ਚੰਡੀਗੜ੍ਹ, 13 ਸਤੰਬਰ

ਕਾਂਗਰਸ ਹਾਈਕਮਾਂਡ ਦੀਆਂ ਲੱਖ ਕੋਸ਼ਿਸ਼ਾਂ ਮਗਰੋਂ ਵੀ ਕੈਪਟਨ ਸਿੱਧੂ ਦਾ ਕਾਟੋ ਕਲੇਸ਼ ਉਸੇ ਤਰਾਂ ਚੱਲ ਰਿਹਾ ਜੋ ਕਿ ਖ਼ਤਮ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ।

ਆਉਣ ਵਾਲਿਆਂ ਵਿਧਾਨ ਸਭਾ ਚੋਣਾਂ ਦੇ ਕੁੱਝ ਸਮਾਂ ਪਹਿਲੇ ਇਹ ਵਿਵਾਦ ਸੂਬੇ ਦੀ ਕਾਂਗਰਸ ਲਈ ਖ਼ਤਰਾ ਵੀ ਹੈ। ਇੱਕ ਪਾਸੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਹਿੰਦੇ ਹਨ ਕਿ ਸਭ ਕੁੱਝ ਠੀਕ ਹੈ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਟੀਮ ਸਭ ਕੁੱਝ ਸੰਭਾਲ ਰਹੀ ਹੈ। ਤੇ ਉੱਥੇ ਹੀ ਦੂਜੇ ਪਾਸੇ ਕੋਈ ਨਾ ਕੋਈ ਕਲੇਸ਼ ਪਾਰਟੀ ‘ਚ ਚੱਲਿਆ ਰਹਿੰਦਾ ਹੈ।

ਤਾਜ਼ਾ ਮਾਮਲਾ ਸੂਬੇ ਦੇ ਅਮਰਗੜ੍ਹ ਦੇ ਕਾਂਗਰਸੀ ਵਿਧਾਇਕ ਦਾ ਹੈ। ਇੱਥੇ ਸਿੱਧੂ ਧੜੇ ਦੇ ਵਿਧਾਇਕ ਨੇ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ 2022 ਦੀਆਂ ਚੋਣਾਂ ਨਹੀਂ ਲੜਨਗੇ।

ਜਾਣਕਾਰੀ ਮੁਤਾਬਿਕ ਵਿਧਾਇਕ ਸੁਰਜੀਤ ਧੀਮਾਨ ਨੇ ਕਿਹਾ ਹੈ ਕਿ ਉਹ ਕੈਪਟਨ ਦੀ ਅਗਵਾਈ ਹੇਠ ਚੋਣ ਨਹੀਂ ਲੜਨਗੇ ਅਤੇ ਪਾਰਟੀ ਸਿੱਧੂ ਨੂੰ ਮੁੱਖ ਮੰਤਰੀ ਉਮੀਦਵਾਰ ਬਣਾਏ। ਜ਼ਿਕਰਯੋਗ ਹੈ ਕਿ ਧੀਮਾਨ ਉਨ੍ਹਾਂ ਆਗੂਆਂ ਵਿਚੋਂ ਇੱਕ ਹਨ, ਜਿਨ੍ਹਾਂ ਨੇ ਹਾਲ ਹੀ ‘ਚ ਸੂਬੇ ‘ਚ ਲੀਡਰਸ਼ਿਪ ਤਬਦੀਲੀ ਨੂੰ ਲੈ ਕੇ ਪੰਜਾਬ ਇੰਚਾਰਜ ਨਾਲ ਮੁਲਾਕਾਤ ਕੀਤੀ ਹੈ।

ਸਿੱਧੂ ਧੜੇ ਦੇ ਵਿਧਾਇਕ ਦੇ ਇਸ ਬਿਆਨ ਤੋਂ ਪਹਿਲਾਂ ਪਾਰਟੀ ਹਾਈਕਮਾਂਡ ਅਤੇ ਸੂਬੇ ਦੇ ਇੰਚਾਰਜਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਨੂੰ ਨਹੀਂ ਬਦਲਿਆ ਜਾਵੇਗਾ। ਦੇਹਰਾਦੂਨ ਪਹੁੰਚ ਕੇ ਰਾਵਤ ਨਾਲ ਮੁਲਾਕਾਤ ਕਰਨ ਵਾਲੇ ਨੇਤਾਵਾਂ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ।

Spread the love