ਜਲੰਧਰ , 16 ਸਤੰਬਰ

ਇੱਕ ਪਾਸੇ ਜਿੱਥੇ ਕਿਸਾਨੀ ਅੰਦੋਲਨ ਲੰਮੇ ਸਮੇਂ ਤੋਂ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੀ ਕਾਲ ਦੇ ਮੁਤਾਬਿਕ ਭਾਜਪਾ ਦਾ ਵਿਰੋਧ ਲਗਾਤਾਰ ਜਾਰੀ ਹੈ।

ਇਸ ਵਿਚਾਲੇ ਆਏ ਦਿਨ ਕੋਈ ਨਾ ਕੋਈ ਭਾਜਪਾ ਆਗੂ ਕਿਸਾਨੀ ਅੰਦੋਲਨ ਨੂੰ ਲੈਕੇ ਬੇਤੁਕੇ ਬਿਆਨ ਦੇ ਰਿਹਾ ਹੈ। ਜਿਸ ਨਾਲ ਕਿਸਾਨਾਂ ‘ਚ ਰੋਸ਼ ਪੈਦਾ ਹੋ ਰਿਹਾ ਹੈ। ਬੀਤੇ ਦਿਨੀਂ ਭਾਜਪਾ ਨੇਤਾ ਹਰਿੰਦਰ ਸਿੰਘ ਕਾਹਲੋਂ ਨੇ ਕਿਸਾਨੀ ਅੰਦੋਲਨ ‘ਤੇ ਖ਼ਿਲਾਫ਼ ਭੱਦੀ ਟਿਪਣੀ ਕੀਤੀ ਸੀ ਜਿਸ ਨੂੰ ਲੈਕੇ ਕਿਸਾਨਾਂ ਵੱਲੋਂ ਉਸਦੇ ਘਰ ਦੀਆਂ ਕੰਧਾਂ ਤੇ ਛੱਤਾਂ ‘ਤੇ ਗੋਹਾ ਮਲਿਆ ਗਿਆ। ਹਾਲਾਂਕਿ ਇਹ ਬਿਆਨ ਕਾਹਲੋਂ ਨੇ ਦੋ ਦਿਨ ਪਹਿਲਾਂ ਦਿੱਤਾ ਸੀ, ਪਰ ਬੁੱਧਵਾਰ ਨੂੰ ਕਿਸਾਨ ਸੰਗਠਨਾਂ ਨੇ ਜਲੰਧਰ ਦੇ ਦਕੋਹਾ ਸਥਿਤ ਕਾਹਲੋਂ ਦੀ ਰਿਹਾਇਸ਼ ਨੂੰ ਘੇਰ ਲਿਆ ਅਤੇ ਨਾਅਰੇਬਾਜ਼ੀ ਕੀਤੀ।

ਦੋਆਬਾ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਇੱਥੇ ਪਹੁੰਚੇ ਕਿਸਾਨਾਂ ਨੇ ਭਾਜਪਾ ਆਗੂ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਇਸ ਬਾਰੇ ਪਤਾ ਲੱਗਦਿਆਂ ਹੀ ਕਾਹਲੋਂ ਦੇ ਘਰ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕਰ ਦਿੱਤੇ ਗਏ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਕਾਹਲੋਂ ਨੇ ਕਿਸਾਨਾਂ ਨੂੰ ਡੰਡਿਆਂ ਨਾਲ ਕੁੱਟ ਕੇ ਜੇਲ੍ਹ ਵਿੱਚ ਡੱਕਣ ਦੀ ਗ਼ਲਤ ਬਿਆਨਬਾਜ਼ੀ ਕੀਤੀ ਹੈ, ਜਿਸ ਲਈ ਉਸ ਨੂੰ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਾਹਲੋਂ ਦਾ ਸਮਾਜਿਕ ਬਾਈਕਾਟ ਵੀ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ, ਸੰਯੁਕਤ ਕਿਸਾਨ ਮੋਰਚਾ ਨੇ ਕਾਹਲੋਂ ਨੂੰ ਕਰਾਰਾ ਜਵਾਬ ਦਿੱਤਾ ਸੀ। ਮੋਰਚੇ ਦੀ ਸਟੇਜ ਤੋਂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ, ਕਾਹਲੋਂ ਨੇ ਕਿਹਾ ਕਿ ਜੇ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਗ੍ਹਾ ਹੁੰਦਾ, ਤਾਂ ਮੈਂ ਉਨ੍ਹਾਂ ਦੀਆਂ ਹੱਡੀਆਂ ਤੋੜ ਕੇ ਭਜਾ ਦਿੰਦਾ। ਮੈਂ ਇਹ ਕਹਿਣਾ ਚਾਹਾਂਗਾ ਕਿ ਬਹੁਤ ਸਾਰੇ ਅਜਿਹੇ ਭੌਂਕਣ ਵਾਲੇ ਲੋਕ ਆ ਚੁੱਕੇ ਹਨ, ਪਰ ਉਨ੍ਹਾਂ ਨੇ ਅੰਦੋਲਨ ਨੂੰ ਠੰਢਾ ਨਹੀਂ ਹੋਣ ਦਿੱਤਾ। ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ਨਾਲ ਬਦਸਲੂਕੀ ਕਰਨ ਵਾਲੇ ਕਿਸੇ ਵੀ ਆਗੂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Spread the love