ਸੁਫ਼ਨਾ ਫਿਲਮ ਦੇ ਗੀਤ “ਕਬੂਲ ਹੈ’ ‘ਚ ਰਸੂਲ ਸ਼ਬਦ ਦੀ ਵਰਤੋਂ ਕਰਨ ਤੋਂ ਬਾਅਦ ਅਦਾਕਾਰ ਤੇ ਗਾਇਕ ਐਮੀ ਵਿਰਕ ਅਤੇ ਲੇਖਕ ਜਾਨੀ ਵਿਵਾਦਾਂ ‘ਚ ਘਿਰ ਗਏ ਸਨ।ਜਦੋਂ ਸੱਭ ਤੋਂ ਪਹਿਲਾਂ ਜਸਨੂਰ ਨਾਮੀ ਕੁੜੀ ਵੱਲੋਂ ਧਿਆਨ ਦਿਵਾਉਣ ਤੋਂ ਬਾਅਦ ਨਾਇਬ ਸਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਵੱਲੋਂ ਇਸ ਮਾਮਲੇ ਨੂੰ ਲੈਕੇ ਜਾਮਾ ਮਸਜਿਦ ਲੁਧਿਆਣਾ ਤੋਂ ਐਲਾਨ ਕੀਤਾ ਗਿਆ ਸੀ ਕਿ ਐਮੀ ਵਿਰਕ ਅਤੇ ਜਾਨੀ ਆਪਣੀ ਗਲਤੀ ਸੁਧਾਰਨ, ਇਸ ਦੌਰਾਨ ਇਸ ਮਾਮਲੇ ਨੂੰ ਲੈਕੇ ਮਾਲੇਰਕੋਟਲਾ, ਪਟਿਆਲਾ ਅਤੇ ਜਲੰਧਰ ’ਚ ਵੀ ਮੁਸਲਮਾਨ ਭਾਈਚਾਰੇ ਵੱਲੋਂ ਰੋਸ਼ ਪ੍ਰਦਰਸ਼ਨ ਕੀਤੇ ਗਏ।

ਇਸੀ ਦੌਰਾਨ ਇਹ ਮਾਮਲਾ ਅੱਜ ਉਸ ਵਕਤ ਖ਼ਤਮ ਹੋ ਗਿਆ ਜੱਦ ਫਿਲਮ ਦੇ ਅਦਾਕਾਰ ਐਮੀ ਵਿਰਕ, ਲੇਖਕ ਜਾਨੀ ਅਤੇ ਪਿੰਕੀ ਧਾਲੀਵਾਲ ਲੁਧਿਆਣਾ ਪਹੁੰਚੇ ਅਤੇ ਉਨਾਂ ਨੇ ਨਾਇਬ ਸ਼ਾਹੀ ਇਮਾਮ ਸਾਹਿਬ ਨਾਲ ਮੁਲਕਾਤ ਕਰ ਇਹ ਸੱਪਸ਼ਟ ਕੀਤਾ ਕਿ ਸੁਫ਼ਨਾ ਫਿਲਮ ਦੇ ਗੀਤ ਕਬੂਲ ਹੈ ਦੇ ’ਚ ਰਸੂਲ ਸ਼ਬਦ ਦਾ ਇਸਤੇਮਾਲ ਅਣਜਾਣੇ ’ਚ ਹੋ ਗਿਆ ਸਾਡੀ ਕੋਈ ਗਲਤ ਮਨਸ਼ਾ ਅਤੇ ਨੀਅਤ ਨਹੀਂ ਸੀ, ਜਾਨੀ ਨੇ ਕਿਹਾ ਕਿ ਅਸੀਂ ਅੱਲਾਹ ਤਾਆਲਾ ਅਤੇ ਰਸੂਲ-ਏ-ਖੁਦਾ ਹਜਰਤ ਮੁਹੰਮਦ ਸਾਹਿਬ ਸਲੱਲਲਾਹੂ ਅਲੈਹੀ ਵਸਲਮ ਦਾ ਦਿਲ ਤੋਂ ਸਤਿਕਾਰ ਕਰਦੇ ਹਾਂ ਅਤੇ ਸਰਵ ਧਰਮ ਸਾਡੇ ਲਈ ਸਤਿਕਾਰ ਯੋਗ ਹਨ।

ਇਸ ਮੌਕੇ ਤੇ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਫਿਲਮ ਦੀ ਟੀਮ ਦਾ ਆਪਣੀ ਗਲਤੀ ਮੰਨ ਲੈਣਾ ਸਹੀ ਕਦਮ ਹੈ, ਮੁਆਫ਼ ਕਰਨ ਵਾਲੀ ਜਾਤ ਰੱਬ ਦੀ ਹੈ, ਬੇਸ਼ਕ ਅੱਲਾਹ ਤਾਆਲਾ ਅਤੇ ਪਿਆਰੇ ਰਸੂਲ ਹਜਰਤ ਮੁਹੰਮਦ ਸਾਹਿਬ ਮੁਆਫ਼ੀ ਨੂੰ ਪਸੰਦ ਕਰਦੇ ਹਨ, ਉਨਾਂ ਕਿਹਾ ਕਿ ਇਸਦੇ ਨਾਲ-ਨਾਲ ਸ਼ਰੀਰਕ ਅਤੇ ਸਮਾਜਿਕ ਤੌਰ ਤੇ ਇਨਾਂ ਦੋਹਾਂ ਨੇ ਆਪਣੀ ਗਲਤੀ ਮੰਨਦੇ ਹੋਇਆ ਭਵਿੱਖ ’ਚ ਇਨਾਂ ਗੱਲਾਂ ਦਾ ਖਾਸ ਧਿਆਨ ਰੱਖਣ ਦਾ ਵਾਅਦਾ ਕੀਤਾ ਹੈ, ਇਸ ਲਈ ਹੁਣ ਇਸ ਮਾਮਲੇ ਨੂੰ ਖ਼ਤਮ ਸਮਝਿਆ ਜਾਵੇ।

ਨਾਇਬ ਸ਼ਾਹੀ ਇਮਾਮ ਨੇ ਕਿਹਾ ਕਿ ਭਾਰਤ ਦੁਨੀਆ ਦਾ ਸੱਭ ਤੋਂ ਵੱਡਾ ਲੋਕਤਾਂਤਰਿਕ ਦੇਸ਼ ਹੈ ਅਨੇਕਤਾ ’ਚ ਏਕਤਾ ਸਾਡੀ ਸ਼ਾਨ ਹੈ, ਨਾਇਬ ਸ਼ਾਹੀ ਇਮਾਮ ਨੇ ਕਿਹਾ ਕਿ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਹਮੇਸ਼ਾ ਹੀ ਇਕ ਦੂਸਰੇ ਦੇ ਧਰਮ ਅਤੇ ਆਤਮ ਸਨਮਾਨ ਦਾ ਖਿਆਲ ਰੱਖੀਏ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਦੀਆਂ ਤੋਂ ਇਹ ਮਾਣ ਪ੍ਰਾਪਤ ਹੈ ਕਿ ਇਸ ਧਰਤੀ ਤੇ ਦੁਨੀਆ ਭਰ ’ਚ ਚਾਨਣ ਕਰਨ ਵਾਲੇ ਮਹਾਨ ਗੁਰੂ ਸਾਹਿਬਾਨ, ਪੀਰ ਪੈਗੰਬਰ ਅਤੇ ਰਿਸ਼ੀ ਮੁਨੀ ਹੋਏ ਹਨ, ਸਾਨੂੰ ਹਮੇਸ਼ਾ ਹੀ ਇਸ ਗੱਲ ਨੂੰ ਯਾਦ ਰੱਖਣਾ ਚਾਹੀਦਾ ਹੈ।

Spread the love