ਚੰਡੀਗੜ੍ਹ- 15-09-2021

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਿੱਚ ਕੀਤੇ ਗਏ ਪ੍ਰਬੰਧਕੀ ਫੇਰਬਦਲ ਤਹਿਤ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ, ਪੰਜਾਬ ਡਾ. ਅੰਦੇਸ਼ ਕੰਗ, ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ: ਓਮ ਪ੍ਰਕਾਸ਼ ਗੋਜਰਾ ਅਤੇ ਡਾਇਰੈਕਟਰ ਸਿਹਤ ਸੇਵਾਵਾਂ (ਈਐਸਆਈ) ਡਾ: ਜੀ.ਬੀ. ਸਿੰਘ ਵੱਲੋਂ ਆਪਣੀਆਂ ਨਵੀਆਂ ਪੋਸਟਾਂ ਤੇ ਅਹੁਦਾ ਸੰਭਾਲਿਆ ਗਿਆ। ਇਸ ਮੌਕੇ ਮੁੱਖ ਦਫਤਰ ਦੇ ਸਮੂਹ ਸਟਾਫ ਨੇ ਨਵੇਂ ਨਿਯੁਕਤ ਡਾਇਰੈਕਟਰਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਵਿਭਾਗ ਦੇ ਕੰਮਕਾਜ ਵਿੱਚ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।

ਜ਼ਿਕਰਯੋਗ ਹੈ ਕਿ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ: ਅੰਦੇਸ਼ ਕੰਗ ਨੇ ਸਾਲ 1988 ਵਿੱਚ ਬਤੌਰ ਮੈਡੀਕਲ ਅਫਸਰ ਆਪਣੀ ਸਰਕਾਰੀ ਸੇਵਾ ਸ਼ੁਰੂ ਕੀਤੀ ਸੀ, 2013 ਵਿੱਚ ਬਤੌਰ ਐਸ.ਐਮ.ਓ. ਅਤੇ 2020 ਵਿੱਚ ਸਿਵਲ ਸਰਜਨ ਮੋਗਾ ਵਜੋਂ ਵਿਭਾਗੀ ਤਰੱਕੀ ਪ੍ਰਾਪਤ ਕੀਤੀ । ਆਪਣੇ ਸੇਵਾਕਾਲ ਦੌਰਾਨ ਡਾ. ਅੰਦੇਸ਼ ਵੱਲੋਂ ਵਿਭਾਗ ਵਿੱਚ ਸਟੇਟ ਨੋਡਲ ਅਫ਼ਸਰ ਫ਼ੂਡ ਸੇਫ਼ਟੀ ਵਜੋਂ ਵੀ ਸੇਵਾ ਨਿਭਾਈ ਗਈ।

ਇਸੇ ਤਰ੍ਹਾਂ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ: ਓਮ ਪ੍ਰਕਾਸ਼ ਗੋਜਰਾ ਨੇ 1988 ਵਿੱਚ ਮੈਡੀਕਲ ਅਫਸਰ ਵਜੋਂ ਸਰਕਾਰੀ ਸੇਵਾ ਵਿੱਚ ਆਪਣੀ ਸਰਕਾਰੀ ਸੇਵਾ ਆਰੰਭ ਕੀਤੀ ਗਈ। ਸਾਲ 2020 ਵਿੱਚ ਸਿਵਲ ਸਰਜਨ ਦੇ ਅਹੁਦੇ ਤੇ ਤਰੱਕੀ ਤੋਂ ਬਾਅਦ, ਉਨ੍ਹਾਂ ਨੂੰ ਸਟੇਟ ਇੰਸਟੀਚਿਟ ਆਫ਼ ਹੈਲਥ ਐਂਡ ਫੈਮਿਲੀ ਵੈਲਫੇਅਰ, ਮੋਹਾਲੀ ਦਾ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ ਸੀ।

ਡਾਇਰੈਕਟਰ ਸਿਹਤ ਸੇਵਾਵਾਂ (ਈਐਸਆਈ) ਡਾ: ਜੀ.ਬੀ. ਸਿੰਘ ਨੇ 1988 ਵਿੱਚ ਸਿਹਤ ਵਿਭਾਗ ਵਿੱਚ ਮੈਡੀਕਲ ਅਫਸਰ ਵਜੋਂ ਆਪਣੀ ਸਰਕਾਰੀ ਸੇਵਾ ਸ਼ੁਰੂ ਕੀਤੀ ਅਤੇ 2013 ਵਿੱਚ ਐਸ.ਐਮ.ਓ. ਵਜੋਂ ਤਰੱਕੀ ਹੋਈ। ਫਰਵਰੀ 2020 ਵਿੱਚ, ਤਰੱਕੀ ਉਪਰੰਤ ਸਿਵਲ ਸਰਜਨ ਬਰਨਾਲਾ ਦੇ ਅਹੁਦੇ ਤੇ ਨਿਯੁਕਤ ਹੋਏ। ਇਸ ਮੌਕੇ ਤਿੰਨ ਨਵ-ਨਿਯੁਕਤ ਡਾਇਰੈਕਟਰਾਂ ਨੇ ਸਮੂਹ ਸਟਾਫ ਦਾ ਉਨ੍ਹਾਂ ਦੇ ਨਿੱਘੇ ਸਵਾਗਤ ਲਈ ਧੰਨਵਾਦ ਕੀਤਾ ਅਤੇ ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਆਪਣੀ ਡਿਊਟੀਆਂ ਤਨਦੇਹੀ ਨਾਲ ਨਿਭਾਉਣ ਦੇ ਨਿਰਦੇਸ਼ ਦਿੱਤੇ ।

ਫ਼ੋਟੋ ਕੈਪਸ਼ਨ- ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ ਅੰਦੇਸ਼ ਚਾਰਜ ਸੰਭਾਲਦੇ ਹੋਏ

Spread the love