ਪਾਕਿਸਤਾਨ, 11 ਅਕਤੂਬਰ

ਬੀਤੇ ਕੱਲ੍ਹ ਕੁਝ ਲੁਟੇਰਿਆਂ ਨੇ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੇ ਇੱਕ ਵੱਡੇ ਸ਼ਹਿਰ ਸਾਦਿਕਾਬਾਦ ਦੇ ਇੱਕ ਪੈਟਰੋਲ ਪੰਪ ਉੱਤੇ ਹਮਲਾ ਕਰ ਦਿੱਤਾ।

ਇਨ੍ਹਾਂ ਲੁਟੇਰਿਆਂ ਨੇ ਪੰਪ ਦੇ ਸਾਹਮਣੇ ਕਾਫੀ ਦੇਰ ਤੱਕ ਗੋਲੀਆਂ ਚਲਾਈਆਂ। ਇਸ ਘਟਨਾ ਵਿੱਚ 9 ਲੋਕਾਂ ਦੀ ਮੌਤ ਹੋ ਗਈ। ਜ਼ਖਮੀਆਂ ਦੀ ਗਿਣਤੀ ਦਾ ਅਜੇ ਤੱਕ ਕੁੱਝ ਪਤਾ ਨਹੀਂ ਲੱਗ ਸਕਿਆ।

ਪੁਲਿਸ ਨੇ ਵੀ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਸਾਦਿਕਾਬਾਦ ਦੇ ਵਿਅਸਤ ਬਾਜ਼ਾਰ ਵਿੱਚ ਗੋਲੀਬਾਰੀ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੈ। ਸ਼ੁਰੂ ਵਿੱਚ ਕੁਝ ਲੋਕਾਂ ਨੇ ਸੋਚਿਆ ਕਿ ਇਹ ਇੱਕ ਅੱਤਵਾਦੀ ਹਮਲਾ ਸੀ, ਪਰ ਬਾਅਦ ਵਿੱਚ ਇਹ ਸਪੱਸ਼ਟ ਹੋ ਗਿਆ ਕਿ ਇਹ ਲੁਟੇਰਿਆਂ ਦਾ ਹਮਲਾ ਸੀ।

ਲੁੱਟ ਬਾਰੇ ਕੋਈ ਜਾਣਕਾਰੀ ਨਹੀਂ ਕੁਝ ਮੀਡੀਆ ਰਿਪੋਰਟਾਂ ਅਨੁਸਾਰ ਲੁਟੇਰੇ ਪੈਟਰੋਲ ਪੰਪ ਲੁੱਟਣ ਆਏ ਸਨ ਅਤੇ ਉਨ੍ਹਾਂ ਦੀ ਗਿਣਤੀ ਪੰਜ ਤੋਂ ਵੱਧ ਸੀ। ਇਹ ਲੋਕ ਇੱਕ ਜੀਪ ਤੋਂ ਆਏ ਸਨ ਅਤੇ ਆਉਂਦੇ ਹੀ ਪੰਪ ਦੇ ਸਾਹਮਣੇ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਕੁਝ ਲੋਕਾਂ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ,ਪਰ ਉਹ ਫਾਇਰਿੰਗ ਦੀ ਲਪੇਟ ਵਿੱਚ ਆ ਗਏ। ਇੱਕ ਰਿਪੋਰਟ ਅਨੁਸਾਰ ਇਹ ਘਟਨਾ ਸ਼ਹਿਰ ਦੇ ਸਭ ਤੋਂ ਵਿਅਸਤ ਮੰਨੇ ਜਾਂਦੇ ਮਾਹੀ ਚੌਕ ਵਿਖੇ ਵਾਪਰੀ। ਇਹ ਸਪਸ਼ਟ ਨਹੀਂ ਹੋ ਸਕਿਆ ਕਿ ਪੰਪ ਤੋਂ ਕਿੰਨਾ ਪੈਸਾ ਲੁੱਟਿਆ ਗਿਆ ।

ਪੁਲਿਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਲੁਟੇਰਿਆਂ ਦਾ ਪਿੱਛਾ ਕੀਤਾ ਗਿਆ ,ਪਰ ਉਨ੍ਹਾਂ ਕੋਲ ਭਾਰੀ ਹਥਿਆਰ ਸਨ ਅਤੇ ਗੋਲੀਬਾਰੀ ਕਰਦੇ ਹੋਏ ਭੱਜ ਗਏ। ਰਿਪੋਰਟਾਂ ਅਨੁਸਾਰ ਪੰਜਾਬ ਸੂਬੇ ਵਿੱਚ ਅਜਿਹੀਆਂ ਘਟਨਾਵਾਂ ਤੇਜ਼ੀ ਨਾਲ ਵਧ ਰਹੀਆਂ ਹਨ ਅਤੇ ਪੁਲਿਸ ਇਨ੍ਹਾਂ ਨੂੰ ਕਾਬੂ ਕਰਨ ਵਿੱਚ ਅਸਮਰੱਥ ਸਾਬਤ ਹੋਈ ਹੈ। ਐਤਵਾਰ ਦੀ ਘਟਨਾ ਵਿੱਚ ਵੀ ਕੋਈ ਲੁਟੇਰਾ ਗ੍ਰਿਫਤਾਰ ਨਹੀਂ ਹੋ ਸਕਿਆ। ਪੁਲਿਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

Spread the love