ਨਵੀਂ ਦਿੱਲੀ , 24 ਸਤੰਬਰ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਅੱਜ ਕੁੱਝ ਖੁਸ਼ ਨਜ਼ਰ ਆ ਰਹੇ ਹਨ। ਦਰਅਸਲ ਜਦੋਂ ਦਾ ਕਾਂਗਰਸ ‘ਚ ਕਾਟੋ ਕਲੇਸ਼ ਚੱਲ ਰਿਹਾ ਹੈ ਉਦੋਂ ਤੋਂ ਕਈਆਂ ਦੇ ਮੰਨਾ ‘ਚ ਗੁੱਸਾ ਸੀ। ਜਾਖੜ ਵੀ ਚਰਨਜੀਤ ਸਿੰਘ ਚੰਨੀ ਦੀ ਤਾਜਪੋਸ਼ੀ ਤੋਂ ਬਾਅਦ ਨਾਰਾਜ਼ ਸਨ। ਪਰ ਹੁਣ ਸੁਨੀਲ ਜਾਖੜ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦਾ ਫੈਸਲਾਇੱਕ ਸਾਹਸੀ ਫੈਸਲਾ ਕਰਾਰ ਦਿੱਤਾ ਹੈ। ਸੁਨੀਲ ਜਾਖੜ ਦੇ ਤਾਜ਼ੇ ਬਿਆਨ ਤੋਂ ਲਗਦਾ ਹੈ ਕਿ ਰਾਹੁਲ ਗਾਂਧੀ ਉਨ੍ਹਾਂ ਨੂੰ ਮਨਾਉਣ ਵਿੱਚ ਕਾਮਯਾਬ ਹੋਏ ਹਨ।

ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ਤੋਂ ਬਾਹਰ ਰਹਿਣ ‘ਤੇ ਨਾਰਾਜ਼ਗੀ ਜ਼ਾਹਰ ਕਰਨ ਦੇ ਕੁਝ ਦਿਨਾਂ ਬਾਅਦ ਜਾਖੜ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਰਾਹੁਲ ਗਾਂਧੀ ਦੇ ਫੈਸਲੇ ਦਾ ਸਮਰਥਨ ਕੀਤਾ ਹੈ ਅਤੇ ਇਸ ਨੂੰ ਇੱਕ “ਸਾਹਸੀ ਫੈਸਲਾ” ਕਰਾਰ ਦਿੱਤਾ ਹੈ।

ਦਿੱਲੀ ਵਿੱਚ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਸੁਨੀਲ ਜਾਖੜ ਨੇ ਟਵੀਟ ਕਰਕੇ ਰਾਹੁਲ ਗਾਂਧੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਨੂੰ ਮੁੱਖ ਮੰਤਰੀ ਚੁਣ ਕੇ ਰਾਹੁਲ ਗਾਂਧੀ ਨੇ ਪਾਰਟੀ ਵਿੱਚ ਹੋਰਨਾਂ ਨੂੰ ਉੱਭਰਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਨੇ ਇਸ ਨੂੰ ਇੱਕ ਦਲੇਰਾਨਾ ਫੈਸਲਾ ਦੱਸਿਆ ਅਤੇ ਕਿਹਾ ਕਿ ਇਹ ਫੈਸਲਾ ਜੋ ਕਿ ਸਿੱਖ ਧਰਮ ਦੀਆਂ ਨੀਤੀਆਂ ਵਿੱਚ ਜੜਿਆ ਹੋਇਆ ਹੈ, ਨਾ ਸਿਰਫ ਰਾਜ ਲਈ ਬਲਕਿ ਰਾਜ ਦੇ ਸਮਾਜਿਕ ਤਾਣੇ -ਬਾਣੇ ਲਈ ਵੀ ਮਹੱਤਵਪੂਰਨ ਪਲ ਹੈ।

ਦਰਅਸਲ, ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਤੋਂ ਬਾਅਦ ਨਾਰਾਜ਼ ਹੋਏ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਬੁੱਧਵਾਰ ਨੂੰ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਇੰਨਾ ਹੀ ਨਹੀਂ, ਜਾਖੜ ਰਾਹੁਲ-ਪ੍ਰਿਯੰਕਾ ਦੇ ਨਾਲ ਜਹਾਜ਼ ਰਾਹੀਂ ਦਿੱਲੀ ਵੀ ਗਏ । ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ, ਉਹ ਭਵਿੱਖ ਦੇ ਮੁੱਖ ਮੰਤਰੀਆਂ ਦੀ ਲਿਸਟ ਵਿੱਚ ਮੋਹਰੀ ਸਨ। ਹਾਲਾਂਕਿ ਚਰਨਜੀਤ ਸਿੰਘ ਚੰਨੀ ਜਿੱਤ ਗਏ। ਇਸ ਤੋਂ ਬਾਅਦ ਸੁਨੀਲ ਜਾਖੜ ਨੇ ਖੁੱਲ੍ਹ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ।

Spread the love