‘ਹਮੇਂ ਤੋਂ ਅਪਨੋਂ ਨੇ ਲੂਟਾ, ਗੈਰੋਂ ਮੇਂ ਕਹਾਂ ਦਮ ਥਾਂ, ਹਮਰੀ ਕਿਸ਼ਤੀ ਥੀ ਵਹਾਂ ਡੂਬੀ ਜਹਾਂ ਪਾਣੀ ਕਮ ਥਾਂ”।

ਇਹ ਸ਼ੇਅਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਤੇ ਪੂਰੀ ਤਰ੍ਹਾਂ ਨਾਲ ਇਸ ਵਕਤ ਪੂਰੀ ਤਰ੍ਹਾਂ ਨਾਲ ਢੁਕਦਾ ਹੈ।

ਪਹਿਲੀ ਵਾਰ ਮੁੱਖ ਮੰਤਰੀ ਬਣਨ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਪਾਣੀਆਂ ਦੇ ਰਾਖੇ ਦੇ ਤੌਰ ਉਤੇ ਉਭਰੇ ਕੈਪਟਨ ਅਮਰਿੰਦਰ ਸਿੰਘ ਦੀ ਮੁੱਖ ਮੰਤਰੀ ਵਜੋਂ ਦੂਜੀ ਪਾਰੀ ਸ਼ੁਰੂ ਤੋਂ ਲੈ ਕੇ ਅਖ਼ੀਰ ਤੱਕ ਹੀ ਵਿਵਾਦਾਂ ਵਿਚ ਘਿਰੀ ਰਹੀ। ਉਨ੍ਹਾਂ ਨੂੰ ਵਿਰੋਧੀਆਂ ਤੋਂ ਘੱਟ ਆਪਣਿਆਂ ਤੋਂ ਵਧੇਰੇ ਖ਼ਤਰਾ ਬਣਿਆ ਰਿਹਾ। ਸਿਆਸੀ ਪਿੜ੍ਹ ਵਿਚ ਕੈਪਟਨ ਨੇ ਦੂਜੀ ਪਾਰੀ ਖੇਡਦੇ ਹੋਏ ਜ਼ਿਮਨੀ ਚੋਣਾਂ, ਲੋਕ ਸਭਾ ਚੋਣਾਂ, ਪੰਚਾਇਤੀ ਚੋਣਾਂ, ਮਿਉਂਸਪਲ ਕਮੇਟੀਆਂ ਦੀਆਂ ਚੋਣਾਂ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਈਆਂ ਪਰ ਉਹ ਆਪਣੇ ਹੀ ਸਾਥੀਆਂ ਦੀ ਬੇਫ਼ਵਾਈ ਕਾਰਨ ਹਾਰਦੇ ਦਿਖਾਈ ਦਿੱਤੇ। ਕੈਪਟਨ ਉਤੇ ਸ਼ੁਰੂ ਤੋਂ ਹੀ ਕਾਂਗਰਸੀ ਵਿਧਾਇਕਾਂ ਅਤੇ ਕਾਂਗਰਸੀ ਲੀਡਰਾਂ ਨੂੰ ਇਹ ਰੰਜ਼ ਰਿਹਾ ਕਿ ਉਹ ਕਿਸੇ ਨੂੰ ਮਿਲਦੇ ਨਹੀਂ ਸਨ ਅਤੇ ਸਿਰਫ਼ ਅਫਸਰਸ਼ਾਹੀ ਦੇ ਸਹਾਰੇ ਹੀ ਸਰਕਾਰ ਚਲਾਉਂਦੇ ਸਨ। ਅਫ਼ਸਰਸ਼ਾਹੀ ਵਲੋਂ ਲਗਾਤਾਰ ਕਾਂਗਰਸੀ ਵਰਕਰਾਂ ਤੇ ਲੀਡਰਾਂ ਨੂੰ ਅਣਗੌਲਿਆ ਕੀਤੇ ਜਾਣ ਦਾ ਰੌਲਾ ਪੈਂਦਾ ਰਿਹਾ।

ਕੈਪਟਨ ਅਮਰਿੰਦਰ ਸਿੰਘ ਭਾਵੇਂ ਸ਼ਾਹ ਖ਼ਾਨਦਾਨ ਨਾਲ ਸਬੰਧ ਰੱਖਦੇ ਹਨ ਪਰ ਸਿਆਸਤ ਵਿੱਚ ਉਨ੍ਹਾਂ ਦਾ ਸਫ਼ਰ ਬੇਹਦ ਚੁਣੌਤੀਆਂ ਭਰਿਆ ਰਿਹਾ ਹੈ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਭਾਜਪਾ ਦੇ ਸੀਨੀਅਰ ਆਗੂ ਅਰੁਣ ਜੇਤਲੀ ਨੂੰ ਹਰਾ ਕੇ ਅੰਮ੍ਰਿਤਸਰ ਦੀ ਸੀਟ ਜਿੱਤੀ ਸੀ। 2019 ਵਿੱਚ ਵੀ 13 ਵਿੱਚੋਂ 8 ਸੀਟਾਂ ਜਿੱਤ ਕੇ ਪੰਜਾਬ ਵਿੱਚ ਕਾਂਗਰਸ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ। ਉਹ ਦੇਸ਼ ਵਿੱਚ ਕਾਂਗਰਸ ਦੇ ਮੁੱਖ ਚਿਹਰਿਆਂ ਵਿੱਚੋਂ ਇੱਕ ਗਿਣੇ ਜਾਂਦੇ ਹਨ। 2017 ਵਿੱਚ ਕੈਪਟਨ ਅਮਰਿੰਦਰ ਸਿੰਘ ਦੂਜੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ। ਇਸ ਦੌਰਾਨ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨਾਲ ਉਨ੍ਹਾਂ ਦੇ ਸਿਆਸੀ ਟਕਰਾਅ ਸੁਰਖੀਆਂ ਵਿੱਚ ਰਹੇ। ਕਾਂਗਰਸ ਹਾਈਕਮਾਨ ਵੱਲੋਂ ਵਿਧਾਇਕ ਦਲ ਦੀ ਬੈਠਕ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਫ਼ਰ ਲਈ ਇੱਕ ਹੋਰ ਵੱਡੀ ਚੁਣੌਤੀ ਹੋ ਸਕਦੀ ਹੈ। ਇਸ ਬੈਠਕ ਦਾ ਸਿੱਟਾ ਉਨ੍ਹਾਂ ਦੇ ਸਿਆਸੀ ਸਫ਼ਰ ਦਾ ਭਵਿੱਖ ਵੀ ਤੈਅ ਕਰੇਗਾ।

ਸਤਲੁਜ ਯਮੁਨਾ ਨਹਿਰ ਦੇ ਮਾਮਲੇ ‘ਤੇ ਭਾਵੇਂ ਉਨ੍ਹਾਂ ਨੇ ਸੰਸਦ ਮੈਂਬਰ ਵਜੋਂ ਅਸਤੀਫ਼ਾ ਦੇ ਦਿੱਤਾ ਸੀ ਪਰ 2017 ਵਿੱਚ ਇੱਕ ਦਹਾਕੇ ਬਾਅਦ ਉਨ੍ਹਾਂ ਦੀ ਅਗਵਾਈ ਹੇਠ ਕਾਂਗਰਸ ਨੇ ਸੂਬੇ ਦੀ ਸੱਤਾ ਵਿੱਚ ਵਾਪਸੀ ਕੀਤੀ ਸੀ। ਪਟਿਆਲਾ ਦੇ ਸ਼ਾਹੀ ਖਾਨਦਾਨ ਦੇ ਵੰਸ਼ਜ ਅਮਰਿੰਦਰ ਸਿੰਘ 1963 ਵਿੱਚ ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਵਿੱਚ ਕਮਿਸ਼ਨ ਹੋਏ ਸਨ। ਫੌਜ ਦੀ ਨੌਕਰੀ ਉਨ੍ਹਾਂ ਨੂੰ ਬਹੁਤਾ ਰਾਸ ਨਹੀਂ ਆਈ ਅਤੇ 1965 ਦੀ ਸ਼ੁਰੁਆਤ ਵਿੱਚ ਉਨ੍ਹਾਂ ਨੇ ਫੌਜ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜਦੋਂ ਭਾਰਤ-ਪਾਕਿਸਤਾਨ ਵਿਚਾਲੇ ਜੰਗ ਛਿੜੀ ਤਾਂ ਉਹ ਮੁੜ ਭਾਰਤੀ ਫ਼ੌਜ ਦਾ ਹਿੱਸਾ ਬਣੇ। 1965 ਦੀ ਜੰਗ ਦੇ ਦੌਰਾਨ ਪੱਛਮੀ ਕਮਾਨ ਦੇ ਕਮਾਂਡਰ ਮਰਹੂਮ ਲੈਫਟੀਨੈਂਟ ਜਨਰਲ ਹਰਬਖ਼ਸ਼ ਸਿੰਘ ਦੇ ਏਡੀਸੀ ਦੇ ਰੂਪ ਵਿੱਚ ਕਾਰਜ ਸੰਭਾਲਿਆ।

ਕੈਪਟਨ ਅਮਰਿੰਦਰ ਸਿੰਘ ਦਾ ਸਿਆਸਤ ਨਾਲ ਬਹੁਤਾ ਵਾਸਤਾ ਨਹੀਂ ਸੀ ਪਰ ਉਨ੍ਹਾਂ ਦੇ ਸਕੂਲੀ ਦਿਨਾਂ ਦੇ ਦੋਸਤ ਰਾਜੀਵ ਗਾਂਧੀ 1980 ਵਿੱਚ ਉਨ੍ਹਾਂ ਨੂੰ ਕਾਂਗਰਸ ਵਿੱਚ ਲੈ ਕੇ ਆਏ। ਇਸੇ ਸਾਲ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰ ਲੋਕ ਸਭਾ ਸਾਂਸਦ ਬਣੇ। 1984 ਵਿੱਚ ਆਪ੍ਰੇਸ਼ਨ ਬਲੂ ਸਟਾਰ ਦੇ ਵਿਰੋਧ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਬਤੌਰ ਸਾਂਸਦ ਅਤੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਅਗਲੇ ਸਾਲ ਅਗਸਤ 1985 ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ। ਇਸ ਤੋਂ ਇੱਕ ਮਹੀਨੇ ਬਾਅਦ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਧਾਨ ਸਭਾ ਵਿੱਚ ਚੁਣੇ ਗਏ ਅਤੇ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਵਿੱਚ ਮੰਤਰੀ ਬਣੇ। 1987 ਵਿੱਚ ਕੇਂਦਰ ਸਰਕਾਰ ਵੱਲੋਂ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਨੂੰ ਬਰਖਾਸਤ ਕਰ ਦਿੱਤਾ ਗਿਆ ਅਤੇ ਪੰਜਾਬ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਹੋ ਗਿਆ। 1992 ਵਿੱਚ ਕੈਪਟਨ ਅਮਰਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਵੱਖ ਹੋ ਗਏ ਅਤੇ ਆਪਣੀ ਇੱਕ ਅਲੱਗ ਪਾਰਟੀ ਜਿਸ ਦਾ ਨਾਮ ਅਕਾਲੀ ਦਲ (ਪੰਥਕ), ਸੀ ਦੀ ਸ਼ੁਰੁਆਤ ਕੀਤੀ।

1998 ਵਿੱਚ ਇਹ ਪਾਰਟੀ ਕਾਂਗਰਸ ਦਾ ਹਿੱਸਾ ਬਣੀ। ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਫ਼ਰ ਨੂੰ ਜੁਲਾਈ 1998 ਵਿੱਚ ਨਵੀਂ ਉਚਾਈ ਮਿਲੀ ਜਦੋਂ ਉਨ੍ਹਾਂ ਨੂੰ ਪੰਜਾਬ ਕਾਂਗਰਸ ਦਾ ਮੁਖੀ ਐਲਾਨਿਆ ਗਿਆ। 2002 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਬਣੀ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਹਾਲਾਂਕਿ ਇਸ ਦੌਰਾਨ ਪਾਰਟੀ ਦੇ ਅੰਦਰ ਖ਼ਾਸ ਕਰਕੇ ਉਸ ਸਮੇਂ ਉਪ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨਾਲ ਅੰਦਰੂਨੀ ਸਿਆਸੀ ਲੜਾਈ ਚੱਲਦੀ ਰਹੀ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਚੁੱਕੇ ਕਈ ਕਦਮਾਂ ਨੇ ਉਨ੍ਹਾਂ ਨੂੰ ਤਾਰੀਫ਼ ਦਾ ਪਾਤਰ ਬਣਾਇਆ। ਇਨ੍ਹਾਂ ਵਿੱਚ ਪਾਣੀਆਂ ਦੀ ਵੰਡ ਦੇ ਮਸਲੇ ਤੇ ਉਨ੍ਹਾਂ ਵੱਲੋਂ ਸੂਬੇ ਦੇ ਕਿਸਾਨਾਂ ਦੇ ਪੱਖ ਨੂੰ ਮਜ਼ਬੂਤੀ ਨਾਲ ਰੱਖੇ ਜਾਣਾ ਸ਼ਾਮਲ ਹੈ।

2007 ਵਿਧਾਨ ਸਭਾ ਚੋਣਾਂ ਕਾਂਗਰਸ ਹਾਰ ਗਈ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ ਸੱਤਾ ਵਿੱਚ ਆਈ। 2012 ਦੀਆਂ ਚੋਣਾਂ ਵੀ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲੜੀਆਂ ਅਤੇ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਜੋੜੀ ਨੇ ਕਾਂਗਰਸ ਨੂੰ ਮਾਤ ਦੇ ਦਿੱਤੀ। ਇਸ ਹਾਰ ਵਿੱਚ ਕਾਂਗਰਸ ਹਾਈਕਮਾਨ ਦੀ ਵੀ ਭੂਮਿਕਾ ਸੀ ਪਰ ਕੈਪਟਨ ਅਮਰਿੰਦਰ ਸਿੰਘ ਦਾ ਜਿੱਤ ਨੂੰ ਲੈ ਕੇ ਲੋੜ ਤੋਂ ਵੱਧ ਵਿਸ਼ਵਾਸ ਵੀ ਅਕਾਲੀ ਦਲ ਦੀ ਜਿੱਤ ਦਾ ਇੱਕ ਕਾਰਨ ਬਣਿਆ। 2017 ਵਿੱਚ ਲਗਾਤਾਰ ਦਸ ਸਾਲ ਸੱਤਾ ਤੋਂ ਬਾਹਰ ਰਹਿਣ ਵਾਲੀ ਕਾਂਗਰਸ ਨੇ ਸੂਬੇ ਵਿੱਚ ਆਪਣੀ ਸਰਕਾਰ ਬਣਾਈ। ਕੈਪਟਨ ਅਮਰਿੰਦਰ ਸਿੰਘ ਨੂੰ ਜੋ ਗੱਲ ਦੂਜੇ ਸਿਆਸੀ ਨੇਤਾਵਾਂ ਨਾਲੋਂ ਵੱਖ ਕਰਦੀ ਹੈ ਉਹ ਹੈ ਉਨ੍ਹਾਂ ਦਾ ਦ੍ਰਿੜ੍ਹ ਸੰਕਲਪ। ਆਪਣੇ ਮਾੜੇ ਵੇਲੇ ਵੀ ਉਹ ਹੌਸਲਾ ਨਹੀਂ ਹਾਰੇ। ਕੈਪਟਨ ਅਮਰਿੰਦਰ ਸਿੰਘ ਫੌਜ ਨਾਲ ਸਬੰਧਤ ਇਤਿਹਾਸ ਵਿੱਚ ਵੀ ਰੁਚੀ ਰੱਖਦੇ ਹਨ ਅਤੇ ਇਸੇ ਵਿਸ਼ੇ ‘ਤੇ ਅੱਧਾ ਦਰਜਨ ਤੋਂ ਵੱਧ ਕਿਤਾਬਾਂ ਲਿੱਖ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਜ਼ਿੰਦਗੀ ਵੀ ਗ਼ੈਰ ਪਰੰਪਰਿਕ ਰਹੀ ਹੈ। ਪੰਜਾਬ ਅਤੇ ਭਾਰਤ ਸਮੇਤ ਦੂਜੇ ਦੇਸ਼ਾਂ ਵਿੱਚ ਵੀ ਉਨ੍ਹਾਂ ਦੇ ਕਈ ਦੋਸਤ ਹਨ। ਇਨ੍ਹਾਂ ਦੋਸਤਾਂ ਲਈ ਉਹ ਕਈ ਵਾਰ ਪਾਰਟੀਆਂ ਦੀ ਮੇਜ਼ਬਾਨੀ ਵੀ ਕਰਦੇ ਹਨ। ਇਹ ਮੇਜ਼ਬਾਨੀ ਸਿਰਫ਼ ਦੋਸਤਾਂ ਲਈ ਨਹੀਂ ਪਰ ਪਿਛਲੇ ਦਿਨੀਂ ਓਲੰਪਿਕਸ ਦੇ ਖਿਡਾਰੀਆਂ ਲਈ ਵੀ ਦੇਖਣ ਨੂੰ ਮਿਲੀ ਹੈ।

2013 ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦੇ ਮੁਖੀ ਦੀ ਭੂਮਿਕਾ ਤੋਂ ਹਟਾ ਦਿੱਤਾ ਗਿਆ ਸੀ ਅਤੇ ਇਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਲਈ ਉਨ੍ਹਾਂ ਨੇ ਕਾਂਗਰਸ ਹਾਈਕਮਾਨ ਨਾਲ ਇੱਕ ਤਰ੍ਹਾਂ ਦੀ ਲੜਾਈ ਲੜੀ। 2014 ਲੋਕ ਸਭਾ ਚੋਣਾਂ ਵਿੱਚ ਅਰੁਣ ਜੇਤਲੀ ਨੂੰ ਹਰਾਉਣ ਤੋਂ ਬਾਅਦ ਸਿਆਸੀ ਸਿਤਾਰੇ ਉਨ੍ਹਾਂ ਦੇ ਪੱਖ ਵਿੱਚ ਹੋਣੇ ਸ਼ੁਰੂ ਹੋ ਗਏ। ਭਾਵੇਂ ਕੈਪਟਨ ਅਮਰਿੰਦਰ ਸਿੰਘ ਲੋਕ ਸਭਾ ਸਾਂਸਦ ਬਣ ਗਏ ਸਨ ਪਰ ਫੇਰ ਵੀ ਉਨ੍ਹਾਂ ਦਾ ਧਿਆਨ ਹਮੇਸ਼ਾਂ ਪੰਜਾਬ ਦੀ ਸਿਆਸਤ ਵੱਲ ਹੀ ਰਿਹਾ। 2014 ਤੋਂ ਬਾਅਦ ਇੱਕ ਪਾਸੇ ਪਾਰਟੀ ਹਾਈਕਮਾਨ ਪੰਜਾਬ ਦੀ ਵਾਗਡੋਰ ਉਨ੍ਹਾਂ ਹੱਥ ਦੇਣ ਤੋਂ ਕਤਰਾ ਰਹੀ ਸੀ ਤਾਂ ਦੂਜੇ ਪਾਸੇ ਉਨ੍ਹਾਂ ਦੇ ਸਮਰਥਕਾਂ ਦਾ ਸਬਰ ਖ਼ਤਮ ਹੁੰਦਾ ਜਾ ਰਿਹਾ ਸੀ। ਉਨ੍ਹਾਂ ਦੇ ਕੁਝ ਸਮਰਥਕ ਚਾਹੁੰਦੇ ਸਨ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਵਾਰੀ ਫੇਰ ਕਾਂਗਰਸ ਨੂੰ ਅਲਵਿਦਾ ਕਹਿ ਕੇ 2017 ਦੀਆਂ ਚੋਣਾਂ ਲਈ ਆਪਣੀ ਪਾਰਟੀ ਬਣਾ ਲੈਣ ਪਰ ਅਖ਼ੀਰ ਕਾਂਗਰਸ ਨੇ ਇਹ ਜ਼ਿੰਮੇਵਾਰੀ ਉਨ੍ਹਾਂ ਨੂੰ ਦੇ ਦਿੱਤੀ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਕਾਂਗਰਸ ਨੇ ਜਿੱਤ ਵੀ ਹਾਸਲ ਕੀਤੀ।

2017 ਵਿੱਚ ਭਾਜਪਾ ਛੱਡ ਕੇ ਕਾਂਗਰਸ ਦਾ ਹਿੱਸਾ ਬਣੇ ਨਵਜੋਤ ਸਿੰਘ ਸਿੱਧੂ ਨਾਲ ਸ਼ੁਰੂ ਤੋਂ ਹੀ ਉਨ੍ਹਾਂ ਦੇ ਸਿਆਸੀ ਟਕਰਾਅ ਹੁੰਦੇ ਰਹੇ ਹਨ। ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿੱਚ ਕੈਬਨਿਟ ਮੰਤਰੀ ਬਣਾਇਆ ਗਿਆ ਪਰ ਕੈਬਨਿਟ ਵਿੱਚ ਫੇਰਬਦਲ ਤੋਂ ਬਾਅਦ ਨਵਾਂ ਮੰਤਰਾਲਾ ਲੈਣ ਤੋਂ ਸਿੱਧੂ ਨੇ ਇਨਕਾਰ ਕਰ ਦਿੱਤਾ ਅਤੇ ਫਿਰ ਅਸਤੀਫਾ ਦੇ ਦਿੱਤਾ। 2017 ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਘਰ-ਘਰ ਨੌਕਰੀ, ਕਿਸਾਨੀ ਕਰਜ਼ਾ ਮੁਆਫ਼, ਨਸ਼ਿਆਂ ਵਿਰੁੱਧ ਸਖ਼ਤ ਕਾਰਵਾਈ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿੱਚ ਇਨਸਾਫ਼ ਵਰਗੇ ਮੁੱਦਿਆਂ ਨੂੰ ਚੋਣ ਪ੍ਰਚਾਰ ਵਿੱਚ ਮੁੱਖ ਹਿੱਸਾ ਬਣਾ ਕੇ ਜਿੱਤ ਹਾਸਿਲ ਕੀਤੀ ਸੀ। 2021 ਤੱਕ ਇਨ੍ਹਾਂ ਮੁੱਦਿਆਂ ‘ਤੇ ਹੀ ਬਹੁਤੀ ਸਖ਼ਤ ਕਾਰਵਾਈ ਨਾ ਹੋਣ ਦਾ ਹਵਾਲਾ ਦੇ ਕੇ ਨਵਜੋਤ ਸਿੰਘ ਸਿੱਧੂ ਨੇ ਵਾਰ-ਵਾਰ ਉਨ੍ਹਾਂ ਨੂੰ ਘੇਰਿਆ ਹੈ।

ਬਿਜਲੀ ਸਮਝੌਤੇ ਅਤੇ ਖੇਤੀ ਕਾਨੂੰਨਾਂ ਦਾ ਮੁੱਦਾ ਵੀ ਇਸ ਦੌਰਾਨ ਛਾਇਆ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਮਹਾਂਮਾਰੀ ਨੇ ਵੀ ਸੂਬੇ ਦੇ ਆਰਥਿਕ ਹਾਲਾਤਾਂ ਨੂੰ ਪ੍ਰਭਾਵਿਤ ਕੀਤਾ ਹੈ। nvjoq ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਦਾ ਵਿਰੋਧ ਵੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ। ਹੁਣ ਪੰਜਾਬ ਦੇ ਕਈ ਵਿਧਾਇਕ ਅਤੇ ਕੈਬਨਿਟ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਖ਼ਿਲਾਫ਼ ਖੜ੍ਹੇ ਹੋ ਗਏ ਹਨ ਜਿਸ ਕਰਕੇ ਉਨ੍ਹਾਂ ਦੇ ਸਿਆਸੀ ਕਰੀਅਰ ਲਈ ਫਿਰ ਇੱਕ ਵਾਰ ਖ਼ਤਰੇ ਦੀ ਘੰਟੀ ਵੱਜ ਗਈ ਹੈ।

Spread the love