾਸ਼ਟਰੀ ਖੋਜ ਬਾਰੇ ਗੱਲਬਾਤ ਅਤੇ ਸਬੰਧਤ ਖੇਤਰਾਂ ਵਿੱਚ ਸਹਿਯੋਗ ਨੂੰ ਉਤਸ਼ਾਹਤ ਕਰਨ ਅਤੇ ਵਧਾਉਣ ਲਈ ਇੱਕ ਅੰਤਰਰਾਸ਼ਟਰੀ ਮੰਚ ਮੁਹੱਈਆ ਕਰਵਾਉਣਾ ਹੈ।
ਕਾਨਫਰੰਸ ਦੇ ਆਯੋਜਕਾਂ ਪ੍ਰੋ. ਐਸ.ਐਸ. ਗਿੱਲ, ਪ੍ਰੋ. ਪਿਊਸ਼ ਵਰਮਾ ਅਤੇ ਡਾ. ਬਲਵਿੰਦਰ ਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਸ਼ ਦੇ ਅੰਦਰ ਅਤੇ ਬਾਹਰ 115 ਰਿਸਰਚ ਪੇਪਰ ਪ੍ਰਾਪਤ ਹੋਏ ਹਨ ਅਤੇ ਇਨ੍ਹਾਂ ਦੀ ਸਮੀਖਿਆ ਤੋਂ ਬਾਅਦ 85 ਪੇਪਰਾਂ ਨੂੰ ਜ਼ੁਬਾਨੀ ਪੇਸ਼ਕਾਰੀ ਲਈ ਚੁਣਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਪੇਸ਼ ਕੀਤੇ ਗਏ ਪੇਪਰ ਸਕੋਪੱਸ ਇੰਡੈਕਸਡ ਕਾਨਫਰੰਸ ਦੀ ਕਾਰਵਾਈ ਵਿੱਚ ਪ੍ਰਕਾਸ਼ਤ ਕੀਤੇ ਜਾਣਗੇ ਅਤੇ ਕੁਝ ਚੰਗੇ ਪੇਪਰਾਂ ਨੂੰ ਟੇਲਰ ਐਂਡ ਫ੍ਰਾਂਸਿਸ ਅਤੇ ਸਕੋਪੱਸ ਇੰਡੈਕਸਡ ਜਰਨਲਸ ਦੀ ਪ੍ਰਸਿੱਧ ਬੁੱਕ ਸਿਰੀਜ਼ ਵਿੱਚ ਪ੍ਰਕਾਸ਼ਤ ਕਰਨ ਲਈ ਵਿਚਾਰ ਕੀਤਾ ਜਾਵੇਗਾ।
ਪ੍ਰੋਫੈਸਰ ਪਿਊਸ਼ ਵਰਮਾ ਨੇ ਦੱਸਿਆ ਕਿ ਅੰਤਰਰਾਸ਼ਟਰੀ ਨਾਮਵਰ ਸੰਸਥਾਵਾਂ ਦੇ ਪੰਜ ਉੱਘੇ ਬੁਲਾਰੇ ਆਪਣੇ ਵਡਮੁੱਲੇ ਵਿਚਾਰ ਪੇਸ਼ ਕਰਨਗੇ ਅਤੇ ਹਰੇਕ ਸੈਸ਼ਨ `ਚੋਂ ਇੱਕ ਸਰਬੋਤਮ ਪੇਪਰ ਨੂੰ ਸਨਮਾਨਿਆ ਜਾਵੇਗਾ।
ਪ੍ਰੋਫੈਸਰ ਐਸ.ਐਸ. ਗਿੱਲ ਨੇ ਈਸੀਈ ਵਿਭਾਗ ਦੀਆਂ ਸਮਰੱਥਾਵਾਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਰਾਸ਼ਟਰ ਨਿਰਮਾਣ ਲਈ ਸਾਂਝੇ ਪ੍ਰੋਜੈਕਟਾਂ ਅਤੇ ਸਹਿਯੋਗੀ ਅੰਤਰ -ਅਨੁਸ਼ਾਸਨੀ ਖੋਜਾਂ `ਤੇ ਜ਼ੋਰ ਦਿੱਤਾ।
ਪ੍ਰੋਫੈਸਰ ਲਿਨੀ ਮੈਥਿਊ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਵਿੱਚ ਆਰ ਐਂਡ ਡੀ ਸਹੂਲਤਾਂ ਦਾ ਜ਼ਿਕਰ ਕੀਤਾ ਜਦੋਂ ਕਿ ਡਾ. ਬਲਵਿੰਦਰ ਰਾਜ ਨੇ ਕਾਨਫਰੰਸ ਵਿੱਚ ਹਿੱਸਾ ਲੈਣ ਵਾਲਿਆਂ ਦਾ ਧੰਨਵਾਦ ਕੀਤਾ।