ਨਿਰਮਲ ਸਿੰਘ ਮਾਨਸ਼ਾਹੀਆ
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਭਾਵੇਂ ਅਜੇ ਕੁੱਝ ਮਹੀਨੇ ਰਹਿੰਦੇ ਹਨ ਪ੍ਰੰਤੂ ਰਾਜਨੀਤਿਕ ਪਾਰਟੀਆਂ ਨੇ ਸਿਆਸੀ ਪਿੜ ਪਹਿਲਾਂ ਹੀ ਮਘਾ ਰੱਖਿਆ ਹੈ। ਚਾਹੇ ਗੱਲ ਵਿਰੋਧੀ ਧਿਰਾਂ ਆਮ ਆਦਮੀ, ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ ਹੋਵੇ ਜਾਂ ਫਿਰ ਸੱਤਾਧਿਰ ਕਾਂਗਰਸ ਪਾਰਟੀ ਦੀ ਹੋਵੇ, ਸਾਰੀਆਂ ਹੀ ਪਾਰਟੀਆਂ ਚੋਣਾਂ ਤੋਂ ਪਹਿਲਾਂ ਆਪੋ-ਆਪਣੀ ਅੰਦਰੂਨੀ ਮੁਰੰਮਤ-ਟੁੱਟ-ਭੱਜ ਠੀਕ ਕਰਦੀਆਂ ਨਜ਼ਰ ਆ ਰਹੀਆਂ ਹਨ। ਇੱਕ ਪਾਸੇ ਜਿੱਥੇ ਸੱਤਾਧਿਰ ਕਾਂਗਰਸ ਦੇ ਅੰਦਰ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਕਾਟੋ-ਕਲੇਸ਼ ਸਿਖ਼ਰਾਂ ਉਤੇ ਪਹੁੰਚਿਆ ਹੋਇਆ ਹੈ ਉਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਵਿਚ ਵੀ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਕੱਟਾਕੱਟੀ ਹੁੰਦੀ ਵਿਖਾਈ ਦੇ ਰਹੀ ਹੈ। ਆਪ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵਿਚਕਾਰ ਦੂਰੀਆਂ ਵਧੀਆਂ ਹੋਈਆਂ ਹਨ। ਇਸੇ ਤਰ੍ਹਾਂ ਜੇਕਰ ਤੀਜੀ ਮੁੱਖ ਸ਼੍ਰੋਮਣੀ ਅਕਾਲੀ ਦਲ ਵੱਲ ਨਜ਼ਰ ਮਾਰੀ ਜਾਵੇ ਤਾਂ ਸੀਟਾਂ ਨੂੰ ਲੈ ਕੇ ਕਈ ਸੀਨੀਅਰ ਲੀਡਰਾਂ ਵਲੋਂ ਦੱਬੀ ਸੁਰ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਾਰਜਸ਼ੈਲੀ ਉਤੇ ਸਵਾਲ ਉਠਾਏ ਜਾਣ ਲੱਗੇ ਹਨ।
ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਖਿਚੋਤਾਣ ਬਣੀ ਹੋਈ ਹੈ। ਪਿਛਲੇ ਦਿਨੀਂ ਕੈਪਟਨ ਸਰਕਾਰ ਵਲੋਂ ਬੁਲਾਏ ਗਏ ਵਿਧਾਨ ਸਭਾ ਦੇ ਇੱਕ ਦਿਨਾਂ ਵਿਸ਼ੇਸ਼ ਸੈਸ਼ਨ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ ਵਲੋਂ ਜਾਰੀ ਕੀਤੇ ਗਏ ਵਿੱਪ ਤੋਂ ਇਹ ਸੰਕੇਤ ਮਿਲਣੇ ਸ਼ੁਰੂ ਹੋ ਗਏ ਸਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਸਿੱਧੂ ਧੜ੍ਹੇ ਵਲੋਂ ਕਿਸੇ ਵੀ ਸਮੇਂ ਕੋਈ ਮੋਰਚਾ ਖੋਲਿ੍ਹਆ ਜਾ ਸਕਦਾ ਹੈ। ਭਾਵੇਂ ਸੈਸ਼ਨ ਦੌਰਾਨ ਅਜਿਹੀ ਕੋਈ ਸਿਆਸੀ ਘਟਨਾ ਨਹੀਂ ਵਾਪਰੀ ਪ੍ਰੰਤੂ ਸਿੱਧੂ ਧੜ੍ਹਾ ਪੂਰੀ ਤਾਕ ਵਿਚ ਸੀ। ਸਿੱਧੂ ਧੜ੍ਹੇ ਦੇ ਸਮਰੱਥਕ ਵਜ਼ੀਰਾਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਅਤੇ ਸੁੱਖ ਸਰਕਾਰੀਆ ਵਲੋਂ ਸ਼ਰ੍ਹੇਆਮ ਬਾਗੀ ਸੁਰਾ ਵਿਖਾਉਂਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਦੀ ਮੰਗ ਕਰਨਾ, ਸਿੱਧੂ ਧੜ੍ਹੇ ਦੇ ਵਿਧਾਇਕਾਂ ਵਲੋਂ ਸ਼ਕਤੀ ਪ੍ਰਦਰਸ਼ਨ ਲਈ ਮੀਟਿੰਗਾਂ ਕਰਨਾ ਅਤੇ ਫੇਰ ਕੈਪਟਨ ਨੂੰ ਹਟਾਉਣ ਲਈ ਕਾਂਗਰਸ ਹਾਈਕਮਾਂਡ ਨਾਲ ਮੁਲਾਕਾਤ ਕਰਨ ਆਦਿ ਤੋਂ ਚਿੱਟੇ ਦਿਨ ਵਾਂਗ ਸਾਫ਼ ਹੋ ਗਿਆ ਸੀ ਕਿ ਕੈਪਟਨ ਦੀ ਕੁਰਸੀ ਖ਼ਤਰੇ ਵਿਚ ਹੈ। ਇਸ ਤੋਂ ਬਾਅਦ ਭਾਵੇਂ ਕੈਪਟਨ ਵਲੋਂ ਡੈਮੇਜ਼ ਕੰਟਰੋਲ ਕਰਨ ਲਈ ਵਿਧਾਇਕਾਂ ਨੂੰ ਸ਼ਾਹੀ ਡਿਨਰ ਦੇ ਕੇ ਸ਼ਕਤੀ ਪ੍ਰਦਰਸ਼ਨ ਦਾ ਦਿਖਾਵਾ ਕਰਕੇ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਸਭ ਠੀਕ ਠਾਕ ਹੈ ਅਤੇ ਸਿੱਧੂ ਧੜ੍ਹਾ ਭੁਲੇਖੇ ਵਿਚ ਹੈ।
ਕੁੱਝ ਦਿਨ ਮਾਹੌਲ ਸ਼ਾਂਤ ਹੋਣ ਤੋਂ ਬਾਅਦ ਪਿਛਲੇ ਦਿਨੀਂ ਸਿੱਧੂ ਧੜ੍ਹੇ ਦੇ ਮੰਤਰੀਆਂ ਸਮੇਤ 40 ਵਿਧਾਇਕਾਂ ਵਲੋਂ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਤੁਰੰਤ ਬੁਲਾਉਣ ਸਬੰਧੀ ਲਿਖੀ ਚਿੱਠੀ ਤੋਂ ਬਾਅਦ ਮੁੜ ਕਾਂਗਰਸ ਅੰਦਰ ਸਿਆਸੀ ਧਮਾਕਾ ਵੇਖਣ ਨੂੰ ਮਿਲਿਆ।
ਸ਼ੁੱਕਰਵਾਰ ਦੇਰ ਰਾਤ ਲਗਭਗ 12 ਵੱਜਣ ਤੋਂ ਕੁੱਝ ਮਿੰਟ ਪਹਿਲਾਂ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵਲੋਂ ਕੀਤੇ ਗਏ ਟਵੀਟ ਨਾਲ ਜਿੱਥੇ ਕੈਪਟਨ ਧੜ੍ਹੇ ਦੀ ਨੀਂਦ ਉਡ ਗਈ ਉਥੇ ਹੀ ਸਿੱਧੂ ਧੜ੍ਹਾ ਹੌਂਸਲੇ ਵਿਚ ਵਿਖਾਈ ਦਿੱਤਾ। ਰਾਵਤ ਨੇ ਟਵੀਟ ਕਰਕੇ ਕਿਹਾ ਸੀ ਕਿ ਪੰਜਾਬ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਬੁਲਾਉਣ ਦਾ ਫੈਸਲਾ ਲਿਆ ਗਿਆ ਹੈ। ਰਾਵਤ ਦੇ ਟਵੀਟ ਤੋਂ ਲਗਭਗ 5 ਮਿੰਟ ਬਾਅਦ ਹੀ ਨਵਜੋਤ ਸਿੱਧੂ ਦਾ ਟਵੀਟ ਕਰਦੇ ਹਨ ਕਿ ਕਾਂਗਰਸ ਵਿਧਾਇਕ ਦਲ ਦੀ ਅਹਿਮ ਮੀਟਿੰਗ ਸ਼ਨੀਵਾਰ ਨੂੰ ਸ਼ਾਮ 5 ਵਜੇ ਪੰਜਾਬ ਕਾਂਗਰਸ ਭਵਨ ਵਿਖੇ ਹੋਵੇਗੀ। ਸਿੱਧੂ ਦੇ ਟਵੀਟ ਤੋਂ ਬਾਅਦ ਕਾਂਗਰਸੀ ਲੀਡਰਾਂ ਵਲੋਂ ਟਵੀਟਾਂ ਦਾ ਸਿਲਸਿਲਾ ਸ਼ਨੀਵਾਰ ਸ਼ਾਮ ਤੱਕ ਚੱਲਦਾ ਰਿਹਾ। ਕਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਇਸ ਫੈਸਲੇ ਉਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਰਾਹੁਲ ਗਾਂਧੀ ਨੂੰ ਵਧਾਈ ਦਿੰਦੇ ਹੋਏ ਚੰਗਾ ਤੇ ਦੂਰਦਰਸ਼ੀ ਫੈਸਲਾ ਦੱਸਦੇ ਹਨ ਅਤੇ ਕਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਟਵੀਟ ਕਰਦੇ ਹੋਏ ਕਾਂਗਰਸੀ ਵਿਧਾਇਕਾਂ ਨੂੰ ਕਹਿੰਦਾ ਹਨ ਕਿ ਮੁੱਖ ਮੰਤਰੀ ਬਦਲਣ ਦਾ ਇਸ ਤੋਂ ਵਧੀਆ ਹੋਰ ਕੋਈ ਮੌਕਾ ਨਹੀਂ ਹੋ ਸਕਦਾ। ਇਸ ਲਈ ਇੱਕ ਚੰਗੇ ਲੀਡਰ ਨੂੰ ਮੁੱਖ ਮੰਤਰੀ ਵਜੋਂ ਚੁਣਿਆ ਜਾਣਾ ਚਾਹੀਦਾ ਹੈ।
ਕਾਂਗਰਸ ਹਾਈਕਮਾਂਡ ਦੇ ਹਲਕਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਦਾ ਗੁੱਝਾ ਏਜੰਡਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣ ਦਾ ਰਹੇਗਾ। ਕੈਪਟਨ ਦੇ ਖਿਲਾਫ਼ ਵੱਡੀ ਗਿਣਤੀ ਵਿਧਾਇਕਾਂ ਨੂੰ ਨਵਜੋਤ ਸਿੱਧੂ ਪਿਛਲੇ ਕਾਫ਼ੀ ਸਮੇਂ ਤੋਂ ਲਾਮਬੰਦ ਕਰਨ ਵਿਚ ਲੱਗੇ ਹੋਏ ਸਨ ਜਿਹੜੇ ਕਿ ਹੁਣ ਕੈਪਟਨ ਨੂੰ ਗੱਦੀਓਂ ਲਾਹੁਣ ਦਾ ਵੱਡਾ ਮੌਕਾ ਹੱਥੋਂ ਖੁੱਝਣ ਨਹੀਂ ਦੇਣਗੇ।
ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਲਗਭਗ 4:30 ਵਜੇ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਆਪਣਾ ਅਸਤੀਫਾ ਦੇਣ ਦੀ ਤਿਆਰੀ ਖਿੱਚ ਲਈ ਹੈ। ਕਾਂਗਰਸ ਵਿਧਾਇਕ ਦਲ ਦੀ ਮੀਟਿੰਗ 5 ਵਜੇ ਸ਼ੁਰੂ ਹੋਵੇਗੀ ਜਦੋਂ ਕਿ ਕੈਪਟਨ ਵਲੋਂ 4:30 ਵਜੇ ਰਾਜ ਭਵਨ ਦੇ ਬਾਹਰ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ। ਇਸ ਸਭ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਕਾਂਗਰਸ ਹਾਈਕਮਾਂਡ ਵਲੋਂ ਕੈਪਟਨ ਨੂੰ ਕੁਰਸੀ ਛੱਡਣ ਦਾ ਸੰਕੇਤ ਮਿਲ ਗਿਆ ਹੈ।
ਹੁਣ ਵੇਖਣਾ ਇਹ ਹੋਵੇਗਾ ਕਿ ਕੈਪਟਨ ਖੁਦ ਪਹਿਲ ਕਰਦੇ ਹਨ ਜਾਂ ਫੇਰ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿਚੋਂ ਉਨ੍ਹਾਂ ਨੂੰ ਕੁਰਸੀ ਤੋਂ ਲਾਂਭੇ ਕੀਤਾ ਜਾਂਦਾ ਹੈ। ਪ੍ਰੰਤੂ ਇਸ ਸਭ ਤੋਂ ਇਹ ਸਪਸਟ ਹੋ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ਕਾਂਗਰਸ ਦੀ ਅੰਦਰੂਨੀ ਲੜਾਈ ਭਾਂਬੜ ਬਣ ਕੇ ਬਾਹਰ ਆਏਗੀ।