ਚੰਡੀਗੜ੍ਹ, 12 ਅਕਤੂਬਰ

ਕਸ਼ਮੀਰ ਵਿੱਚ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਪੰਜ ਫੌਜੀਆਂ ਵਿੱਚ ਤਿੰਨ ਪੰਜਾਬੀ ਹਨ।

ਇਨ੍ਹਾਂ ਵਿੱਚ ਸ਼ਹੀਦ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਸੇਨਾ ਮੈਡਲ, ਨਾਇਕ ਮਨਦੀਪ ਸਿੰਘ ਤੇ ਸਿਪਾਹੀ ਗੱਜਣ ਸਿੰਘ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮਾਨਾ ਤਲਵੰਡੀ ਸ਼ਾਮਲ ਹਨ। 11 ਸਿੱਖ ਦੇ ਨਾਇਕ ਮਨਦੀਪ ਸਿੰਘ ਗੁਰਦਾਸਪੁਰ ਜ਼ਿਲ੍ਹੇ ਦੇ ਘਣੀਕੇ ਬਾਂਗਰ ਨੇੜਲੇ ਪਿੰਡ ਚੱਠਾ ਸ਼ੀਰਾ ਤੇ 23 ਸਿੱਖ ਦੇ ਸਿਪਾਹੀ ਗੱਜਣ ਸਿੰਘ ਰੋਪੜ ਜ਼ਿਲ੍ਹੇ ਦੇ ਪਿੰਡ ਪਛਰੰਦਾ ਨਾਲ ਸਬੰਧਤ ਹਨ। ਜੂਨੀਅਰ ਕਮਿਸ਼ਨ ਅਫ਼ਸਰ ਜਸਵਿੰਦਰ ਸਿੰਘ ਜ਼ਿਲ੍ਹਾ ਕਪੂਰਥਲਾ ਹਲਕਾ ਦੇ ਭੁਲੱਥ ਵਿੱਚ ਪੈਂਦੇ ਪਿੰਡ ਮਾਨਾਂ ਤਲਵੰਡੀ ਦਾ ਵਸਨੀਕ ਹੈ।

ਉਹ ਇਸ ਵੇਲੇ ਭਾਰਤੀ ਫ਼ੌਜ ਵਿੱਚ ਨਾਇਬ ਸੂਬੇਦਾਰ ਵਜੋਂ ਡਿਊਟੀ ਕਰ ਰਹੇ ਸੀ। ਸ਼ਹੀਦ ਜਸਵਿੰਦਰ ਸਿੰਘ ਦਾ ਪਰਿਵਾਰ ਦੇਸ਼ ਸੇਵਾ ਨੂੰ ਸਮਰਪਿਤ ਹੈ ਕਿਉਂਕਿ ਉਨ੍ਹਾਂ ਦੇ ਪਿਤਾ ਹਰਭਜਨ ਸਿੰਘ ਭਾਰਤੀ ਫੌਜ ਵਿੱਚੋਂ ਕੈਪਟਨ ਰੈਂਕ ਤੋਂ ਰਿਟਾਇਰਡ ਹਨ ਜਿਨ੍ਹਾਂ ਦੀ ਦੋ ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ। ਉਨ੍ਹਾਂ ਦੇ ਭਰਾ ਰਜਿੰਦਰ ਸਿੰਘ ਵੀ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰ ਚੁੱਕਾ ਹੈ ਜੋ ਹੁਣ ਹੌਲਦਾਰ ਰੈਂਕ ਨਾਲ ਰਿਟਾਇਰਡ ਹੋ ਚੁੱਕਾ ਹੈ। ਸ਼ਹੀਦ ਜਸਵਿੰਦਰ ਸਿੰਘ ਦੇ ਪਰਿਵਾਰ ਵਿੱਚ ਬਜੁਰਗ ਮਾਂ, ਪਤਨੀ ਸੁਖਪ੍ਰੀਤ ਕੌਰ, 13 ਸਾਲ ਦਾ ਪੁੱਤਰ ਵਿਕਰਮਜੀਤ ਸਿੰਘ, 11 ਸਾਲ ਦੀ ਧੀ ਹਰਨੂਰ ਕੌਰ ਤੇ ਭਰਾ ਰਜਿੰਦਰ ਸਿੰਘ ਦਾ ਪਰਿਵਾਰ ਤੇ ਪਿੰਡ ਵਾਸੀ ਜਿਥੇ ਸੋਗ ਵਿੱਚ ਹਨ।

ਓਧਰ ਰੋਪੜ ਜ਼ਿਲ੍ਹੇ ਦੇ ਪਚਰੰਦਾ ਪਿੰਡ ਦਾ 27 ਸਾਲਾ ਕਾਂਸਟੇਬਲ ਗੱਜਣ ਸਿੰਘ ਸ਼ਹੀਦ ਹੋਏ ਨੇ। ਸ਼ਹੀਦ ਗੱਜਣ ਸਿੰਘ ਦਾ ਵਿਆਹ ਫਰਵਰੀ ਵਿੱਚ ਹੀ ਹੋਇਆ ਸੀ। ਉਹ ਚਾਰ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸੀ ਤੇ ਪਰਿਵਾਰ ਵਿੱਚ ਨੌਕਰੀ ਕਰਨ ਵਾਲੇ ਇਕੱਲੇ ਸਨ। ਉਨ੍ਹਾਂ ਦੇ ਦੋ ਭਰਾ ਡਰਾਈਵਰ ਹਨ ਜਦੋਂਕਿ ਇੱਕ ਭਰਾ ਘਰ ਵਿੱਚ ਖੇਤੀ ਕਰਦਾ ਹੈ। ਪਰਿਵਾਰ ਕੋਲ ਸਿਰਫ ਦੋ ਏਕੜ ਜ਼ਮੀਨ ਹੈ। ਗੱਜਣ ਦੇ ਪਿਤਾ ਚਰਨ ਸਿੰਘ ਨੇ ਦੱਸਿਆ ਕਿ ਗੱਜਣ 10 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ। ਉਸ ਨੇ 13 ਅਕਤੂਬਰ ਨੂੰ ਆਪਣੇ ਰਿਸ਼ਤੇਦਾਰੀ ਵਿੱਚ ਵਿਆਹ ਲਈ ਛੁੱਟੀ ਆਉਣਾ ਸੀ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੱਜਣ ਨੇ ਖੁਦ ਆਪਣੇ ਤੋਂ ਵੱਡੇ ਤਿੰਨ ਭਰਾਵਾਂ ਦਾ ਵਿਆਹ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ਖੁਦ ਵਿਆਹ ਕੀਤਾ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਚੱਠਾ ਦੇ ਨਾਇਕ ਮਨਦੀਪ ਸਿੰਘ, ਜੋ ਜੰਮੂ ਦੇ ਸੂਰਨਕੋਟ ‘ਚ ਬੀਤੇ ਕੱਲ੍ਹ ਸ਼ਹੀਦ ਹੋ ਗਏ ਸਨ, ਦਾ ਅੰਤਮ ਸੰਸਕਾਰ ਕੱਲ੍ਹ 13 ਅਕਤੂਬਰ ਨੂੰ ਹੋਵੇਗਾ। ਗੁਰਦਾਸਪੁਰ ਦੇ ਡੀਸੀ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਅੱਜ ਦੇਰ ਰਾਤ ਤਕ ਸ਼ਹੀਦ ਜਵਾਨ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਪਿੰਡ ਪੁੱਜਣੀ ਸੀ। ਪ੍ਰਸ਼ਾਸ਼ਨ ਨੇ ਹੁਣ ਪਰਿਵਾਰ ਨੂੰ ਦੱਸਿਆ ਕਿ ਕੱਲ੍ਹ ਸਵੇਰੇ 9.30 ਵਜੇ ਸੜਕੀ ਰਸਤੇ ਮ੍ਰਿਤਕ ਦੇਹ ਪੁੱਜੇਗੀ ਤੇ ਕੱਲ੍ਹ ਹੀ ਅੰਤਮ ਸੰਸਕਾਰ ਹੋਵੇਗਾ।

Spread the love