ਸ਼੍ਰੀਲੰਕਾ ‘ਚ ਇਸ ਵੇਲੇ ਇੱਕ ਹੋਰ ਵੱਡਾ ਸੰਕਟ ਦਿਖਾਈ ਦੇ ਰਿਹੈ।

ਦੇਸ਼ ‘ਚ ਅਨਾਜ ਦੀ ਕਮੀ ਨੂੰ ਲੈ ਕੇ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਕਿਉਂਕਿ ਪ੍ਰਾਈਵੇਟ ਬੈਂਕਾਂ ਕੋਲ ਆਯਾਤ ਨੂੰ ਵਿੱਤ ਦੇਣ ਲਈ ਵਿਦੇਸ਼ੀ ਮੁਦਰਾ ਖਤਮ ਹੋ ਗਿਆ ਹੈ।

ਇਸ ਵੇਲੇ ਦੇਸ਼ ‘ਚ ਮਹਿੰਗਾਈ ਵਧਣ ਦੀ ਸੰਭਾਵਨਾ ਵਧਦੀ ਜਾ ਰਹੀ ਹੈ।

ਹਾਲੇ ਤੱਕ ਕੋਵਿਡ-19 ਦੇ ਵਧਦੇ ਮਾਮਲਿਆਂ ਕਰਕੇ ਸਮੱਸਿਆ ਖ਼ਤਮ ਹੋਣ ਦਾ ਨਾਂਅ ਨਹੀਂ ਸੀ ਲੈ ਰਹੀ ਪਰ ਹੁਣ ਅਨਾਜ ਦੀ ਕਮੀ ਨੂੰ ਲੈ ਕੇ ਲੋਕਾਂ ਦੀ ਇੱਕ ਹੋਰ ਸਮੱਸਿਆ ਵਧ ਗਈ ਹੈ।

ਅਗਲੇ ਸੋਮਵਾਰ ਤੱਕ 16 ਦਿਨਾਂ ਦੇ ਕਰਫਿਊ ਵਿਚਕਾਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਦੁੱਧ ਦਾ ਪਾਊਡਰ, ਖੰਡ ਅਤੇ ਖਾਣਾ ਪਕਾਉਣ ਵਾਲਾ ਤੇਲ ਖਰੀਦਣ ਲਈ ਲੰਬੀਆਂ ਕਤਾਰਾਂ ਲੱਗੀਆਂ ਹਨ।

ਊਰਜਾ ਮੰਤਰੀ ਉਦੈ ਗਮਨਪਿਲਾ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਾਲਣ ਦੀ ਸੰਜਮ ਨਾਲ ਵਰਤੋਂ ਕਰਨ ਤਾਂ ਜੋ ਦੇਸ਼ ਆਪਣੀ ਵਿਦੇਸ਼ੀ ਮੁਦਰਾ ਦੀ ਵਰਤੋਂ ਜ਼ਰੂਰੀ ਦਵਾਈਆਂ ਅਤੇ ਟੀਕੇ ਖਰੀਦਣ ਲਈ ਕਰ ਸਕੇ।

ਦੂਸਰੇ ਪਾਸੇ ਦੇਸ਼ ‘ਚ ਕਈ ਲੋਕ ਅੰਨ ਭੰਡਾਰ ਕਰ ਰਹੇ ਨੇ ਜਿਸ ਕਰਕੇ ਰਾਸ਼ਟਰਪਤੀ ਗੋਤਾਬਾਯਾ ਰਾਜਪਕਸ਼ੇ ਦੁਆਰਾ ਜਨਤਕ ਸੁਰੱਖਿਆ ਆਰਡੀਨੈਂਸ ਦੇ ਅਧੀਨ ਜਾਰੀ ਕੀਤੇ ਗਏ ਐਮਰਜੈਂਸੀ ਨਿਯਮਾਂ ਵਿੱਚ ਸਰਕਾਰੀ ਅਧਿਕਾਰੀਆਂ ਨੂੰ ਵਪਾਰੀਆਂ ਦੇ ਕੋਲ ਰੱਖੇ ਭੋਜਨ ਦੇ ਭੰਡਾਰ ਨੂੰ ਜ਼ਬਤ ਕਰਨ ਅਤੇ ਜ਼ਰੂਰੀ ਭੋਜਨ ਜਮ੍ਹਾਂ ਕਰਨ ਵਾਲੇ ਲੋਕਾਂ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਗਿਆ।

ਇਹ ਵੀ ਦੱਸਿਆ ਜਾ ਰਿਹਾ ਕਿ ਰਾਸ਼ਟਰਪਤੀ ਨੇ ਭੋਜਨ ਦੀ ਵੰਡ ਦੀ ਨਿਗਰਾਨੀ ਕਰਨ ਲਈ ਇੱਕ ਮੇਜਰ ਜਨਰਲ ਨੂੰ ਵੀ ਨਿਯੁਕਤ ਕੀਤਾ ਹੈ ਕਿਉਂਕਿ ਵਸਤੂਆਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ।

ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਚਰਚਾਵਾਂ ਚੱਲ ਰਹੀਆਂ ਨੇ ਕਿ ਚੀਨ ਨਾਲ ਨੇੜਤਾ ਤੋਂ ਬਾਅਦ ਸ਼੍ਰੀਲੰਕਾ ਦੇ ਅਜਿਹੇ ਹਾਲਾਤ ਹੋਏ ਹੋ ਸਕਦੇ ਨੇ।

Spread the love