ਨਵੀਂ ਦਿੱਲੀ , 8 ਸਤੰਬਰ
ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਕਿਸਾਨੀ ਫ਼ਸਲਾਂ ਦੀ ਸਰਕਾਰੀ ਖ਼ਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ ਲਈ ਦਿੱਲੀ ਦੇ ਟਿਕਰੀ ਬਾਰਡਰ ‘ਤੇ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਵਿਖੇ ਚੱਲ ਰਹੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਸਟੇਜ ਦੀ ਕਾਰਵਾਈ ਨੌਜਵਾਨਾ ਵੱਲੋਂ ਚਲਾਈ ਗਈ।
ਸਟੇਜ ਤੋਂ ਸੰਬੋਧਨ ਕਰਦਿਆਂ ਰਾਜਵਿੰਦਰ ਸਿੰਘ ਰਾਜੂ ਬਠਿੰਡਾ ਅਤੇ ਯੁਵਰਾਜ ਸਿੰਘ ਘੁਡਾਣੀ ਕਲਾਂ ਨੇ ਕਿਹਾ ਕਿ ਤੁਹਾਡੇ ਸੰਘਰਸ਼ ਨੇ ਸਾਰੀਆਂ ਹੀ ਵੋਟ ਪਾਰਟੀਆਂ ਨੂੰ ਸੋਚੀਂ ਪਾ ਰੱਖਿਆ ਹੈ ਕਿਉਂਕਿ ਇਹ ਸੰਘਰਸ਼ ਤੋਂ ਪਹਿਲਾਂ ਸਾਰੀਆਂ ਹੀ ਵੋਟ ਪਾਰਟੀਆਂ ਚੋਣਾਂ ਦੇ ਦੌਰਾਨ ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਅਤੇ ਛੋਟੇ ਮੋਟੇ ਲਾਲਚ ਦੇ ਕੇ ਉਨ੍ਹਾਂ ਦੀਆਂ ਵੋਟਾਂ ਹਾਸਲ ਕਰਕੇ ਰਾਜ ਸੱਤਾ ‘ਤੇ ਸੌਖਿਆਂ ਹੀ ਪਹੁੰਚ ਜਾਂਦੀਆਂ ਸਨ ਪਰ ਅੱਜ ਹਾਲਾਤ ਪਹਿਲਾਂ ਨਾਲੋਂ ਵੱਖਰੇ ਬਣੇ ਹੋਏ ਹਨ ਕਿਉਂਕਿ ਲਗਾਤਾਰ ਜ਼ਮੀਨਾਂ ਬਚਾਉਣ ਦੀ ਲੜਾਈ ਲੜਨ ਲਈ ਸੰਘਰਸ਼ ਲੰਮਾ ਹੋਣ ਕਰਕੇ ਲੋਕਾਂ ਨੂੰ ਅਸਲ ਗੱਲ ਦੀ ਸਮਝ ਆਈ ਹੈ ਅਤੇ ਪਤਾ ਲੱਗ ਚੁੱਕਾ ਹੈ ਕਿ ਸਾਰੀਆਂ ਹੀ ਵੋਟ ਪਾਰਟੀਆਂ ਕਾਰਪੋਰੇਟ ਘਰਾਣਿਆਂ ਕੋਲੋਂ ਵੱਡੇ ਵੱਡੇ ਫ਼ੰਡ ਲੈ ਕੇ ਉਨ੍ਹਾਂ ਦੇ ਹੀ ਪੱਖ ਦੀਆਂ ਨੀਤੀਆਂ ਬਣਾਉਂਦੀਆਂ ਹਨ।
ਲੰਮੇ ਸੰਘਰਸ਼ ਰਾਹੀਂ ਲੋਕਾਂ ਨੂੰ ਲੋਕ ਵਿਰੋਧੀ ਨੀਤੀਆਂ ਦੀ ਸਮਝ ਪੈ ਚੁੱਕੀ ਹੈ ਇਸ ਕਰਕੇ ਚੋਣਾਂ ਦੇ ਦਿਨਾਂ ਦੇ ਦੌਰਾਨ ਭਾਰਤ ਦੇ ਕਿਰਤੀ ਲੋਕ ਪਿੰਡਾਂ ‘ਚ ਜਦੋਂ ਵੋਟ ਪਾਰਟੀਆਂ ਦੇ ਨੁਮਾਇੰਦੇ ਆਉਂਦੇ ਹਨ ਤਾਂ ਉਨ੍ਹਾਂ ਨੂੰ ਘੇਰ ਘੇਰ ਕੇ ਸਵਾਲ ਕਰਦੇ ਹਨ ਕਿ 74 ਸਾਲਾਂ ਤੋਂ ਸਾਡੀ ਹੋ ਰਹੀ ਲੁੱਟ ਦੇ ਜ਼ਿੰਮੇਵਾਰ ਤੁਸੀਂ ਵੋਟਾਂ ਵਾਲੇ ਹੋ।
ਲੀਲਾ ਸਿੰਘ ਜੇਠੂਕੇ ਅਤੇ ਵਰਿੰਦਰ ਮਾਣਕੀ ਸੰਗਰੂਰ ਨੇ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਕਿ ਦੇਸ਼ ‘ਤੇ ਰਾਜ ਕਰਨ ਵਾਲੀਆਂ ਸਾਰੀਆਂ ਹੀ ਵੋਟ ਪਾਰਟੀਆਂ ਦੀਆਂ ਹਕੂਮਤਾਂ, ਜੋ ਵਿਕਾਸ ਦੇ ਨਾਂ ‘ਤੇ ਕਾਰਪੋਰੇਟਾਂ ਨੂੰ ਮੁਨਾਫ਼ੇ ਕਮਾਉਣ ਲਈ ਖੁੱਲ੍ਹੀਆਂ ਛੋਟਾਂ ਦਿੱਦੀਆਂ ਰਹੀਆਂ ਹਨ,ਇਨ੍ਹਾਂ ਛੋਟਾਂ ਕਰਕੇ ਹੀ ਸਾਡੇ ਕਿਰਤੀ ਲੋਕਾਂ ਦੀ ਦਹਾਕਿਆਂ ਤੋਂ ਲੁੱਟ ਹੁੰਦੀ ਆ ਰਹੀ ਹੈ। ਇਸ ਲਈ ਸਾਂ ਨੂੰ ਇਹ ਸਾਰੀਆਂ ਗੱਲਾਂ ਸਮਝ ਕੇ ਪਿੰਡਾਂ ‘ਚ ਜਾ ਕੇ ਲੋਕ ਦੋਖੀ ਨੀਤੀਆਂ ਦੇ ਖ਼ਿਲਾਫ਼ ਪਿੰਡਾਂ ਦੀਆਂ ਸੱਥਾਂ ‘ਚ ਜਾ ਕੇ ਪ੍ਰਚਾਰ ਕਰਨਾ ਚਾਹੀਦਾ ਹੈ।
ਬਲਵਿੰਦਰ ਸਿੰਘ ਘਨੌਰ ਜੱਟਾਂ ਅਤੇ ਪਰਮਿੰਦਰ ਸਿੰਘ ਘਰਾਚੋਂ ਨੇ ਕਿਹਾ ਕਿ 28 ਅਗਸਤ ਨੂੰ ਹਰਿਆਣੇ ਦੇ ਕਰਨਾਲ ਸ਼ਹਿਰ ‘ਚ ਹੋਏ ਲਾਠੀਚਾਰਜ ਦੌਰਾਨ ਹੋਈ ਇੱਕ ਕਿਸਾਨ ਦੀ ਮੌਤ ਨੂੰ ਲੈ ਕੇ ਕਰਨਾਲ ਦੇ ਪ੍ਰਸ਼ਾਸਨ ਵੱਲੋਂ ਲਾਈਆਂ ਹੋਈਆਂ ਰੋਕਾਂ ਨੂੰ ਤੋੜ ਕੇ ਸੈਕਟਰੀਏਟ ਘੇਰਿਆ ਹੋਇਆ ਹੈ। ਕਿਸਾਨ ਜਥੇਬੰਦੀਆਂ ਵੱਲੋਂ ਸ਼ਹੀਦ ਕਿਸਾਨ ਦੇ ਪਰਿਵਾਰ ਨੂੰ ਪੱਚੀ ਲੱਖ ਦਾ ਮੁਆਵਜ਼ਾ, ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ , ਕਿਸਾਨਾਂ ਦੇ ਸਿਰ ਪਾੜਨ ਦਾ ਹੁਕਮ ਦੇਣ ਵਾਲੇ ਐੱਸਡੀਐੱਮ ਨੂੰ ਨੌਕਰੀ ਤੋਂ ਬਰਖ਼ਾਸਤ,ਕਤਲ ਦਾ ਕੇਸ ਦਰਜ ਕਰਨ,ਕਿਸਾਨਾਂ ‘ਤੇ ਝੂਠੇ ਪੁਲਿਸ ਪਰਚੇ ਰੱਦ ਕਰਨ ਅਤੇ ਕਿਸਾਨਾਂ ‘ਤੇ ਧਾੜਵੀਆਂ ਵਾਂਗ ਅੰਨੇਵਾਹ ਲਾਠੀਚਾਰਜ ਕਰਨ ਵਾਲੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਹਰਿਆਣੇ ਦੇ ਕਿਸਾਨਾਂ ਦੀ ਹਰ ਪੱਖੋਂ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ। ਸਟੇਜ ਸੰਚਾਲਨ ਦੀ ਭੂਮਿਕਾ ਬਲਵਿੰਦਰ ਸਿੰਘ ਧਨੌਲਾ ਨੇ ਬਾਖ਼ੂਬੀ ਨਿਭਾਈ ਅਤੇ ਇਨਕਲਾਬੀ ਮਜ਼ਦੂਰ ਕੇਂਦਰ ਉੱਤਰਾਖੰਡ ਤੋਂ ਕੈਲਾਸ਼ ਨੇ ਵੀ ਸਟੇਜ ਤੋਂ ਸੰਬੋਧਨ ਕੀਤਾ।