ਹਰਿਆਣਾ, 01 ਅਕਤੂਬਰ

ਕਿਸਾਨਾਂ ਵੱਲੋਂ ਅੱਜ ਸੂਬੇ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ਹੈ। ਦੱਸ ਦੇਈਏ ਕਿ ਹਰਿਆਣਾ ਦੇ ਝੱਜਰ ‘ਚ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਇੱਕ ਪ੍ਰੋਗਰਾਮ ਵਿੱਚ ਆਉਣਾ ਸੀ ਪਰ ਉਸਤੋਂ ਪਹਿਲਾਂ ਹੀ ਜਿਵੇਂ ਹੀ ਕਿਸਾਨਾਂ ਨੂੰ ਇਸ ਗੱਲ ਦੀ ਭਿਣਕ ਲੱਗੀ ਤਾਂ ਕਿਸਾਨ ਕਾਲੀਆਂ ਝੰਡੀਆਂ ਲੈਕੇ ਵਿਰੋਧ ਕਰਨ ਪਹੁੰਚ ਗਏ।

ਦੁਸ਼ਯੰਤ ਚੌਟਾਲਾ ਦੇ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਤੇ ਕਿਸਾਨ ਆਹਮੋ-ਸਾਹਮਣੇ ਹੋ ਗਏ। ਕਾਲੇ ਝੰਡੇ ਫੜ ਤੇ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਨਾਅਰੇ ਲਗਾਉਂਦੇ ਹੋਏ ਕਿਸਾਨਾਂ ਨੂੰ ਉਪ ਮੁੱਖ ਮੰਤਰੀ ਦੇ ਸਮਾਗਮ ਵਾਲੇ ਸਥਾਨ ਤੋਂ ਥੋੜ੍ਹੀ ਦੂਰੀ ‘ਤੇ ਹੀ ਪੁਲਿਸ ਨੇ ਰੋਕ ਲਿਆ।

ਇਸ ਤੋਂ ਬਾਅਦ ਕਿਸਾਨਾਂ ਨਾਲ ਪੁਲਿਸ ਦਾ ਮਾਮੂਲੀ ਝਗੜਾ ਹੋਇਆ। ਜਦੋਂ ਵਿਰੋਧ ਕਰ ਰਹੇ ਕਿਸਾਨ ਨਾ ਰੁਕੇ ਤਾਂ ਪੁਲਿਸ ਨੇ ਉਨ੍ਹਾਂ ‘ਤੇ ਹਲਕੀ ਵਾਟਰ ਕੈਨਨ ਦੀ ਵਰਤੋਂ ਕੀਤੀ। ਸਥਿਤੀ ਤਣਾਅਪੂਰਨ ਹੋਣ ਤੋਂ ਬਾਅਦ ਡੀਸੀ ਸ਼ਿਆਮ ਲਾਲ ਪੂਨੀਆ ਤੇ ਐਸਪੀ ਰਾਜੇਸ਼ ਦੁੱਗਲ ਕਿਸਾਨਾਂ ਨੂੰ ਮਨਾਉਣ ਲਈ ਪਹੁੰਚੇ।

ਕੁਝ ਹੀ ਦੇਰ ਵਿੱਚ ਪੁਲਿਸ ਉੱਥੇ ਪਹੁੰਚ ਗਈ ਤੇ ਪਾਣੀ ਦੀ ਤੋਪਾਂ ਨਾਲ ਕਿਸਾਨਾਂ ਦੀ ਭੀੜ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਬਾਵਜੂਦ ਕਿਸਾਨ ਅੱਗੇ ਵਧਦੇ ਰਹੇ। ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਸੜਕਾਂ ‘ਤੇ ਬੈਰੀਕੇਡਿੰਗ ਵੀ ਕੀਤੀ ਹੋਈ ਸੀ ਪਰ ਕਿਸਾਨ ਬੈਰੀਕੇਡਿੰਗ ਵੀ ਹਟਾ ਕੇ ਅੱਗੇ ਵੱਧ ਗਏ।ਇਸ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚਾਲੇ ਜ਼ਬਰਦਸਤ ਝੜਪ ਵੀ ਹੋਈ ਤੇ ਪੁਲਿਸ ਨੇ ਕਿਸਾਨਾਂ ਨੂੰ ਪਿੱਛੇ ਧੱਕ ਦਿੱਤਾ। ਗੁੱਸੇ ਵਿਚ ਆਏ ਕਿਸਾਨਾਂ ਨੇ ਝੱਜਰ ਹਾਈਵੇਅ ਜਾਮ ਕਰ ਦਿੱਤਾ ਹੈ।

Spread the love