ਅੰਮ੍ਰਿਤਸਰ, 11 ਅਕਤੂਬਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ 2022 ‘ਚ ਸੱਤਾ ਵਿਚ ਆਉਣ ਤੋਂ ਬਾਅਦ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਅੰਮ੍ਰਿਤਸਰ ਦੇ ਪੁਰਾਣੇ ਸ਼ਹਿਰੀ ਇਲਾਕੇ ਨੂੰ ਵਿਰਾਸਤੀ ਮਾਰਗ ਦੀ ਤਰਜ਼ ’ਤੇ ਵਿਕਸਤ ਕਰੇਗੀ ਤਾਂ ਜੋ ਇਥੇ ਵਣਜ ਤੇ ਸੈਰ ਸਪਾਟੇ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ‘ਚ ਸੈਰ ਸਪਾਟੇ ਨੂੰ ਪ੍ਰਫੁੱਲਤ ਕਰਨਾ ਸਾਡੀ ਤਰਜੀਹ ਹੋਵੇਗੀ। ਉਹਨਾਂ ਕਿਹਾ ਕਿ ਅਸੀਂ ਨਾ ਸਿਰਫ ਸ਼ਹਿਰ ਦੇ ਪੁਰਾਣੇ ਹਿੱਸੇ ਦਾ ਸੁੰਦਰੀਕਰਨ ਕਰਾਂਗੇ ਬਲਕਿ ਇਸਨੂੰ ਹੋਰ ਜ਼ਿਆਦਾ ਆਕਰਸ਼ਕ ਬਣਾਵਾਂਗੇ ਤੇ ਨਾਲ ਹੀ ਉਹ ਸਾਰੇ ਬੁਨਿਆਦੀ ਢਾਂਚਾ ਪ੍ਰਾਜੈਕਟ ਸੁਰਜੀਤ ਕਰਾਂਗੇ ਜੋ ਕਾਂਗਰਸ ਸਰਕਾਰ ਵੇਲੇ ਅਧੂਰੇ ਪਏ ਰਹੇ ਹਨ।

ਅਕਾਲੀ ਦਲ ਦੇ ਪ੍ਰਧਾਨ ਇਥੇ ਸ੍ਰੀ ਹਰਿਮੰਦਿਰ ਸਾਹਿਬ, ਪ੍ਰਾਚੀਨ ਸ਼ਿਵਾਲਿਆ ਮੰਦਿਰ ਅਤੇ ਗੁਰਦੁਆਰਾ ਅਟਾਰੀ ਸਾਹਿਬ (ਸੁਲਤਾਨਵਿੰਡ) ਵਿਖੇ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਹਨਾਂ ਨੇ ਮੈਡੀਕਲ ਐਸੋਸੀਏਸ਼ਨਾਂ ਅਤੇ ਸੁਨਿਆਰਿਆਂ ਦੀ ਐਸੋਸੀਏਸ਼ਨ ਦੇ ਪ੍ਰਤੀਨਿਧਾਂ ਨਾਲ ਗੱਲਬਾਤ ਵੀ ਕੀਤੀ। ਟਾਹਲੀ ਵਾਲਾ ਬਜ਼ਾਰ ਪਹੁੰਚਣ ’ਤੇ ਸੁਨਿਆਰਾ ਐਸੋਸੀਏਸ਼ਨ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਸਰਦਾਰ ਬਾਦਲ ਨੇ ਅੰਮ੍ਰਿਤਸਰ ਦੱਖਣੀ ਤੇ ਉੱਤਰੀ ਵਿਧਾਨ ਸਭਾ ਹਲਕਿਆਂ ਵਿਚ ਵੱਖ ਵੱਖ ਜਨਤਕ ਮੀਟਿੰਗਾਂ ਨੂੰ ਵੀ ਸੰਬੋਧਨ ਕੀਤਾ। ਉਹਨਾਂ ਦੇ ਨਾਲ ਅਨਿਲ ਜੋਸ਼ੀ, ਗੁਰਪ੍ਰਤਾਪ ਸਿੰਘ ਟਿੱਕਾ ਤੇ ਤਲਬੀਰ ਸਿੰਘ ਗਿੱਲ ਸਮੇਤ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਸੀ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੇ ਵਿਰਾਸਤੀ ਮਾਰਗ ਦੇ ਨਾਲ ਨਾਲ ਆਪਣਾ ਪਿੰਡ ਤੇ ਦੇਸ਼ ਦੀ ਵੰਡ ਸਬੰਧੀ ਮਿਊਜ਼ੀਅਮ ਸਮੇਤ ਹੋਰ ਸੈਰ ਸਪਾਟਾਂ ਪ੍ਰਾਜੈਕਟਾਂ ਰਾਹੀਂ ਅੰਮ੍ਰਿਤਸਰ ਨੂੰ ਵੱਡਾ ਸੈਰ ਸਪਾਟਾ ਕੇਂਦਰ ਬਣਾ ਦਿੱਤਾ ਸੀ। ਉਹਨਾਂ ਕਿਹਾ ਕਿ ਮੈਨੁੰ ਬਹੁਤ ਦੁੱਖ ਹੈ ਕਿ ਇਹਨਾਂ ਪ੍ਰਾਜੈਕਟਾਂ ਦਾ ਹੁਣ ਮੌਜੂਦਾ ਸਰਕਾਰ ਵੇਲੇ ਉਹ ਖਿਆਲ ਨਹੀਂ ਰੱਖਿਆ ਜਾ ਰਿਹਾ ਜੋ ਰੱਖਿਆ ਜਾਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਇਹ ਵੇਖ ਕੇ ਮੈਨੁੰ ਬਹੁਤ ਦੁੱਖ ਮਹਿਸੂਸ ਹੋ ਰਿਹਾ ਹੈ ਕਿ ਵਿਰਾਸਤੀ ਮਾਰਗ ਨੂੰ ਤਬਾਹੀ ਦੇ ਰਾਹ ਤੋਰਿਆ ਗਿਆ ਹੈ। ਉਹਨਾਂ ਕਿਹਾ ਕਿ ਪਵਿੱਤਰ ਨਗਰੀ ਕਾਂਗਰਸ ਪਾਰਟੀ ਦੀਆਂ ਅੰਦਰੂਨੀ ਸੱਤਾ ਖੇਡਾਂ ਦਾ ਸ਼ਿਕਾਰ ਹੋ ਗਈ ਹੈ ਤੇ ਪਿਛਲੇ ਤਕਰੀਬਨ ਪੰਜ ਸਾਲਾਂ ਦੌਰਾਨ ਅੰਮ੍ਰਿਤਸਰ ਵਿਚ ਵਿਕਾਸ ਦਾ ਕੋਈ ਵੀ ਵੱਡਾ ਪ੍ਰਾਜੈਕਟ ਸਿਰੇ ਨਹੀਂ ਚੜ੍ਹਾਇਆ ਗਿਆ।

ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਮੌਜੂਦਾ ਬਿਜਲੀ ਸੰਕਟ ਮਨੁੱਖ ਵੱਲੋਂ ਸਿਰਜਿਆ ਸੰਕਟ ਹੈ ਤੇ ਇਸ ਲਈ ਕਾਂਗਰਸ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਨਾ ਤਾਂ ਮੁੱਖ ਮੰਤੀ ਤੇ ਨਾ ਹੀ ਬਿਜਲੀ ਮੰਤਰੀ ਨੇ ਕੋਲੇ ਦੀ ਸਪਲਾਈ ਵਿਚ ਤੇਜ਼ੀ ਲਿਆਉਣ ਦਾ ਮਾਮਲਾ ਕੇਂਦਰ ਸਰਕਾਰ ਕੋਲ ਚੁੱਕਿਆ ਹੈ। ਉਹਨਾਂ ਕਿਹਾ ਕਿ ਪ੍ਰਾਈਵੇਟ ਪਲਾਂਟਾਂ ਨੂੰ ਵੀ ਹਰ ਵੇਲੇ ਉਹਨਾਂ ਕੋਲ ਤੀਹ ਦਿਨ ਦਾ ਸਰਪਲੱਸ ਕੋਲਾ ਹੋਣਾ ਯਕੀਨੀ ਬਣਾਉਣ ਲਈ ਜਵਾਬਦੇਹ ਨਹੀਂ ਬਣਾਇਆ ਗਿਆ। ਉਹਨਾਂ ਕਿਹਾ ਕ ਪੰਜਾਬੀ ਸਰਕਾਰ ਦੀ ਇਸ ਅਣਗਹਿਲੀ ਦਾ ਨਤੀਜਾ ਭੁਗਤ ਰਹੇ ਹਨ ਤੇ ਬਿਜਲੀ ਉਤਪਾਦਨ ਘੱਟ ਕੇ 50 ਫੀਸਦੀ ਰਹਿ ਗਿਆ ਹੈ ਤੇ ਸੂਬੇ ਦਾ ਵੱਡਾ ਹਿੱਸਾ ਹਨੇਰੇ ਵਿਚ ਡੁੱਬ ਗਿਆ ਹੈ। ਉਹਨਾਂ ਕਿਹਾ ਕ ਪੰਜਾਬੀ ਇਸ ਕਰ ਕੇ ਵੀ ਭਾਰੀ ਵਿੱਤੀ ਕੀਮਤ ਅਦਾ ਕਰਨਗੇ ਕਿਉਂਕਿ ਸੂਬਾ ਇਸ ਵੇਲੇ 11.60 ਰੁਪਏ ਪ੍ਰਤੀ ਯੁਨਿਟ ਦੀ ਦਰ ’ਤੇ ਬਿਜਲੀ ਖਰੀਦ ਰਿਹਾ ਹੈ। ਉਹਨਾਂ ਕਿਹਾ ਕਿ ਜਿਹਨਾਂ ਨੇ ਪਿਛਲੀ ਅਕਾਲੀ ਸਰਕਾਰ ਵੇਲੇ ਕੀਤੇ ਬਿਜਲੀ ਖਰੀਦ ਸਮਝੌਦਿਆਂ ’ਤੇ ਸਵਾਲ ਚੁੱਕੇ ਸਨ, ਉਹ ਹੁਣ ਪੰਜਾਬ ਦੇ ਲੋਕਾਂ ਨੂੰ ਇਸ ਅਸਫਲਤਾ ਪਿਛਲਾ ਕਾਰਨ ਵੀ ਦੱਸਣ। ਉਹਨਾਂ ਕਿਹਾ ਕਿ ਇੰਡਸਟਰੀ ਸਮੇਤ ਹਰ ਵਰਗੇ ਦੇ ਪੰਜਾਬੀ ਇਸ ਵੇਲੇ 6 ਤੋਂ ਜ਼ਿਆਦਾ ਸਮੇਂ ਦੇ ਬਿਜਲੀ ਕੱਟ ਦਾ ਸਾਹਮਣਾ ਕਰ ਰਹੇ ਹਨ ਤੇ ਇਸ ਨਾਲ ਸੂਬੇ ਦੀ ਵਿਵਸਥਾ ਲੜਖੜਾ ਗਈ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸ਼ਹਿਰ ਦੇ ਲੋਕਾਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ ਤੇ ਉਹਨਾਂ ਨੂੰ ਭਰੋਸਾ ਦੁਆਇਆ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਲੋਕਾਂ ਦੀ ਹਰ ਸ਼ਿਕਾਇਤ ਦਾ ਨਿਪਟਾਰਾ ਕੀਤਾ ਜਾਵੇਗਾ ਅਤੇ ਵਿਕਾਸ ਕਾਰਜ ਬਹਾਲ ਹੋਣਗੇ ਤੇ ਸੂਬੇ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਹੋਵੇਗੀ।

ਨਵਜੋਤ ਸਿੱਧੂ ਵੱਲੋਂ ਰੱਖੇ ਜਾ ਰਹੇ ਮੌਨ ਵਰਤ ਬਾਰੇ ਮੀਡੀਆ ਦੇ ਸਵਾਲ ਦੇ ਜਵਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸਿੱਧੂੱ ਨੂੰ ਪਹਿਲਾਂ ਪਾਰਟੀ ਵਿਚ ਆਪਣੇ ਰੁਤਬੇ ਦੀ ਸਥਿਤੀ ਸਪਸ਼ਟ ਕਰਨ ਵਾਸਤੇ ਕਿਹਾ। ਉਸਨੂੰ ਡਰਾਮਾ ਮਾਸਟਰ ਕਰਾਰ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਉਹ ਸਿੱਧੂ ਨੁੰ ਅਪੀਲ ਕਰਨਗੇ ਕਿ ਜੇਕਰ ਉਹ ਸਚਮੁੱਚ ਸੂਬੇ ਲਈ ਕੁਝ ਕਰਨਾ ਚਾਹੁੰਦੇ ਹਨ ਤਾਂ ਫਿਰ ਉਹ ਅਗਲੇ 4 ਮਹੀਨਿਆਂ ਲਈ ਮੌਨ ਧਾਰ ਲੈਣ। ਉਹਨਾਂ ਕਿਹਾ ਕਿ ਉਹਨਾਂ ਦੀ ਭੁੱਖ ਹੜਤਾਲ ਜਾਂ ਮੌਨ ਵਰਤ ਲਖੀਮਪੁਰ ਖੀਰੀ ਵਰਗਾ ਨਹੀਂ ਹੋਣਾ ਚਾਹੀਦਾ ਜਿਥੇ ਉਹਨਾਂ ਪਹਿਲਾਂ ਰਾਤ ਨੂੰ ਰਜਵੀਂ ਰੋਟੀ ਖਾਧੀ ਤੇ ਫਿਰ ਸਵੇਰ ਦੇ ਨਾਸ਼ੇ ਤੋਂ ਪਹਿਲਾਂ ਭੁੱਖ ਹੜਤਾਲ ਖਤਮ ਕਰ ਦਿੱਤੀ ਸੀ।

Spread the love