ਦਿੱਲੀ, 12 ਅਕਤੂਬਰ

ਕੁੱਲ ਹਿੰਦ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ 44 ਥਾਵਾਂ ‘ਤੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਮੁਲਕ ਪੱਧਰੇ ਕਿਸਾਨ ਮੋਰਚੇ ਦੇ ਉਨ੍ਹਾਂ 5 ਸ਼ਹੀਦਾਂ ਨੂੰ ਸੰਗਰਾਮੀ ਸ਼ਰਧਾਂਜਲੀ ਭੇਂਟ ਕੀਤੀ ਗਈ। ਜਿਨ੍ਹਾਂ ਨੂੰ ਲਖੀਮਪੁਰ ਖੇੜੀ ਯੂ ਪੀ ਵਿਖੇ ਭਾਜਪਾ ਦੀ ਸਾਜ਼ਿਸ਼ ਤਹਿਤ 3 ਅਕਤੂਬਰ ਵਾਲੇ ਦਿਨ ਗੱਡੀਆਂ ਥੱਲੇ ਕੁਚਲਨ ਅਤੇ ਗੋਲੀਆਂ ਮਾਰਨ ਰਾਹੀਂ ਸ਼ਹੀਦ ਕਰ ਦਿੱਤਾ ਗਿਆ ਸੀ।

ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਜਥੇਬੰਦੀ ਦੇ ਆਗੂਆਂ ਵੱਲੋਂ ਹਰਿਆਣਾ, ਉੱਤਰਾਖੰਡ ਤੇ ਰਾਜਸਥਾਨ ਦੇ ਕੁੱਝ ਜ਼ਿਲ੍ਹਿਆਂ ਵਿੱਚ ਵੀ ਕਈ ਥਾਈਂ ਸ਼ਰਧਾਂਜਲੀ ਸਮਾਗਮ ਕੀਤੇ ਗਏ। ਸ਼ਹੀਦ ਨਛੱਤਰ ਸਿੰਘ, ਲਵਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਦਲਜੀਤ ਸਿੰਘ ਅਤੇ ਰਮਨ ਕਸ਼ਿਅਪ ਦੀਆਂ ਫ਼ੋਟੋਆਂ ਉੱਤੇ ਫੁੱਲ ਵਰਸਾਉਂਦਿਆਂ ਸਮੂਹ ਕਿਸਾਨਾਂ ਮਜ਼ਦੂਰਾਂ, ਮਰਦਾਂ, ਔਰਤਾਂ, ਨੌਜਵਾਨਾਂ ਨੇ ਖੜੇ ਹੋ ਕੇ ਦੋ ਮਿੰਟ ਦਾ ਮੌਨ ਧਾਰਿਆ ਅਤੇ ਆਕਾਸ਼ ਗੁੰਜਾਊ ਨਾਅਰੇ ਲਾਏ “ਲਖੀਮਪੁਰ ਦੇ ਸ਼ਹੀਦਾਂ ਨੂੰ ਲਾਲ ਸਲਾਮ”, “ਸ਼ਹੀਦੋ ਥੋਡੀ ਸੋਚ ‘ਤੇ, ਪਹਿਰਾ ਦਿਆਂਗੇ ਠੋਕ ਕੇ”, “ਸ਼ਹੀਦੋ ਥੋਡਾ ਕਾਜ ਅਧੂਰਾ, ਲਾ ਕੇ ਜ਼ਿੰਦਗੀਆਂ ਕਰਾਂਗੇ ਪੂਰਾ”। ਵੱਖ-ਵੱਖ ਥਾਈਂ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਹਰਦੀਪ ਸਿੰਘ ਟੱਲੇਵਾਲ, ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾ ਝਾੜ ਅਤੇ ਹਰਿੰਦਰ ਕੌਰ ਬਿੰਦੂ ਤੋਂ ਇਲਾਵਾ ਜ਼ਿਲ੍ਹਿਆਂ/ਬਲਾਕਾਂ/ਪਿੰਡਾਂ ਦੇ ਆਗੂ ਭੈਣਾਂ ਭਰਾ ਨੌਜਵਾਨ ਸ਼ਾਮਲ ਸਨ। ਬਹੁਤੇ ਥਾਈਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ/ਵਰਕਰ ਅਤੇ ਅਧਿਆਪਕ, ਆਂਗਣਵਾੜੀ ਵਰਕਰ, ਬਿਜਲੀ ਕਾਮੇ, ਠੇਕਾ ਕਾਮੇ, ਵਿਦਿਆਰਥੀ, ਨੌਜਵਾਨ, ਜਮਹੂਰੀ ਅਧਿਕਾਰ ਕਾਰਕੁਨ ਤੇ ਸਭਿਆਚਾਰਕ ਕਾਮੇ ਵੀ ਇਸ ਮੌਕੇ ਹਾਜ਼ਰ ਹੋਏ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਬੁਲਾਰਿਆਂ ਨੇ ਦੋਸ਼ ਲਾਇਆ ਕਿ ਕਾਲ਼ੇ ਖੇਤੀ ਕਾਨੂੰਨਾਂ ਵਿਰੁੱਧ ਸਿਖ਼ਰਾਂ ਵੱਲ ਵਧ ਰਹੇ ਤੇ ਪੂਰੀ ਦੁਨੀਆ ‘ਚ ਧੁੰਮਾਂ ਪਾ ਰਹੇ ਮੁਲਕ ਪੱਧਰੇ ਕਿਸਾਨ ਸੰਘਰਸ਼ ਨੂੰ ਆਨੀਂ ਬਹਾਨੀਂ ਕੁਚਲਨ ਦੇ ਮਨਸੂਬੇ ਪਾਲ਼ ਰਹੀਆਂ ਕੇਂਦਰੀ/ਸੂਬਾਈ ਭਾਜਪਾ ਹਕੂਮਤਾਂ ਵੱਲੋਂ ਅਜਿਹੀਆਂ ਕਾਤਿਲ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਜ਼ੋਰਦਾਰ ਮੰਗ ਕੀਤੀ ਕਿ ਭਾਜਪਾ ਮੰਤਰੀ ਅਜੈ ਮਿਸ਼ਰਾ ਟੈਣੀ ਨੂੰ ਅਹੁਦੇ ਤੋਂ ਤੁਰੰਤ ਬਰਖ਼ਾਸਤ ਕਰ ਕੇ ਗ੍ਰਿਫ਼ਤਾਰ ਕੀਤਾ ਜਾਵੇ,ਅਸ਼ੀਸ਼ ਮਿਸ਼ਰਾ ਮੋਨੀ ਦੇ ਗੁੰਡਾ ਗਿਰੋਹ ਦੇ ਸਾਰੇ ਕਰਿੰਦੇ ਗ੍ਰਿਫਤਾਰ ਕੀਤੇ ਜਾਣ ਅਤੇ ਸਾਰੇ ਪੁਆੜਿਆਂ ਦੀ ਜੜ ਤਿੰਨੇ ਕਾਲੇ ਖੇਤੀ ਕਾਨੂੰਨ, ਬਿਜਲੀ ਬਿੱਲ 2020 ਸਮੇਤ ਪਰਾਲ਼ੀ ਆਰਡੀਨੈਂਸ ਤੁਰੰਤ ਰੱਦ ਕੀਤੇ ਜਾਣ।

ਇਹ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਕਿਸਾਨ ਆਗੂਆਂ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੱਦਾ ਦਿੱਤਾ ਕਿ 15 ਅਕਤੂਬਰ ਨੂੰ ਦੁਸ਼ਹਿਰੇ ਮੌਕੇ ਮੋਦੀ, ਅਮਿੱਤ ਸ਼ਾਹ, ਯੋਗੀ ਅਤੇ ਸਾਮਰਾਜੀ ਕਾਰਪੋਰੇਟਾਂ ਦੇ ਫ਼ੋਟੋਆਂ ਵਾਲੇ ਪੁਤਲੇ ਸਾਰੇ ਧਰਨਿਆਂ ਵਿੱਚ ਫ਼ੂਕ ਕੇ ਬਦੀ ਉੱਤੇ ਨੇਕੀ ਦੀ ਜਿੱਤ ਵੱਲ ਵਧਦੇ ਕਦਮਾਂ ਦੀ ਜੈ ਜੈਕਾਰ ਕੀਤੀ ਜਾਵੇ। 18 ਅਕਤੂਬਰ ਨੂੰ ਦੇਸ਼ ਭਰ ਵਿੱਚ 10 ਤੋਂ 6 ਵਜੇ ਤੱਕ ਰੇਲ ਰੋਕੋ ਅੰਦੋਲਨ ਕੀਤਾ ਜਾਵੇ। 26 ਅਕਤੂਬਰ ਨੂੰ ਲਖਨਊ ਵਿਚ ਕੀਤੀ ਜਾਣ ਵਾਲੀ ਮਹਾਂ ਰੈਲੀ ਵਿੱਚ ਕਾਫ਼ਲੇ ਬੰਨ੍ਹ ਕੇ ਪੁੱਜਿਆ ਜਾਵੇ। ਇਸ ਤੋਂ ਅਗਲੇ ਪ੍ਰੋਗਰਾਮ ਦਾ ਐਲਾਨ ਉੱਥੇ ਹੀ ਕੀਤਾ ਜਾਵੇਗਾ।

Spread the love