ਨਵੀਂ ਦਿੱਲੀ, 06 ਅਕਤੂਬਰ

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਵਿਖੇ ਸਟੇਜ ਦੀ ਕਾਰਵਾਈ ਨੌਜਵਾਨਾਂ ਵੱਲੋਂ ਸੰਭਾਲੀ ਗਈ। ਸਟੇਜ ਤੋਂ ਸੁਖਜਿੰਦਰ ਸਿੰਘ ਛਾਜਲੀ ਅਤੇ ਸਨੀ ਸਿੰਘ ਛਾਜਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਿੰਦੁਸਤਾਨ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ। ਜਦੋਂ ਵੀ ਭਾਰਤ ‘ਚ ਕੋਈ ਧਾੜਵੀ ਆਇਆ ਉਨ੍ਹਾਂ ਦਾ ਮੁਕਾਬਲਾ ਭਾਰਤ ਦੇ ਕਿਰਤੀ ਲੋਕਾਂ ਜਿਸ ‘ਚ ਖ਼ਾਸ ਕਰ ਕੇ ਪੰਜਾਬ ਅਤੇ ਬੰਗਾਲ ਦੇ ਕਿਰਤੀ ਲੋਕਾਂ ਦੀ ਜਰਵਾਣਿਆਂ ਨੂੰ ਮੂੰਹ ਤੋੜਵਾਂ ਜਵਾਬ ਦੇਣ ‘ਚ ਬਹੁਤ ਵੱਡੀ ਦੇਣ ਹੈ। ਸਾਡੇ ਦਸਾਂ ਗੁਰੂਆਂ ਤੋਂ ਲੈ ਕੇ ਗ਼ਦਰੀ ਬਾਬੇ, ਬੱਬਰ ਅਕਾਲੀ, ਭਗਤ ਸਰਾਭਿਆਂ ਤੱਕ ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣ ਲਈ ਕੁਰਬਾਨੀਆਂ ਦਾ ਬਹੁਤ ਵੱਡਾ ਇਤਿਹਾਸ ਹੈ।

ਨੌਜਵਾਨ ਆਗੂਆਂ ਨੇ ਜਲ੍ਹਿਆਂਵਾਲੇ ਬਾਗ਼ ‘ਚ ਬੀਜੇਪੀ ਹਕੂਮਤ ਵੱਲੋਂ ਕੀਤਾ ਗਿਆ ਨਵੀਨੀਕਰਨ ਜਿਸ ‘ਚ ਇਤਿਹਾਸਕ ਗੱਲਾਂ ਨੂੰ ਹਟਾਇਆ ਗਿਆ ਹੈ। ਇਹ ਭਾਰਤੀ ਲੋਕਾਂ ਨਾਲ ਜਾਬਰ ਹਕੂਮਤਾਂ ਵੱਲੋਂ ਬਹੁਤ ਵੱਡਾ ਧੋਖਾ ਕੀਤਾ ਗਿਆ ਹੈ। ਕਿਉਂਕਿ ਇਹ ਭਾਰਤ ਦੇ ਨੌਜਵਾਨਾਂ ਨੂੰ ਅਸਲੀ ਇਤਿਹਾਸ ਨਾਲੋਂ ਤੋੜ ਕੇ ਰੱਖਣ ਦੀ ਸਾਜ਼ਿਸ਼ ਹੈ।

ਪਰਮਜੀਤ ਕੌਰ ਬੌਡੇ ਨੇ ਕਿਹਾ ਕਿ 5 ਅਕਤੂਬਰ 1972 ਨੂੰ ਪੰਜਾਬ ਦੇ ਮੋਗਾ ਸ਼ਹਿਰ ‘ਚ ਰੀਗਲ ਸਿਨੇਮੇ ‘ਚ ਹੋ ਰਹੀ ਗੁੰਡਾਗਰਦੀ ਨੂੰ ਨੱਥ ਪਾਉਣ ਲਈ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਵਿਰੋਧ ਕਰ ਰਹੇ ਵਿਦਿਆਰਥੀਆਂ ‘ਤੇ ਮੌਕੇ ਦੀ ਕਾਂਗਰਸ ਹਕੂਮਤ ਦੇ ਹੁਕਮਾਂ ‘ਤੇ ਪੁਲੀਸ ਪ੍ਰਸ਼ਾਸਨ ਨੇ ਅੰਨ੍ਹੇਵਾਹ ਫਾਇਰਿੰਗ ਕਰਕੇ ਜਿਸ ‘ਚ ਦੋ ਨੌਜਵਾਨ ਵਿਦਿਆਰਥੀ ਹਰਜੀਤ ਤੇ ਸਵਰਨ ਜੋ ਚੜਿੱਕ ਪਿੰਡ ਦੇ ਰਹਿਣ ਵਾਲੇ ਸਨ ਤੇ ਬਾਰਾਂ ਸਾਲ ਦੀ ਮਾਸੂਮ ਬੱਚੀ ਅਤੇ ਇੱਕ ਮਜ਼ਦੂਰ ਰਿਕਸ਼ਾ ਚਾਲਕ ਦੀ ਮੌਤ ਹੋ ਗਈ ਸੀ। ਉਸ ਸਮੇਂ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਪਿਰਥੀਪਾਲ ਸਿੰਘ ਰੰਧਾਵਾ ਕਰ ਰਹੇ ਸਨ। ਸਟੇਜ ਤੋਂ ਮੋਗੇ ਦੇ ਸ਼ਹੀਦਾਂ ਨੂੰ ਲਾਲ ਸਲਾਮ ਦੇ ਨਾਅਰਿਆਂ ਨਾਲ ਸਿੱਜਦਾ ਕੀਤਾ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਰਾਜਵਿੰਦਰ ਸਿੰਘ ਰਾਜੂ ਰਾਮਨਗਰ ਬਠਿੰਡਾ ਨੇ ਨਿਭਾਈ ਅਤੇ ਯੁਵਰਾਜ ਸਿੰਘ ਘੁਡਾਣੀ ਕਲਾਂ, ਬਲਵਿੰਦਰ ਸਿੰਘ ਘਨੌਰ ਜੱਟਾਂ, ਜਸਵਿੰਦਰ ਸਿੰਘ ਸਰਦਾਰ ਗੜ੍ਹ, ਗਮਦੂਰ ਸਿੰਘ ਬਾਬਰਪੁਰ ਅਤੇ ਅੰਮ੍ਰਿਤਪਾਲ ਮਾਨਸਾ ਨੇ ਵੀ ਸਟੇਜ ਤੋਂ ਸੰਬੋਧਨ ਕੀਤਾ।

Spread the love