ਬ੍ਰਿਟੇਨ, ਅਮਰੀਕਾ ਅਤੇ ਆਸਟ੍ਰੇਲੀਆ ਦੇ ਮੁਖ ਨੇਤਾਵਾਂ ਨੇ ਇੱਕ ਵਰਚੂਅਲ ਮੀਟਿੰਗ ਕੀਤੀ ਜਿਸ ਦੌਰਾਨ ਚੀਨ ਦੇ ਵਧਦੇ ਦਬਾਅ ਨੂੰ ਰੋਕਣ ਲਈ ਇੱਕ ਨਵਾਂ ਸੰਗਠਨ ਬਣਾਉਣ ਦਾ ਐਲਾਨ ਕੀਤਾ।

ਦਰਅਸਲ ਹਿੰਦ ਪ੍ਰਸ਼ਾਂਤ ਖੇਤਰ ’ਚ ਚੀਨ ਦੇ ਵਧਦੇ ਅਸਰ ਨੂੰ ਦੇਖਦਿਆਂ ਨਵੇਂ ਤਿਕੋਣੇ ਸੁਰੱਖਿਆ ਗੱਠਜੋੜ ਏਯੂਕੇਯੂਐੱਸ ਦਾ ਐਲਾਨ ਕੀਤਾ ਹੈ ਤਾਂ ਜੋ ਉਹ ਆਪਣੇ ਸਾਂਝੇ ਹਿੱਤਾਂ ਦੀ ਰੱਖਿਆ ਕਰ ਸਕਣ।

ਸਾਂਝੇ ਬਿਆਨ ’ਚ ਕਿਹਾ ਗਿਆ ਕਿ ਗੱਠਜੋੜ ਇਕ ਨਵੀਂ ਰੱਖਿਆ ਭਾਈਵਾਲੀ ਬਣਾਏਗਾ, ਨੌਕਰੀਆਂ ਪੈਦਾ ਹੋਣਗੀਆਂ ਅਤੇ ਖੁਸ਼ਹਾਲੀ ਵਧੇਗੀ।

ਉਨ੍ਹਾਂ ਕਿਹਾ ਕਿ ਪਣਡੁੱਬੀਆਂ ’ਚ ਪਰਮਾਣੂ ਹਥਿਆਰ ਨਹੀਂ ਹੋਣਗੇ ਸਗੋਂ ਉਹ ਪਰਮਾਣੂ ਰਿਐਕਟਰ ਤੋਂ ਸੰਚਾਲਿਤ ਹੋਣਗੀਆਂ।

ਇਹ ਇੱਕ ਵਧੀਆ ਸੰਕੇਤ ਮੰਨਿਆ ਜਾ ਰਿਹਾ ਹੈ। ਇਸੇ ਤਰ੍ਹਾਂ ਦਾ ਇੱਕ ਸੰਗਠਨ ਕਵਾਡ ਵੀ ਚੱਲ ਰਿਹਾ ਪਰ ਅਮਰੀਕਾ ਆਸਟ੍ਰੇਲੀਆ ਤੇ ਯੂਕੇ ਦੇ ਨਵਾਂ ਸੰਗਠਨ ਬਣਾਉਣ ਨਾਲ ਕਵਾਡ ‘ਤੇ ਕੋਈ ਤਾਂ ਨਹੀਂ ਪਵੇਗਾ ਇਸ ਬਾਰੇ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜੀਆਂ ਹੋਈਆਂ ਹਨ।

ਇਸ ਸੰਗਠਨ ਦਾ ਮੁੱਖ ਮਕਸਦ ਪਰਮਾਣੂ ਊਰਜਾ ਵਾਲੀਆਂ ਪਣਡੁੱਬੀਆਂ ਹਾਸਲ ਕਰਨ ’ਚ ਆਸਟਰੇਲੀਆ ਦੀ ਸਹਾਇਤਾ ਕਰਨ ਸਮੇਤ ਰੱਖਿਆ ਸਮਰੱਥਾਵਾਂ ਨੂੰ ਬਿਹਤਰ ਢੰਗ ਨਾਲ ਸਾਂਝਾ ਕਰਨ ਦੀ ਵੀ ਪਹਿਲ ਹੋਵੇਗੀ।

ਗੱਠਜੋੜ ਤਹਿਤ ਤਿੰਨੋਂ ਮੁਲਕਾਂ ਦੀਆਂ ਸਾਂਝੀਆਂ ਸਮਰੱਥਾਵਾਂ ਦੇ ਵਿਕਾਸ ਕਰਨ, ਤਕਨਾਲੋਜੀ ਨੂੰ ਸਾਂਝਾ ਕਰਨ, ਸੁਰੱਖਿਆ ਨੂੰ ਉਤਸ਼ਾਹਿਤ ਕਰਨ ਸਮੇਤ ਹੋਰ ਸਪਲਾਈ ਨੂੰ ਮਜ਼ਬੂਤ ਬਣਾਉਣ ’ਤੇ ਸਹਿਮਤੀ ਜਤਾਈ ਗਈ।

ਇਸ ਮੌਕੇ ‘ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੌਰੀਸਨ ਨੇ ਕਿਹਾ ਕਿ ਤਿੰਨਾਂ ਮੁਲਕਾਂ ਦਾ ਗੱਠਜੋੜ ਹਿੰਦ ਪ੍ਰਸ਼ਾਂਤ ਪਰਿਵਾਰ ਨਾਲ ਭਾਈਵਾਲੀ ਦੇ ਵਧਦੇ ਨੈੱਟਵਰਕ ਵਿੱਚ ਯੋਗਦਾਨ ਪਾਏਗਾ।

ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਕਿ ਤਿੰਨੋਂ ਮੁਲਕ 20ਵੀਂ ਸਦੀ ਵਾਂਗ 21ਵੀਂ ਸਦੀ ਦੇ ਖ਼ਤਰਿਆਂ ਨਾਲ ਸਿੱਝਣ ਲਈ ਆਪਣੀ ਸਾਂਝੀ ਸਮਰੱਥਾ ਵਧਾਉਣਗੇ।

Spread the love