ਦਿੱਲੀ , 14 ਸੰਤਬਰ

ਦਿੱਲੀ-ਐਨਸੀਆਰ ‘ਚ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਕੇਂਦਰ ਸਰਕਾਰ ਨੇ ਹੁਣ ਤੋਂ ਹੀ ਤਿਆਰੀ ਖਿੱਚ ਦਿੱਤੀ ਹੈ। ਕੇਂਦਰ ਸਰਕਾਰ ਨੇ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਸਾਉਣੀ ਦੀਆਂ ਫਸਲਾਂ ਦੀ ਕਟਾਈ ਤੋਂ ਪਹਿਲਾਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦਿੱਲੀ ਨੂੰ 496 ਕਰੋੜ ਰੁਪਏ ਜਾਰੀ ਕੀਤੇ ਹਨ।

ਇਹ ਰਕਮ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਖੇਤੀ-ਮਸ਼ੀਨੀਕਰਨ ਲਈ ਵਰਤੀ ਜਾਏਗੀ।ਦੱਸ ਦਈਏ ਕਿ ਇਹ ਸੂਬੇ ਪਰਾਲੀ ਸਾੜਨ ਨੂੰ ਰੋਕਣ ਅਤੇ ਇਸ ਦੇ ਨਿਪਟਾਰੇ ਲਈ ਲੋੜੀਂਦੀਆਂ ਮਸ਼ੀਨਾਂ ਖਰੀਦਣ ਲਈ ਇਸ ਰਾਸ਼ੀ ਦੀ ਵਰਤੋਂ ਕਰਨਗੇ। ਇਨ੍ਹਾਂ ਚਾਰ ਸੂਬਿਆਂ ‘ਚ ਪਰਾਲੀ ਸਾੜਨ ਨਾਲ ਹਰ ਸਾਲ ਦਿੱਲੀ-ਐਨਸੀਆਰ ਵਿੱਚ ਹਵਾ ਪ੍ਰਦੂਸ਼ਣ ਵਧਦਾ ਹੈ।

ਕੇਂਦਰੀ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਨੇ ਦੱਸਿਆ ਕਿ 2021-22 ਲਈ ਪੰਜਾਬ ਨੂੰ 235 ਕਰੋੜ ਰੁਪਏ, ਹਰਿਆਣਾ ਨੂੰ 141 ਕਰੋੜ ਰੁਪਏ, ਉੱਤਰ ਪ੍ਰਦੇਸ਼ ਨੂੰ 115 ਕਰੋੜ ਰੁਪਏ ਅਤੇ ਦਿੱਲੀ ਨੂੰ 5 ਕਰੋੜ ਰੁਪਏ ਜਾਰੀ ਕੀਤੇ ਗਏ। ਭਾਰਤੀ ਖੇਤੀ ਖੋਜ ਪ੍ਰੀਸ਼ਦ ਅਤੇ ਹੋਰ ਕੇਂਦਰੀ ਏਜੰਸੀਆਂ ਨੂੰ 54.99 ਕਰੋੜ ਰੁਪਏ ਦਿੱਤੇ ਗਏ।ਉਨ੍ਹਾਂ ਕਿਹਾ ਕਿ ਜਲਦੀ ਹੀ ਪਰਾਲੀ ਦੀ ਸਮੱਸਿਆ ਨਾਲ ਨਜਿੱਠਣ ਲਈ ਪੰਜਾਬ ਅਤੇ ਹਰਿਆਣਾ ਸਰਕਾਰ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਜਾਵੇਗੀ। ਸਾਉਣੀ ਦੀ ਮੁੱਖ ਫਸਲ ਝੋਨੇ ਦੀ ਕਟਾਈ ਅਕਤੂਬਰ ਵਿੱਚ ਸ਼ੁਰੂ ਹੋ ਜਾਵੇਗੀ। ਪਰਾਲੀ ਸਾੜਨਾ ਲੰਬੇ ਸਮੇਂ ਤੋਂ ਦਿੱਲੀ-ਐਨਸੀਆਰ ਸਮੇਤ ਉੱਤਰ ਭਾਰਤ ਵਿੱਚ ਹਵਾ ਪ੍ਰਦੂਸ਼ਣ ਦਾ ਇੱਕ ਵੱਡਾ ਕਾਰਨ ਮੰਨਿਆ ਜਾਂਦਾ ਰਿਹਾ ਹੈ।

Spread the love