ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਗੁਰਦੁਆਰਾ ਸ੍ਰੀ ਨਾਨਕਮੱਤਾ ਉੱਤਰਾਖੰਡ ਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਨੂੰ ਪੱਤਰ ਰਾਹੀਂ ਕਿਹਾ ਹੈ ਕਿ ਉਹ ਗੁਰਦੁਆਰਾ ਨਾਨਕਮੱਤਾ ਵਿਖੇ ਹੋਈ ਮਰਿਆਦਾ ਦੀ ਉਲੰਘਣਾ ਦੇ ਦੋਸ਼ੀ ਹਨ। ਸਿੱਖ ਰਹਿਤ ਮਰਿਆਦਾ ਦੇ ਮੁਤਾਬਿਕ ਦਾਹੜਾ ਰੰਗਣ ਦੀ ਮਨਾਹੀ ਹੈ। ਪਰ ਜਸਵਿੰਦਰ ਸਿੰਘ ਨੇ ਗੁਰਦੁਆਰੇ ਦਾ ਪ੍ਰਬੰਧਕ ਹੋਣ ਦੇ ਬਾਵਜੂਦ ਵੀ ਦਾੜਾ ਰੰਗਿਆ ਹੋਇਆ ਹੈ।

ਇਸ ਲਈ ਉਹ ਸਿੱਖ ਰਹਿਤ ਮਰਿਆਦਾ ਮੁਤਾਬਿਕ ਤਨਖਾਹੀਏ ਹਨ। ਪੱਤਰ ਵਿੱਚ ਜਸਵਿੰਦਰ ਸਿੰਘ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸੰਗਤ ਦੇ ਸਨਮੁੱਖ ਪੰਜ ਪਿਆਰਿਆਂ ਕੋਲ ਪੇਸ਼ ਹੋ ਕੇ ਹੋਈ ਭੁੱਲ ਦੀ ਖਿਮਾ ਜਾਚਨਾ ਕਰਨ। ਪੰਜ ਪਿਆਰਿਆਂ ਵੱਲੋਂ ਜੋ ਵੀ ਸਜ਼ਾ ਲਗਾਈ ਜਾਵੇ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ। ਸਜਾ ਪੂਰੀ ਹੋਣ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਮਸਕਾਰ ਕੀਤੀ ਜਾਵੇ। ਗੁਰੂ ਸਾਹਿਬ ਬਖਸ਼ਣਹਾਰ ਹਨ। ਜਸਵਿੰਦਰ ਸਿੰਘ ਨੂੰ ਸੁਚੇਤ ਕਰਦਿਆਂ ਕਿਹਾ ਕਿ ਹੰਕਾਰੀ ਬਿਰਤੀ ਗੁਰੂ-ਘਰ ‘ਚ ਪ੍ਰਵਾਨ ਨਹੀਂ ਹੈ।

ਗੁਰਦੁਆਰੇ ਗੁਰਮਤਿ ਵਿਚਾਰਧਾਰਾ ਦੇ ਪ੍ਰਚਾਰ ਤੇ ਪ੍ਰਸਾਰ ਦੇ ਕੇਂਦਰ ਹਨ ਜਿੱਥੇ ਸਿੱਖ ਸੰਗਤਾਂ ਇਕੱਤਰ ਹੋ ਕੇ ਗੁਰੂ ਜੱਸ ਗਾਉਂਦੀਆਂ ਹਨ ਅਤੇ ਪੰਥਕ ਮਸਲੇ ਵਿਚਾਰੇ ਜਾਂਦੇ ਹਨ। ਗੁਰਦੁਆਰਿਆਂ ਦੇ ਪ੍ਰਬੰਧਕਾਂ ਵੱਲੋਂ ਗੁਰਮਤਿ ਮਰਿਆਦਾ ਦੀ ਉਲੰਘਣਾ ਬਹੁਤ ਵੱਡੀ ਗਲਤੀ ਹੈ ਪਰ ਗੁਰੂ ਪੰਥ ਬਖਸ਼ਨਹਾਰ ਹੈ। ਪੱਤਰ ਵਿਚ ਲਿਖਿਆ ਗਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਿਆਦਾ ਅਨੁਸਾਰ ਤਨਖ਼ਾਹੀਏ ਸਿੱਖਾਂ ਨੂੰ ਸਥਾਨਕ ਸਿੱਖ ਸੰਗਤ ਵਿਚੋਂ ਪੰਜ ਪਿਆਰੇ ਚੁਣ ਕੇ ਤਨਖਾਹ ਲਗਾਈ ਜਾ ਸਕਦੀ ਹੈ। ਅਜਿਹਾ ਪ੍ਰਬੰਧ ਨਾ ਹੋਣ ਕਰਕੇ ਅੰਮ੍ਰਿਤ ਸੰਚਾਰ ਕਰ ਰਹੇ ਪੰਜ ਪਿਆਰਿਆਂ ਦੇ ਸਨਮੁੱਖ ਪੇਸ਼ ਹੋ ਕੇ ਭੁੱਲ ਬਖਸ਼ਾਈ ਜਾ ਸਕਦੀ ਹੈ।

Spread the love