ਚੰਡੀਗੜ੍ਹ, 2 ਅਕਤੂਬਰ

ਝੋਨੇ ਦੇ ਸੀਜ਼ਨ ਦੀ ਸ਼ੁਰੂਆਤ ‘ਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੁਲਿਸ ਵਿਭਾਗ ਨੂੰ ਦੂਜੇ ਸੂਬਿਆਂ ਤੋਂ ਪੰਜਾਬ ਦੀਆਂ ਮੰਡੀਆਂ ‘ਚ ਵੇਚਣ ਲਈ ਗ਼ੈਰਕਾਨੂੰਨੀ ਆਉਂਦੇ ਚੌਲ ਅਤੇ ਝੋਨੇ ਨੂੰ ਪੰਜਾਬ ਅੰਦਰ ਦਾਖਲ ਨਾ ਹੋਣ ਦੇ ਸਖ਼ਤੀ ਨਾਲ ਨਿਰਦੇਸ਼ ਜਾਰੀ ਕੀਤੇ ਹਨ। ਰੰਧਾਵਾ ਨੇ ਸਾਰੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਚੌਕਸ ਕੀਤਾ ਹੈ ਕਿ ਪੰਜਾਬ ਨਾਲ ਲੱਗਦੇ ਸੂਬਿਆਂ ਦੇ ਸਰਹੱਦਾਂ ਰਾਹੀਂ ਆਉਂਦੇ ਚੌਲ ਤੇ ਝੋਨੇ ਨੂੰ ਰੋਕਣ ਲਈ ਸਾਰੀਆਂ ਮੁੱਖ ਸੜਕਾਂ ਅਤੇ ਲਿੰਕ ਸੜਕਾਂ ਦੀ ਦਿਨ-ਰਾਤ ਨਾਕੇਬੰਦੀ ਕੀਤੀ ਜਾਵੇ ਅਤੇ ਅਜਿਹੇ ਵਾਹਨਾਂ ਦੀ ਚੈਕਿੰਗ ਕੀਤੀ ਜਾਵੇ।

ਉਪ ਮੁੱਖ ਮੰਤਰੀ ਨੇ ਪ੍ਰਮੁੱਖ ਸਕੱਤਰ ਗ੍ਰਹਿ ਤੇ ਡੀ.ਜੀ.ਪੀ. ਨੂੰ ਵੀ ਪੱਤਰ ਜਾਰੀ ਕਰਦਿਆਂ ਆਖਿਆ ਹੈ ਕਿ ਦੂਜੇ ਸੂਬਿਆਂ ਤੋਂ ਆਉਂਦੇ ਚੌਲ/ਝੋਨੇ ਨੂੰ ਰੋਕਣ ਲਈ ਜ਼ਿਲ੍ਹਿਆਂ ਵਿੱਚ ਲੋੜੀਂਦੇ ਵਾਧੂ ਪੁਲਿਸ ਸਟਾਫ਼ ਨੂੰ ਅੱਜ ਸ਼ਾਮ ਤੱਕ ਤਾਇਨਾਤ ਕਰ ਦਿੱਤਾ ਜਾਵੇ।

ਰੰਧਾਵਾ ਨੇ ਸਾਰੇ ਐਸ.ਐਸ.ਪੀਜ਼ ਨੂੰ ਚੌਕਸ ਕਰਦਿਆਂ ਆਖਿਆ ਕਿ ਇਨ੍ਹਾਂ ਹੁਕਮਾਂ ਦੀ ਪਾਲਨਾ ਸਖ਼ਤੀ ਨਾਲ ਕੀਤੀ ਜਾਵੇ, ਖ਼ਾਸ ਕਰ ਕੇ ਦੂਜੇ ਸੂਬਿਆਂ ਦੀਆਂ ਸਰਹੱਦਾਂ ਨਾਲ ਲੱਗਦੇ ਜ਼ਿਲ੍ਹਿਆਂ ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ, ਐਸ.ਏ.ਐਸ.ਨਗਰ, ਰੂਪਨਗਰ, ਹੁਸ਼ਿਆਰਪੁਰ, ਗੁਰਦਾਸਪੁਰ ਤੇ ਪਠਾਨਕੋਟ ਦੇ ਪੁਲਿਸ ਮੁਖੀ ਇਹ ਯਕੀਨੀ ਬਣਾਉਣ ਕਿ ਕਿਸੇ ਵੀ ਰਾਸਤੇ ਕੋਈ ਵੀ ਵਾਹਨ ਅਜਿਹੀ ਗ਼ੈਰਕਾਨੂੰਨੀ ਕਾਰਵਾਈ ਨੂੰ ਅੰਜਾਮ ਨਾ ਦੇ ਸਕੇ।

ਉਪ ਮੁੱਖ ਮੰਤਰੀ ਨੇ ਕਿਹਾ ਕਿ ਹਰ ਸਾਲ ਅਖ਼ਬਾਰਾਂ ਵਿੱਚ ਇਹ ਖ਼ਬਰਾਂ ਆਉਂਦੀਆਂ ਹਨ ਕਿ ਪੰਜਾਬ ਨਾਲ ਲੱਗਦੇ ਸੂਬਿਆਂ ਦੀਆਂ ਸਰਹੱਦਾਂ ਰਾਹੀਂ ਦੂਜੇ ਸੂਬਿਆਂ ਤੋਂ ਚੌਲ/ਝੋਨਾ ਪੰਜਾਬ ਦੀਆਂ ਮੰਡੀਆਂ ਵਿੱਚ ਵਿਕਣ ਆਉਂਦਾ ਹੈ, ਜੋ ਕਿ ਸਰਾਸਰ ਗ਼ਲਤ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਵਾਰ ਝੋਨੇ ਦੇ ਸੀਜ਼ਨ ਦੌਰਾਨ ਇਸ ਗੈਰ ਕਾਨੂੰਨੀ ਕਾਰਵਾਈ ਨੂੰ ਰੋਕਣ ਲਈ ਪੂਰੀ ਸਖ਼ਤੀ ਵਰਤੀ ਜਾਵੇ।

Spread the love