ਉੱਤਰਾਖੰਡ ਵਿੱਚ ਨਵੇਂ ਰਾਜਪਾਲ ਦੀ ਨਿਯੁਕਤੀ ਕੀਤੀ ਗਈ ਹੈ। ਕੇਂਦਰ ਸਰਕਾਰ ਨੇ ਸੇਵਾ ਮੁਕਤ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਨੂੰ ਫੌਜੀ ਮਹੱਤਵ ਵਾਲੇ ਸੂਬੇ ਉਤਰਾਖੰਡ ਵਿੱਚ ਰਾਜਪਾਲ ਨਿਯੁਕਤ ਕੀਤਾ ਹੈ। ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵੇਂ ਰਾਜਪਾਲ ਦੀ ਨਿਯੁਕਤੀ ਨੂੰ ਰਾਜਨੀਤਕ ਦ੍ਰਿਸ਼ਟੀ ਤੋਂ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

ਦਰਅਸਲ ਉੱਤਰਾਖੰਡ ਵਿੱਚ ਕਿਸਾਨ ਅੰਦੋਲਨ ਕਰਕੇ ਬੀਜੇਪੀ ਬੈਕਫੁੱਟ ‘ਤੇ ਹੈ। ਇੱਥੋਂ ਦਾ ਸਿੱਖ ਭਾਈਚਾਰਾ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਵਿੱਚ ਡਟਿਆ ਹੋਇਆ ਹੈ। ਪੰਜਾਬ, ਹਰਿਆਣਾ ਤੇ ਯੂਪੀ ਤੋਂ ਬਾਅਦ ਉੱਤਰਾਖੰਡ ਵਿੱਚ ਹੀ ਕਿਸਾਨ ਅੰਦੋਲਨ ਦਾ ਸਭ ਤੋਂ ਵੱਡਾ ਅਸਰ ਹੈ।

ਇਸ ਲਈ ਹੀ ਆਮ ਆਦਮੀ ਪਾਰਟੀ ਨੇ ਵੀ ਸੂਬੇ ਵਿੱਚ ਸਰਗਰਮੀ ਵਧਾ ਦਿੱਤੀ ਹੈ। ਅਜਿਹੇ ਵਿੱਚ ਬੀਜੇਪੀ ਦੀ ਹਾਲਾਤ ਔਖੀ ਬਣੀ ਹੋਈ ਹੈ।ਦੂਜੇ ਪਾਸੇ ਉੱਤਰਾਖੰਡ ਵਿੱਚ ਲਗਪਗ ਹਰ ਪਰਿਵਾਰ ਦਾ ਇੱਕ ਮੈਂਬਰ ਫੌਜ ਵਿੱਚ ਹੈ ਜਾਂ ਫੌਜੀ ਪਰਿਵਾਰ ਨਾਲ ਸਬੰਧ ਰੱਖਦਾ ਹੈ। ਸੂਬੇ ਵਿੱਚ ਲਗਪਗ 2.5 ਲੱਖ ਸਾਬਕਾ ਸੈਨਿਕ ਤੇ ਵੀਰ ਨਾਰੀਆਂ ਦਾ ਨਿਵਾਸ ਹੈ। ਫੌਜੀ ਪਰਿਵਾਰਾਂ ਨਾਲ ਸਬੰਧਤ ਵੋਟਰਾਂ ਦੀ ਗਿਣਤੀ ਨੂੰ ਕੁੱਲ ਵੋਟਰਾਂ ਦਾ ਲਗਪਗ 12 ਪ੍ਰਤੀਸ਼ਤ ਮੰਨਿਆ ਜਾਂਦਾ ਹੈ। ਇਸੇ ਕਾਰਨ ਕਰਕੇ, ਹਰ ਰਾਜਨੀਤਕ ਪਾਰਟੀ ਉਨ੍ਹਾਂ ਨੂੰ ਲੁਭਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੀ।

ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਨੂੰ ਉਤਰਾਖੰਡ ਵਿੱਚ ਰਾਜਪਾਲ ਨਿਯੁਕਤ ਕਰਕੇ ਬੀਜੇਪੀ ਸਿੱਖ ਭਾਈਚਾਰੇ ਤੇ ਫੌਜੀ ਪਰਿਵਾਰਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਵਿੱਚ ਹੈ।ਗੁਰਮੀਤ ਸਿੰਘ ਸਿੱਖ ਭਾਈਚਾਰੇ ਨਾਲ ਸਬੰਧਤ ਰਾਜ ਦੇ ਦੂਜੇ ਰਾਜਪਾਲ ਹੋਣਗੇ। ਉੱਤਰਾਖੰਡ ਦੇ ਪਹਿਲੇ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਸਨ।

Spread the love