ਜਲੰਧਰ/ਕਪੂਰਥਲਾ: ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ.ਪੀ.ਟੀ.ਯੂ.) ਵੱਲੋਂ ਚਮਕੌਰ ਸਾਹਿਬ ਵਿਖੇ ਨਿਰਮਾਣ ਕੀਤੇ ਜਾ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚਿਊਟ ਦੇ ਭਵਨ ਨਿਰਮਾਣ ਨੂੰ ਡਾਇਰੈਕਟੋਰੇਟ ਸਥਾਨਕ ਸਰਕਾਰ ਵਿਭਾਗ ਨੇ ਹਰੀ ਝੰਡੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਯੂਨੀਵਰਸਿਟੀ ਨੂੰ ਇਸ ਨਿਰਮਾਣ ਵਿੱਚ 10 ਕਰੋੜ ਤੋਂ ਜ਼ਿਆਦਾ ਦੀ ਫੀਸ ਅਦਾਇਗੀ ਤੋਂ ਵੀ ਰਾਹਤ ਮਿਲੀ ਹੈ। ਡਾਇਰੈਕਟੋਰੇਟ ਸਥਾਨਕ ਸਰਕਾਰ ਵਿਭਾਗ ਵੱਲੋਂ ਇਸ ਸਬੰਧ ਵਿਚ ਪੱਤਰ ਜਾਰੀ ਹੋਣ ਮਗਰੋਂ ਸ੍ਰੀ ਚਮਕੌਰ ਸਾਹਿਬ ਨਗਰ ਪੰਚਾਇਤ ਵੱਲੋਂ ਯੂਨੀਵਰਸਿਟੀ ਨੂੰ ਪੱਤਰ ਜਾਰੀ ਕਰਕੇ ਨਿਰਮਾਣ ਕਾਰਜ ਨੂੰ ਸ਼ੁਰੂ ਰੱਖਣ ਦੀ ਇਜਾਜਤ ਦੇ ਦਿੱਤੀ ਗਈ ਹੈ!

ਦਰਅਸਲ, ਯੂਨੀਵਰਸਿਟੀ ਵੱਲੋਂ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੇ ਸਾਹਮਣੇ ਇਹ ਮੁੱਦਾ ਚੁਕਿਆ ਗਿਆ ਸੀ ਕਿ ਜਦੋਂ ਸਰਕਾਰੀ ਇਮਾਰਤ ਦਾ ਨਕਸ਼ਾ ਪੰਜਾਬ ਸਰਕਾਰ ਦੇ ਚੀਫ ਆਰਕੀਟੈਕਚਰ ਦੇ ਦਫਤਰ ਵੱਲੋਂ ਤਹਿ ਨਿਯਮਾਂ ਤੇ ਖਰਚ ਦੇ ਮੁਤਾਬਕ ਬਣਾਇਆ ਗਿਆ ਹੈ ਅਤੇ ਪਾਸ ਵੀ ਕੀਤਾ ਹੋਇਆ ਹੈ ਤਾਂ ਫਿਰ ਯੂਨੀਵਰਸਿਟੀ ਸ੍ਰੀ ਚਮਕੌਰ ਸਾਹਿਬ ਦੀ ਨਗਰ ਪੰਚਾਇਤ ਨੂੰ ਨਕਸ਼ਾ ਪਾਸ ਕਰਵਾਉਣ ਲਈ 10 ਕਰੋੜ 81 ਲੱਖ 53 ਹਜ਼ਾਰ 3 ਸੌ 17 ਰੁਪੈ ਦੀ ਅਲੱਗ ਤੋਂ ਅਦਾਇਗੀ ਕਿਉਂ ਕਰੇ। ਇਸ ਸਵਾਲ ਤੇ ਵਿਚਾਰ ਦੇ ਬਾਅਦ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਮਾਮਲਾ ਡਾਇਰੈਕਟੋਰੇਟ ਸਥਾਨਕ ਸਰਕਾਰ ਵਿਭਾਗ ਅੱਗੇ ਰੱਖਿਆ ਗਿਆ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡਾਇਰੈਕਟੋਰੇਟ ਸਥਾਨਕ ਸਰਕਾਰ ਵਿਭਾਗ ਦੇ ਡਾਇਰੈਕਟਰ ਵੱਲੋਂ ਰਾਜ ਦੇ ਸਾਰੇ ਨਗਰ ਨਿਗਮ, ਪੰਚਾਇਤਾਂ ਨੂੰ ਪੱਤਰ ਨੰ: 3088 ਦੇ ਹਵਾਲੇ ਨਾਲ ਸਪੱਸ਼ਟ ਕੀਤਾ ਗਿਆ ਕਿ ਉਹ ਪੰਜਾਬ ਸਰਕਾਰ ਦੇ ਚੀਫ ਆਰਕੀਟੈਕਚਰ ਦਫਤਰ ਤੋਂ ਬਣੇ ਨਕਸ਼ਿਆਂ ਤੇ ਸਿਰਫ ਇੱਕ ਸਵੈ-ਘੋਸਣਾ ਪੱਤਰ ਦੇ ਤਹਿਤ ਸਰਕਾਰੀ ਇਮਾਰਤ ਦਾ ਨਿਰਮਾਣ ਕੰਮ ਹੋਣ ਦੇਣ। ਇਸਦੇ ਬਾਅਦ ਨਗਰ ਪੰਚਾਇਤ ਸ੍ਰੀ ਚਮਕੌਰ ਸਾਹਿਬ ਵੱਲੋਂ ਯੂਨੀਵਰਸਿਟੀ ਨੂੰ ਸਕਿੱਲ ਇੰਸਟੀਚਿਊਟ ਦੇ ਨਿਰਮਾਣ ਕੰਮ ਨੂੰ ਜਾਰੀ ਰੱਖਣ ਦੇ ਸੰਦਰਭ ਵਿੱਚ ਪੱਤਰ ਜਾਰੀ ਕਰ ਦਿੱਤਾ ਹੈ।

ਇਸ ਸਬੰਧ ਵਿੰਚ ਯੂਨੀਵਰਸਿਟੀ ਰਜਿਸਟਰਾਰ ਤੇ ਜਲੰਧਰ ਦੇ ਏ.ਡੀ.ਸੀ. ਜਸਪ੍ਰੀਤ ਸਿੰਘ ਆਈ.ਏ.ਐਸ. ਨੇ ਦੱਸਿਆ ਕਿ ਯੂਨੀਵਰਸਿਟੀ ਦੀ ਇਸ ਪਹਿਲ ਨਾਲ ਨਾ ਸਿਰਫ ਯੂਨੀਵਰਸਿਟੀ ਨੂੰ ਲਾਭ ਹੋਇਆ ਹੈ, ਬਲਕਿ ਹੋਰ ਸਰਕਾਰੀ ਵਿਭਾਗਾਂ ਨੂੰ ਵੀ ਲਾਭ ਹੋਵੇਗਾ, ਜਿਨ੍ਹਾਂ ਦੀਆਂ ਬਣ ਰਹੀਆਂ ਇਮਾਰਤਾਂ ਦਾ ਕੰਮ ਨਕਸ਼ੇ ਦੀ ਫੀਸ ਲੋਕਲ ਨਗਰ ਕੌਂਸਲ ਜਾਂ ਕਾਰਪੋਰੇਸ਼ਨ ਕੋਲ ਜਮ੍ਹਾਂ ਨਾ ਹੋਣ ਦੇ ਕਾਰਨ ਕੰਮ ਰੁਕਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਦੇਸ਼ ਪਬਲਿਕ ਦੇ ਪੈਸੇ ਨੂੰ ਬਿਹਤਰ ਤੇ ਸਹੀ ਢੰਗ ਨਾਲ ਬਚਤ ਦੇ ਨਾਲ ਬਿਹਤਰ ਵਿਕਾਸ ਹਿਤ ਨਿਵੇਸ਼ ਕਰਨਾ ਹੈ। ਰਜਿਸਟਰਾਰ ਆਈ.ਏ.ਐਸ. ਜਸਪ੍ਰੀਤ ਸਿੰਘ ਨੇ ਕਿਹਾ ਕਿ ਪਬਲਿਕ ਮਨੀ (ਜਨਤਾ ਦੇ ਪੈਸੇ) ਦਾ ਅਕਾਦਮਿਕ ਵਾਧੇ ਅਤੇ ਪੰਜਾਬ ਰਾਜ ਦੇ ਵਿਕਾਸ ਵਿੱਚ ਸਹੀ ਢੰਗ ਨਾਲ ਖਰਚ ਹੋਣਾ ਹੀ ਸਮੇਂ ਦੀ ਮੰਗ ਹੈ। ਉਨ੍ਹਾਂ ਨੇ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦਾ ਇਸ ਵਿਸ਼ੇ ਉਪਰ ਸਹਿਯੋਗ ਕਰਨ ਲਈ ਧੰਨਵਾਦ ਕੀਤਾ ਅਤੇ ਯੂਨੀਵਰਸਿਟੀ ਟੀਮ ਨੂੰ ਇਸ ਕੋਸ਼ਿਸ਼ ਵਿੱਚ ਸਫਲ ਹੋਣ ਤੇ ਵਧਾਈ ਵੀ ਦਿੱਤੀ।

Spread the love