ਚੰਡੀਗੜ੍ਹ, 13 ਸਤੰਬਰ
ਵਧੀਆ ਤੇ ਕਿਫ਼ਾਇਤੀ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਵੱਲ ਕ੍ਰਾਂਤੀਕਾਰੀ ਕਦਮ ਪੁੱਟਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ 125 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ‘ਰਾਜ-ਵਿਆਪੀ ਰੇਡੀਓ ਡਾਇਗਨੌਸਟਿਕ ਅਤੇ ਲੈਬਾਰਟਰੀ ਸੇਵਾ’ ਅਤੇ ‘ਨਵੇਂ-ਮੁਹਾਂਦਰੇ ਵਾਲੀ 108 ਐਂਬੂਲੈਂਸ ਐਮਰਜੈਂਸੀ ਰਿਸਪਾਂਸ ਸੇਵਾ’ ਵਰਚੁਅਲ ਢੰਗ ਨਾਲ ਸੂਬਾ ਵਾਸੀਆਂ ਨੂੰ ਸਮਰਪਿਤ ਕੀਤੀ।
ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ 534ਵੇਂ ਵਿਆਹ ਪੁਰਬ ਦੇ ਪਾਵਨ ਮੌਕੇ ਮੁੱਖ ਮੰਤਰੀ ਨੇ ਸਿਵਲ ਹਸਪਤਾਲ ਬਟਾਲਾ ਵਿਖੇ ਨਿਵੇਕਲੀ ‘ਮੁੱਖ ਮੰਤਰੀ ਈ-ਕਲੀਨਿਕ ਸੇਵਾ’ ਦੀ ਸ਼ੁਰੂਆਤ ਵੀ ਕੀਤੀ, ਜਿਸ ਨਾਲ ਪੇਂਡੂ ਖੇਤਰ ਵਿੱਚ ਵਸਦੇ ਲੋਕਾਂ ਨੂੰ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਆਸਾਨੀ ਨਾਲ ਮਿਲ ਸਕਣਗੀਆਂ।
ਸਮੂਹ ਲੋਕਾਂ ਨੂੰ ਵਿਆਹ ਪੁਰਬ ਦੀ ਵਧਾਈ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਸੇਵਾਵਾਂ ਨੂੰ ਸ਼ੁਰੂ ਕਰਨ ਲਈ ਇਸ ਤੋਂ ਵਧੀਆ ਦਿਨ ਕੋਈ ਹੋਰ ਨਹੀਂ ਸੀ ਹੋ ਸਕਦਾ। ਉਨ੍ਹਾਂ ਕਿਹਾ ਕਿ ਨਵੰਬਰ ਦੇ ਅਖ਼ੀਰ ਤੱਕ ਰਾਜ ਭਰ ਵਿੱਚ ਸ਼ੁਰੂ ਹੋਣ ਵਾਲੀਆਂ ਇਹ ਵਿਸ਼ੇਸ਼ੀਕ੍ਰਿਤ ਮੈਡੀਕਲ ਸਹੂਲਤਾਂ ਨਾਲ ਗ਼ਰੀਬ ਤੇ ਲੋੜਵੰਦਾਂ ਨੂੰ ਵੀ ਨਿੱਜੀ ਖੇਤਰ ਵਿੱਚ ਸਿਹਤ ਸੇਵਾਵਾਂ ਦੇ ਰਹੇ ਸੁਪਰ-ਸਪੈਸ਼ਲਿਟੀ ਡਾਕਟਰਾਂ ਦੀਆਂ ਸੇਵਾਵਾਂ ਵੀ ਮਿਲ ਸਕਣਗੀਆਂ, ਜੋ ਪਹਿਲਾਂ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਸਨ।
ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਪੰਜਾਬ ਨੂੰ ਛੇ ਭਾਗਾਂ ਵਿੱਚ ਵੰਡਿਆ ਗਿਆ ਹੈ ਜਿਸ ਤਹਿਤ 80 ਕਰੋੜ ਰੁਪਏ ਦੀ ਲਾਗਤ ਨਾਲ ਹਰੇਕ ਜ਼ਿਲ੍ਹਾ ਹਸਪਤਾਲ ਲਈ ਇੱਕ ਐਮ.ਆਰ.ਆਈ. ਅਤੇ 25 ਸੀ.ਟੀ. ਸਕੈਨ ਸਹੂਲਤਾਂ ਤੋਂ ਇਲਾਵਾ 23 ਜ਼ਿਲ੍ਹਿਆ ਵਿੱਚ 25 ਕਰੋੜ ਦੀ ਲਾਗਤ ਨਾਲ ਸਾਡੇ ਲੋਕਾਂ ਨੂੰ 24 ਘੰਟੇ ਡਾਕਟਰੀ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਰੈਫਰੈਂਸ ਲੈਬ, 30 ਜ਼ਿਲ੍ਹਾ ਲੈਬਾਰਟਰੀਆਂ ਅਤੇ 95 ਕੁਲੈਕਸ਼ਨ ਕੇਂਦਰ ਸ਼ਾਮਲ ਹੋਣਗੇ, ਜੋ ਸਾਰੇ ਜ਼ਿਲ੍ਹਿਆਂ ਨੂੰ ਕਵਰ ਕਰਨਗੇ। ਉਨ੍ਹਾਂ ਕਿਹਾ ਕਿ ਲੈਬ ਟੈਸਟ ਬੜੀਆਂ ਕਿਫ਼ਾਇਤੀ ਦਰਾਂ ‘ਤੇ ਮੁਹੱਈਆ ਕੀਤੇ ਜਾਣਗੇ ਅਤੇ ਕੁਲ ਮਰੀਜ਼ਾਂ ਵਿਚੋਂ 5 ਫੀਸਦੀ ਗਰੀਬ ਤੇ ਲੋੜਵੰਦ ਮਰੀਜ਼ਾਂ ਨੂੰ ਇਹ ਸਹੂਲਤ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਇਸ ਪ੍ਰੋਗਰਾਮ ਜ਼ਰੀਏ 750 ਨੌਜਵਾਨਾਂ ਲਈ ਨੌਕਰੀ ਦੇ ਰਾਹ ਖੁੱਲ੍ਹੇ ਹਨ, ਜਿਨ੍ਹਾਂ ਨੂੰ ਤਕਨੀਸ਼ੀਅਨ ਦੇ ਤੌਰ ‘ਤੇ ਟਰੇਂਡ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਆਪਣੀਆਂ ਸਿਹਤ ਸੇਵਾਵਾਂ ਨੂੰ ਅੱਪਗਰੇਡ ਕੀਤਾ ਹੈ, ਜੋ ਕੋਵਿਡ ਮਹਾਂਮਾਰੀ ਸਮੇਂ ਬਹੁਤ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਮੈਡੀਕਲ ਡਿਲੀਵਰੀ ਪ੍ਰਣਾਲੀ ‘ਚ ਵਾਧੇ ਨਾਲ ਲਾਭਪਾਤਰੀਆਂ ਲਈ ਮੈਡੀਕਲ ਟੈਸਟਿੰਗ ਦਾ ਖ਼ਰਚ 65 ਤੋਂ 70 ਫ਼ੀਸਦੀ ਘਟੇਗਾ।
ਮੁੱਖ ਮੰਤਰੀ ਨੇ ਦੱਸਿਆ ਕਿ ਬਟਾਲਾ ਤੋਂ ਸ਼ੁਰੂ ਕੀਤੇ ਗਏ ਈ-ਕਲੀਨਿਕ ਪਾਇਲਟ ਪ੍ਰਾਜੈਕਟ ਤਹਿਤ ਪਿੰਡਾਂ ਅਤੇ ਦੂਰ-ਦੁਰਾੜੇ ਇਲਾਕੇ ਦੇ ਮਰੀਜ਼ ਟੈਲੀ-ਕੰਸਲਟੈਂਸੀ ਰਾਹੀਂ ਮਾਹਿਰਾਂ ਡਾਕਟਰਾਂ ਦੀਆਂ ਸੇਵਾਵਾਂ ਲੈ ਸਕਣਗੇ ਅਤੇ ਇਸ ਦੀ ਸਫ਼ਲਤਾ ਪਿੱਛੋਂ ਇਸ ਨੂੰ ਨੇੜ ਭਵਿੱਖ ਵਿੱਚ ਪੰਜਾਬ ਭਰ ਵਿੱਚ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪਾ੍ਰਜੋਕਟ ਪੰਜਾਬ ਸਰਕਾਰ ਵੱਲੋਂ ਪੀ.ਪੀ.ਪੀ. ਮੋਡ ਰਾਹੀਂ ‘ਕਰਸਨਾ ਡਾਇਗਨੌਸਿਟਕ ਲਿਮਟਿਡ’ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ।
ਇਸ ਮੌਕੇ ਮੁੱਖ ਮੰਤਰੀ ਨੇ ਬਟਾਲਾ ਦੀਆਂ 13 ਪੇਂਡੂ ਡਿਸਪੈਂਸਰੀਆਂ ਦੀ ਬਾਰਡਰ ਏਰੀਆ ਵਿਕਾਸ ਫੰਡ ਰਾਹੀਂ ਮੁਰੰਮਤ ਕਰਨ ਨੂੰ ਪ੍ਰਵਾਨਗੀ ਦਿੱਤੀ ਤਾਂ ਜੋ ਇਲਾਕੇ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਤੇ ਬਿਹਤਰ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਨਵੇਂ-ਮੁਹਾਂਦਰੇ ਵਾਲੀ 108 ਐਂਬੂਲੈਂਸ ਐਮਰਜੈਂਸੀ ਰਿਸਪਾਂਸ ਸਿਸਟਮ ਸਰਵਿਸ ਨੂੰ ਹੋਰ ਬਿਹਤਰ ਬਣਾਇਆ ਗਿਆ ਹੈ ਅਤੇ 104 ਅਤੇ 112 ਮੈਡੀਕਲ ਹੈਲਪ ਲਾਈਨਾਂ ਹੁਣ ਐਮਰਜੈਂਸੀ ਸਮੇਂ ਹੋਰ ਵੀ ਤੇਜ਼ ਰਿਸਪਾਂਸ ਦੇਣਗੀਆਂ। ਹੁਣ ਮਰੀਜ਼ ਦੇ ਰਿਸ਼ਤੇਦਾਰ ਐਂਬੂਲੈਂਸ ਦੀ ਲੋਕੇਸ਼ਨ ਆਨ-ਲਾਈਨ ਟਰੇਸ ਕਰ ਸਕਣਗੇ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਪਹਿਲਾਂ ਹੀ ਐਂਬੂਲੈਂਸਾਂ ਦੀ ਗਿਣਤੀ ਵਧਾ ਕੇ 325 ਕੀਤੀ ਗਈ ਸੀ, ਜੋ ਅਗਲੇ ਦਿਨਾਂ ਦੌਰਾਨ ਹੋਰ ਵਧਾ ਕੇ 400 ਕੀਤੀ ਜਾ ਰਹੀ ਹੈ ਅਤੇ 23 ਐਡਵਾਂਸ ਲਾਈਫ ਸਪੋਰਟ ਐਂਬੂਲੈਂਸਾਂ ਨੂੰ ਵੀ ਬੇੜੇ ‘ਚ ਸ਼ਾਮਲ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਆਪਣੇ ਸੰਬੋਧਨ ਦੌਰਾਨ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਸ਼ੁਭ ਮੌਕੇ ਮੁਹਾਲੀ ਨੂੰ ਇਹ ਕੀਮਤੀ ਤੋਹਫ਼ਾ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਪੰਜਾਬ ਨੂੰ ਵਧੀਆ ਮੈਡੀਕਲ ਬੁਨਿਆਦੀ ਢਾਂਚੇ ਵਾਲਾ ਪਹਿਲੇ ਨੰਬਰ ਦਾ ਸੂਬੇ ਬਣਾਉਣ ਦੇ ਮੁੱਖ ਮੰਤਰੀ ਦੇ ਦ੍ਰਿਸ਼ਟੀਕੋਣ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਬੀਤੇ ਸਾਢੇ ਚਾਰ ਸਾਲਾਂ ਵਿੱਚ ਸਿਹਤ ਦੇ ਖੇਤਰ ਵਿੱਚ ਬਹੁਤ ਵੱਡੇ ਸੁਧਾਰ ਕੀਤੇ ਹਨ ਅਤੇ ਜਿਹੜਾ ਪ੍ਰੋਗਰਾਮ ਅੱਜ ਸ਼ੁਰੂ ਕੀਤਾ ਗਿਆ ਹੈ ਇਸ ਨਾਲ ਹਰ ਬਿਮਾਰ ਵਿਅਕਤੀ ਨੂੰ ਸੁਪਰਸਪੈਸ਼ਲਿਟੀ ਡਾਕਟਰਾਂ ਦੀਆਂ ਸੇਵਾਵਾਂ ਮਿਲਣ ਦੇ ਨਾਲ-ਨਾਲ ਬਹੁਤ ਹੀ ਸਸਤੀਆਂ ਦਰਾਂ ‘ਤੇ ਟੈਸਟਾਂ ਦੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਈ-ਕਲੀਨਿਕ ਸੇਵਾ ਸ਼ੁਰੂ ਹੋਣ ਨਾਲ ਪਿੰਡਾਂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਦੇ ਵਸਨੀਕਾਂ ਨੂੰ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਆਸਾਨੀ ਨਾਲ ਮਿਲ ਸਕਣਗੀਆਂ।
ਵਿਆਹ ਪੁਰਬ ਮੌਕੇ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ ਈ-ਕਲੀਨਿਕ ਅਤੇ ਲੈਬ ਡਾਇਗੋੋਸਟਿਕ ਕੇਂਦਰ ਦੀ ਸ਼ੁਰੂਆਤ ਕਰਨ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਸ਼ਵਨੀ ਸੇਖੜੀ ਨੇ ਕਿਹਾ ਕਿ ਉਨ੍ਹਾਂ ਨੇ ਚੇਅਰਮੈਨ ਬਣਦੇ ਸਾਰ ਹੀ ਇਹ ਸੁਪਨਾ ਲਿਆ ਸੀ ਕਿ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਈ-ਕਲੀਨਿਕ ਸੇਵਾ ਅਤੇ ਲੈਬ ਡਾਇਗੋੋਸਟਿਕ ਕੇਂਦਰ ਦੀ ਸ਼ੁਰੂਆਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ 35 ਦਿਨਾਂ ਦੇ ਰਿਕਾਰਡ ਸਮੇਂ ਵਿੱਚ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਵੱਲੋਂ ਇਸ ਪ੍ਰਾਜੈਕਟ ਨੂੰ ਮਨਜ਼ੂਰ ਕਰਕੇ ਸ਼ੁਰੂ ਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸੇਵਾਵਾਂ ਦੇਣ ਦੀ ਸ਼ੁਰੂਆਤ ਕਰਨ ਵਾਲਾ ਸੂਬਾ ਪੰਜਾਬ ਹੁਣ ਦੇਸ਼ ਦਾ ਮੋਹਰੀ ਸੂਬਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਬਟਾਲਾ ਨੂੰ ਈ-ਕਲੀਨਿਕ ਸਹੂਲਤ ਸ਼ੁਰੂ ਕਰਨ ਲਈ ਚੁਣਨ ਵਾਸਤੇ ਬਟਾਲਾ ਵਾਸੀ ਮੁੱਖ ਮੰਤਰੀ ਦੇ ਸ਼ੁਕਰਗੁਜ਼ਾਰ ਹਨ ਜਿਸ ਨਾਲ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਵੀ ਮਰੀਜ਼ਾਂ ਨੂੰ ਵਿਸ਼ਵ ਪੱਧਰੀ ਮੈਡੀਕਲ ਕੌਂਸਲਿੰਗ ਸਹੂਲਤ ਮਿਲੇਗੀ।
ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੀ ਐਮ.ਡੀ. ਤਨੂ ਕਸ਼ਅਪ ਨੇ ਸਾਰਿਆਂ ਦਾ ਧੰਨਵਾਦ ਕੀਤਾ।