ਬਠਿੰਡਾ, 15 ਸਤੰਬਰ

ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.), ਬਠਿੰਡਾ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ (ਪੀ.ਐਮ.ਐਸ.) ਸਕੀਮ ਦੇ ਲਾਭਪਾਤਰੀਆਂ ਦੀ ਸਹੂਲਤ ਲਈ ਸ਼ਿਕਾਇਤਾਂ ਨਿਵਾਰਣ ਸੈੱਲ/ਪੋਰਟਲ ਖੋਲ੍ਹਿਆ ਹੈ ਤਾਂ ਜੋ ਵਿਦਿਆਰਥੀਆਂ ਦੇ ਜ਼ਰੂਰੀ ਕੰਮਾਂ ਸਬੰਧੀ ਆ ਰਹੀਆਂ ਮੁਸ਼ਕਿਲਾਂ ਦਾ ਸਮੇਂ ਸਿਰ ਹੱਲ ਕਰਨ ਲਈ ਹਰ ਸੰਭਵ ਸਹਾਇਤਾ ਦਿੱਤੀ ਜਾ ਸਕੇ।

ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ: ਬੂਟਾ ਸਿੰਘ ਸਿੱਧੂ ਨੇ ਕਿਹਾ ਕਿ ਯੂਨੀਵਰਸਿਟੀ ਸਾਰੇ ਵਿਦਿਆਰਥੀਆਂ ਨੂੰ ਡਿਗਰੀਆਂ, ਡੀਟੇਲ ਮਾਰਕਸ ਕਾਰਡ (ਡੀ.ਐਮ.ਸੀ.) ਅਤੇ ਸਾਰੇ ਦਸਤਾਵੇਜ਼ ਜਾਰੀ ਕਰ ਰਹੀ ਹੈ, ਭਾਵੇਂ ਉਹਨਾਂ ਦੀ ਪੀ.ਐਮ.ਐਸ. ਸਕਾਲਰਸ਼ਿਪ ਸਕੀਮ ਅਤੇ ਫੀਸ ਦਾ ਸਟੇਟਸ ਕੁੱਝ ਵੀ ਹੋਵੇ।

ਐਮ.ਆਰ.ਐਸ.ਪੀ.ਟੀ.ਯੂ., ਪ੍ਰੀਖਿਆ ਕੰਟਰੋਲਰ ਡਾ. ਕਰਨਵੀਰ ਸਿੰਘ ਨੇ ਅੱਗੇ ਕਿਹਾ “ਕੋਈ ਵੀ ਵਿਦਿਆਰਥੀ ਜਿਸਨੂੰ ਡਿਗਰੀ /ਡੀ.ਐਮ.ਸੀ. ਜਾਂ ਕਿਸੇ ਹੋਰ ਦਸਤਾਵੇਜ਼ ਨਾਲ ਸੰਬੰਧਤ ਕਿਸੇ ਵੀ ਮੁੱਦੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ www.mrsptu.ac.in ‘ਤੇ ਸ਼ਿਕਾਇਤ ਨਿਵਾਰਣ ਪੋਰਟਲ’ ਤੇ ਜਾ ਸਕਦਾ ਹੈ ਜਾਂ ਆਪਣੀ ਸਮੱਸਿਆ ਦੇ ਹੱਲ ਲਈ ਪ੍ਰੀਖਿਆ ਕੰਟਰੋਲਰ, ਐਮ.ਆਰ.ਐਸ.ਪੀ.ਟੀ.ਯੂ. ਦੇ ਦਫਤਰ ਨਾਲ ਸੰਪਰਕ ਕਰ ਸਕਦਾ ਹੈ … ਮੁਸ਼ਕਲ ਰਹਿਤ ਤਰੀਕੇ ਨਾਲ, ” ।

ਇਸ ਤੋਂ ਇਲਾਵਾ ਵਿਦਿਆਰਥੀ ਕਿਸੇ ਵੀ ਅਜਿਹੇ ਮੁੱਦੇ ਦੇ ਹੱਲ ਲਈ 15 ਦਿਨਾਂ ਦੇ ਅੰਦਰ- ਅੰਦਰ ਮੋਬਾਈਲ ਨੰਬਰ 87250-72413 ‘ਤੇ ਸੰਪਰਕ ਕਰ ਸਕਦਾ ਹੈ ਜਾਂ degreecell@mrsptu.ac.in ਜਾਂ supportexam@mrsptu.ac.in’ ਤੇ ਈਮੇਲ ਭੇਜ ਸਕਦਾ ਹੈ।

ਐਮ.ਆਰ.ਐਸ.ਪੀ.ਟੀ.ਯੂ. ਨੇ ਸਾਰੇ ਸੰਵਿਧਾਨਕ ਅਤੇ ਐਫੀਲਿਏਟਿਡ ਕਾਲਜਾਂ ਨੂੰ ਸਖਤੀ ਨਾਲ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਫੀਸ ਦੇ ਭੁਗਤਾਨ / ਅਦਾਇਗੀ ਨਾ ਹੋਣ ਕਾਰਨ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੇ ਰੋਲ ਨੰਬਰ, ਸਰਟੀਫਿਕੇਟ, ਡੀ.ਐਮ.ਸੀ. ਅਤੇ ਡਿਗਰੀਆਂ ਨੂੰ ਰੋਕ ਨਹੀਂ ਸਕਦੇ।

ਰਜਿਸਟਰਾਰ ਡਾ. ਗੁਰਿੰਦਰ ਪਾਲ ਸਿੰਘ ਬਰਾੜ ਨੇ ਕਿਹਾ ਕਿ ਸੰਵਿਧਾਨਕ ਅਤੇ ਸੰਬੰਧਿਤ ਪ੍ਰਾਈਵੇਟ ਸੰਸਥਾਵਾਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਐਸ.ਸੀ./ਐਸ.ਟੀ. ਵਿਦਿਆਰਥੀਆਂ ਨੂੰ ਇਮਤਿਹਾਨ ਦੇਣ ਦੀ ਪੂਰੀ ਇਜਾਜ਼ਤ ਹੈ ਅਤੇ ਉਨ੍ਹਾਂ ਨੂੰ ਕਿਸੇ ਵੀ ਕੀਮਤ ਉੱਪਰ ਮਾਰਕਸ਼ੀਟ ਅਤੇ ਡਿਗਰੀਆਂ ਤੋਂ ਵਾਂਝੇ ਨਹੀਂ ਰਹਿਣਾ ਚਾਹੀਦਾ ਤਾਂ ਜੋ ਉਹ ਉੱਚ ਪੜ੍ਹਾਈ ਅਤੇ ਕੈਰੀਅਰ ਲਈ ਯਤਨ ਜ਼ਾਰੀ ਰੱਖ ਸਕਣ ।

ਉਹਨਾਂ ਦੱਸਿਆ ਕਿ ਯੂਨੀਵਰਸਿਟੀ ਆਨਲਾਈਨ ਸਕਾਲਰਸ਼ਿਪ/ਟਿਊਸ਼ਨ ਫੀਸ ਅਰਜ਼ੀ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਠੋਸ ਕਦਮ ਚੁੱਕ ਰਹੀ ਹੈ ਅਤੇ ਸਾਰੀਆਂ ਸਬੰਧਿਤ ਸੰਸਥਾਵਾਂ ਨੂੰ ਸਮੇਂ ਸਿਰ ਰੀਮਾਈਂਡਰ ਭੇਜੇ ਜਾ ਰਹੇ ਹਨ ਤਾਂ ਜੋ ਸਮੇਂ ਸਿਰ ਪੂਰਾ ਡਾਟਾ ਅਪਲੋਡ ਕੀਤਾ ਜਾ ਸਕੇ।

ਵਿਦਿਆਰਥੀਆਂ ਦੇ ਦਾਖਲੇ ਤੋਂ ਬਾਅਦ, ਐਮ.ਆਰ.ਐਸ.ਪੀ.ਟੀ.ਯੂ. ਦੇ ਅਧੀਨ ਕਾਲਜ / ਸੰਸਥਾਵਾਂ ਨੂੰ ਨਿਰਦੇਸ਼ ਦਿੱਤੇ ਜਾਂਦੇ ਹਨ ਕਿ ਉਹ ਡਾਟਾ ਅਪਲੋਡ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾਉਣ ਕਿ ਇਹਨਾਂ ਸਾਰੇ ਵਿਦਿਆਰਥੀਆਂ ਦੀਆਂ ਅਰਜ਼ੀਆਂ ਦੀ ਜਾਂਚ / ਤਸਦੀਕ ਪੂਰੀ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੀਆਂ ਅਰਜ਼ੀਆਂ ਦੇ ਰੱਦ ਹੋਣ ਦੀ ਕੋਈ ਗੁੰਜਾਇਸ਼ ਨਾ ਰਹੇ।

Spread the love