ਨਵੀਂ ਦਿੱਲੀ, 09 ਅਕਤੂਬਰ

ਲਖੀਮਪੁਰ ਹਿੰਸਾ ਮਾਮਲੇ ‘ਚ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੇ ਜਿਵੇਂ ਹੀ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਪੁੱਛਗਿੱਛ ਲਈ ਜਾਰੀ ਕੀਤੇ ਸੰਮਨ ਦਾ ਜਵਾਬ ਦਿੱਤਾ, ਉਸੇ ਵੇਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ।

ਤੁਹਾਨੂੰ ਦੱਸ ਦੇਈਏ ਕਿ 3 ਅਕਤੂਬਰ ਨੂੰ ਲਖੀਮਪੁਰ ਖੀਰੀ ‘ਚ ਹੋਈ ਘਟਨਾ ਤੋਂ ਬਾਅਦ ਕਿਸਾਨਾਂ ਦੇ ਨਾਲ-ਨਾਲ ਸਿਆਸੀ ਪਾਰਟੀਆਂ ਵੱਲੋਂ ਵੀ ਯੂਪੀ ਸਰਕਾਰ ‘ਤੇ ਕਾਫੀ ਦਬਾਅ ਬਣਾਇਆ ਹੋਇਆ ਸੀ।ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਸੀ ਕਿ ਜਦੋਂ ਤਕ ਆਸ਼ੀਸ਼ ਮਿਸ਼ਰਾ ‘ਤੇ ਕਾਰਵਾਈ ਨਹੀਂ ਹੁੰਦੀ ਉਦੋਂ ਤਕ ਉਹ ਭੁੱਖ ਹੜਤਾਲ ‘ਤੇ ਰਹਿਣਗੇ। ਹੁਣ ਇਸ ਬਾਰੇ ਖ਼ਬਰ ਆਈ ਹੈ ਕਿ ਆਸ਼ੀਸ਼ ਦੀ ਪੇਸ਼ੀ ਤੋਂ ਬਾਅਦ ਸਿੱਧੂ ਨੇ ਆਪਣੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਹੈ।

ਉੱਧਰ ਦੂਜੇ ਪਾਸੇ ਆਸ਼ੀਸ ਮਿਸ਼ਰਾ ਦੀ ਪੁਲਿਸ ਪਿਛਲੇ ਕਰੀਬ 3 ਘੰਟੇ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਮਾਮਲੇ ‘ਚ ਡਰਾਈਵਰ ਅੰਕਿਤ ਸ਼ਰਮਾ ਤੇ ਇਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਆਸ਼ੀਸ਼ ਨੇ ਆਪਣੇ ਬਚਾਅ ‘ਚ 12 ਹਲਫ਼ਨਾਮੇ ਪੇਸ਼ ਕੀਤੇ ਹਨ। ਪੂਰੇ ਮਾਮਲੇ ‘ਚ ਸ਼ੁਰੂ ਤੋਂ ਆਸ਼ੀਸ਼ ਮਿਸ਼ਰਾ ਨੂੰ ਦੋਸ਼ੀ ਦੱਸਿਆ ਜਾ ਰਿਹਾ ਹੈ।

ਹਾਲਾਂਕਿ ਪੁਲਿਸ ਨੇ ਆਸ਼ੀਸ਼ ਦੇ ਮਾਮਲੇ ‘ਚ ਹਾਲੇ ਤਕ ਕੋਈ ਤੇਜ਼ੀ ਨਹੀਂ ਦਿਖਾਈ, ਜਿਸ ‘ਤੇ ਸੁਪਰੀਮ ਕੋਰਟ ਨੇ ਵੀ ਨਾਰਾਜ਼ਗੀ ਪ੍ਰਗਟਾਈ ਹੈ। ਆਸ਼ੀਸ਼ ਖਿਲਾਫ਼ ਪਹਿਲਾਂ ਹੀ ਐੱਫਆਈਆਰ ਦਰਜ ਕਰਵਾਈ ਜਾ ਚੁੱਕੀ ਹੈ।

Spread the love