2022 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਸਰਗਰਮੀਆਂ ਨੇ ਰਫ਼ਤਾਰ ਫੜ੍ਹ ਲਈ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲਗਾ ਜਦੋਂ ਕਰੀਬ ਦੋ ਸਾਲ ਪਹਿਲਾਂ ਸਰਕਾਰੀ ਨੌਕਰੀ ਛੱਡ ਕੇ ਅਕਾਲੀ ਦਲ ‘ਚ ਸ਼ਾਮਿਲ ਹੋਣ ਵਾਲੇ ਸਾਬਕਾ ਆਈਏਜੀ ਹਰਮੋਹਨ ਸਿੰਘ ਸੰਧੂ ਨੇ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਹਰਮੋਹਨ ਸਿੰਘ ਸੰਧੂ ਨੇ ਫੇਸਬੁੱਕ ਪੋਸਟ ਜ਼ਰੀਏ ਅਸਤੀਫੇ ਦਾ ਐਲਾਨ ਕੀਤਾ ਤੇ ਕਿਹਾ ਕਿ ਅਸਤੀਫਾ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਭੇਜਿਆ ਜਾਵੇਗਾ।

ਹਰਮੋਹਨ ਸਿੰਘ ਸੰਧੂ ਨੇ ਫੇਸਬੁੱਕ ਪੋਸਟ ‘ਚ ਲਿਖਦੇ ਨੇ,’ਮੇਰੇ ਪਰਿਵਾਰ ਨੇ 1962 ਤੋਂ ਅਕਾਲੀ ਦਲ ਦੀ ਸੇਵਾ ਕੀਤੀ ਹੈ। ਸਾਡੇ ਹਲਕੇ ‘ਚ ਬਾਹਰ ਤੋਂ ਆਕੇ ਵਿਧਾਇਕ ਬਣਿਆ ਵਿਅਕਤੀ ਤੇ ਕੁਝ ਐਸਜੀਪੀਸੀ ਦੇ ਮੈਂਬਰ, ਜਿੰਨ੍ਹਾਂ ਨੇ ਪੰਥ ਦੇ ਵਿਰੋਧ ਦੇ ਉਲਟ ਸ਼ੂਗਰ ਮਿੱਲ, ਮਿਲਕਫੈੱਡ ਸੁਸਾਇਟੀ ਚੋਣਾਂ ਦੌਰਾਨ ਸਾਡੇ ਕਿਸਾਨ ਭਰਾਵਾਂ ਦੇ ਕਾਗਜ਼ ਰੱਦ ਕਰਵਾਏ ਤੇ ਪਰਚੇ ਕਰਵਾਏ, ਮੈਂ ਉਨ੍ਹਾਂ ਦੇ ਹੱਕ ‘ਚ ਨਹੀਂ ਹਾਂ। ਮੈਂ ਆਪਣੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹਾਂ।

ਤੁਹਾਨੂੰ ਦੱਸ ਦਈਏ ਕਿ ਹਰਮੋਹਨ ਸਿੰਘ ਸੰਧੂ ਨੇ 26 ਨਵੰਬਰ, 2018 ਨੂੰ ਕਰੀਬ ਅੱਠ ਸਾਲ ਪਹਿਲਾਂ ਹੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸੀ। ਸਾਲ 2019 ‘ਚ ਉਹ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋਏ ਸਨ। ਉਨ੍ਹਾਂ ਦੇ ਪਿਤਾ ਅਜਾਇਬ ਸਿੰਘ ਸੰਧੂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੀ ਮਾਤਾ ਸਾਬਕਾ ਮੰਤਰੀ ਸਤਵੰਤ ਕੌਰ ਸੰਧੂ ਪੰਜ ਵਾਰ ਚਮਕੌਰ ਸਾਹਿਬ ਤੋਂ ਵਿਧਾਨ ਸਭਾ ਸੀਟ ਜਿੱਤ ਚੁੱਕੇ ਹਨ।

Spread the love