ਪੀਆਰਟੀਸੀ ਅਤੇ ਪਨਬਸ ਕਾਮਿਆਂ ਦੀ ਹੜਤਾਲ ਲਗਾਤਾਰ ਪਹਿਲੇ ਦੀ ਤਰ੍ਹਾਂ ਜਾਰੀ ਰਹੇਗੀ।

ਜੇਕਰ ਗੱਲ ਕਰੀਏ ਅੱਜ ਦੀ ਤਾਂ ਅੱਜ ਵੀ ਸੂਬੇ ਭਰ ‘ਚ ਬੱਸਾਂ ਬੰਦ ਰਹੀਆਂ। ਕਰਮਚਾਰੀਆਂ ਨੇ ਬੰਦ ਰੱਖਣ ਦਾ ਫ਼ੈਸਲਾ ਕਾਇਮ ਰੱਖਿਆ।

ਉਧਰ ਦੂਜੇ ਪਾਸੇ ਪਨਬੱਸ ਅਤੇ ਪੀਆਰਟੀਸੀ ਕਾਮਿਆਂ ਨੇ ਅੱਜ ਚੰਡੀਗੜ੍ਹ ਸਕੱਤਰੇਤ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਅਤੇ ਹੋਰ ਅਧਿਕਾਰੀਆਂ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਨਾ ਨਵੀਆਂ ਬੱਸਾਂ ਪਾਉਣ, ਨਾ ਹੀ ਰੈਗੂਲਰ ਕਰਨ ਅਤੇ ਨਾ ਹੀ ਤਨਖਾਹ ਵਧਾਉਣ ਦਾ ਕੋਈ ਭਰੋਸਾ ਦਿੱਤਾ, ਸਗੋਂ ਐਕਟ ਬਣਾਕੇ ਮਸਲੇ ਹੱਲ ਕਰਨ ਦੀ ਗੱਲ ਕਹੀ ਗਈ, ਜੋ ਬਿਲਕੁਲ ਮਨਜ਼ੂਰ ਨਹੀਂ ਹੈ।

ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਮੰਨਣ ਸਬੰਧੀ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਹੁਣ ਸੂਬਾ ਕਮੇਟੀ ਨਾਲ ਮੀਟਿੰਗ ਤੋਂ ਬਾਅਦ ਅਗਲੀ ਰਣਨੀਤੀ ਬਾਰੇ ਫੈਸਲਾ ਲਿਆ ਜਾਵੇਗਾ।

ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਪੀਆਰਟੀਸੀ ਅਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਨੇ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਕਿਹਾ ਕਿ ਹੜਤਾਲ ਇਸੇ ਤਰਾਂ ਅਣਮਿੱਥੇ ਸਮੇਂ ਲਈ ਜਾਰੀ ਰਹੇਗੀ। ਕੱਲ੍ਹ ਨੂੰ ਪੰਜਾਬ ਭਰ ਦੇ ਬੱਸ ਸਟੈਂਡਾਂ ‘ਤੇ 4 ਘੰਟੇ ਦਾ ਚੱਕਾ ਜਾਮ ਕਰਕੇ ਪ੍ਰਦਰਸ਼ਨ ਕੀਤੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ 10 ਸਤੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਫਾਰਮ ਹਾਊਸ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ।

Spread the love