ਬਠਿੰਡਾ, 12 ਅਕਤੂਬਰ

ਪੰਜਾਬ ਦੀਆਂ ਤਕਨੀਕੀ ਯੂਨੀਵਰਸਿਟੀਆਂ ਵਿਚੋਂ ਇਕ ਵੱਡੀ ਪਹਿਲ ਕਰਦਿਆਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, (ਐਮ.ਆਰ.ਐਸ.ਪੀ.ਟੀ.ਯੂ.), ਬਠਿੰਡਾ ਵਲੋਂ ਛੇਤੀ ਹੀ ਆਪਣੇ ਕੈਂਪਸ ਵਿਖੇ ਖਾਣ ਪੀਣ ਦੀਆਂ ਵਸਤਾਂ ਦੀ ਪਰਖ ਅਤੇ ਤਸਦੀਕ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਸਟੇਟ ਆਫ ਦਾ ਆਰਟ ਫੂਡ ਟੈਸਟਿੰਗ ਲੈਬਾਰਟਰੀ ਸ਼ੁਰੂ ਕੀਤੀ ਜਾ ਰਹੀ ਹੈ। ਇਹ ਪ੍ਰੋਜੈਕਟ ਯੂਨੀਵਰਸਿਟੀ ਨੂੰ ਖਾਣ ਪੀਣ ਦੀਆਂ ਵਸਤੂਆਂ ਨੂੰ ਉਨ੍ਹਾਂ ਦੇ ਪੋਸ਼ਟਿਕ ਮੁੱਲ ਲਈ ਪ੍ਰਮਾਣਿਤ ਕਰਨ ਅਤੇ ਮਿਲਾਵਟਖੋਰੀ ਦੀ ਜਾਂਚ ਕਰਨ ਦਾ ਅਧਿਕਾਰ ਦੇਵੇਗਾ।

ਐਮ.ਆਰ.ਐਸ.ਪੀ.ਟੀ.ਯੂ., ਬਠਿੰਡਾ ਦੇ ਫੂਡ ਸਾਇੰਸ ਅਤੇ ਟੈਕਨਾਲੋਜੀ ਵਿਭਾਗ ਨੂੰ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ (ਐਮ.ਐਫ.ਪੀ.ਆਈ.), ਭਾਰਤ ਸਰਕਾਰ ਵਲੋਂ ਫੂਡ ਟੈਸਟਿੰਗ ਲੈਬਾਰਟਰੀ ਪ੍ਰੋਜੈਕਟ ਲਈ ਮਨਜ਼ੂਰੀ ਦਿੱਤੀ ਗਈ ਸੀ। ਟੈਸਟਿੰਗ ਸਹੂਲਤਾਂ ਸਥਾਪਤ ਕਰਨ ਲਈ ਗ੍ਰਾਂਟ-ਇਨ-ਏਡ 253.12 ਲੱਖ ਰੁਪਏ ਅਤੇ ਕੁੱਝ ਹੋਰ ਸਾਜੋ-ਸਾਮਾਨ ਸ਼ਾਮਿਲ ਹੈ।

ਇੱਥੇ ਇਹ ਜ਼ਿਕਰਯੋਗ ਹੈ ਕਿ ਫੂਡ ਪ੍ਰੋਸੈਸਿੰਗ (ਹਥਿਆਰਾਂ ਅਤੇ ਫਾਰਮਾਸਿਊਟੀਕਲ ਇੰਡਸਟਰੀ ਤੋਂ ਬਾਅਦ) ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਉਦਯੋਗ ਹੈ।

ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਬੂਟਾ ਸਿੰਘ ਸਿੱਧੂ ਨੇ ਕਿਹਾ ਕਿ ਖੁਰਾਕ ਪਰੀਖਣ ਪ੍ਰਯੋਗਸ਼ਾਲਾ ਵਿਧੀ ਰਾਜ ਵਿਚ ਫੂਡ ਪ੍ਰੋਸੈਸਿੰਗ ਸੈਕਟਰ ਨੂੰ ਹੁਲਾਰਾ ਦੇਵੇਗੀ, ਜਿਸ ਨਾਲ ਸਾਰੇ ਹਿੱਸੇਦਾਰਾਂ ਅਰਥਾਤ ਕਿਸਾਨਾਂ, ਉਦਯੋਗਾਂ, ਉਤਪਾਦਕਾਂ ਅਤੇ ਖਪਤਕਾਰਾਂ, ਘਰੇਲੂ ਉਦਯੋਗ (ਘਰੇਲੂ ਅਤੇ ਨਿਰਯਾਤ), ਉੱਦਮੀ, ਛੋਟੇ ਅਤੇ ਦਰਮਿਆਨੇ ਉਦਯੋਗਾਂ ਜਿਹੜੇ ਭੋਜਨ ਉਤਪਾਦਾਂ ਦਾ ਕਾਰੋਬਾਰ ਕਰਦੇ ਹਨ ਨੂੰ ਵੱਡਾ ਲਾਭ ਮਿਲੇਗਾ।

ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦੇ ਹੋਏ, ਫੂਡ ਸਾਇੰਸ ਐਂਡ ਟੈਕਨਾਲੌਜੀ, ਵਿਭਾਗ ਦੇ ਮੁਖੀ, ਡਾ. ਕਵਲਜੀਤ ਸਿੰਘ ਸੰਧੂ ਨੇ ਕਿਹਾ ਕਿ ਪ੍ਰਯੋਗਸ਼ਾਲਾ ਦਾ ਉਦੇਸ਼ ਫੂਡ ਪ੍ਰੋਸੈਸਿੰਗ ਉਦਯੋਗ ਅਤੇ ਹੋਰ ਹਿੱਸੇਦਾਰਾਂ ਤੋਂ ਪ੍ਰਾਪਤ ਨਮੂਨਿਆਂ ਦਾ ਵਿਸ਼ਲੇਸ਼ਣ ਕਰਨਾ ਅਤੇ ਨਮੂਨਿਆਂ ਦਾ ਘੱਟ ਤੋਂ ਘੱਟ ਸਮੇਂ ਵਿਚ ਵਿਸ਼ਲੇਸ਼ਣ ਕਰਕੇ ਰਿਪੋਰਟ ਦੇਣਾ ਹੈ ਜਿਸ ਨਾਲ ਸਮੇਂ ਦੀ ਬਚਤ ਹੋਵੇਗੀ, ਭੋਜਨ ‘ਤੇ ਘਰੇਲੂ / ਅੰਤਰਰਾਸ਼ਟਰੀ ਮਾਪਦੰਡਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਅਤੇ ਭੋਜਨ ਦੀ ਗੁਣਵੱਤਾ ਅਤੇ ਰਚਨਾ ਦੀ ਨਿਗਰਾਨੀ ਲਈ ਇੱਕ ਨਿਗਰਾਨ ਪ੍ਰਣਾਲੀ ਸਥਾਪਿਤ ਕਰਨਾ ਹੈ।

ਜ਼ਿਕਰਯੋਗ ਹੈ ਕਿ ਵਿਭਾਗ ਦੇ ਮੁਖੀ, ਡਾ. ਕਵਲਜੀਤ ਸਿੰਘ ਸੰਧੂ ਨੂੰ ਹਾਲ ਹੀ ਵਿਚ ਸਟੈਨਫੋਰਡ ਯੂਨੀਵਰਸਿਟੀ (ਯੂ.ਐਸ.ਏ.) ਵਲੋਂ ਕੀਤੀ ਸਟੱਡੀ ‘ਚ ਦੁਨੀਆ ਦੇ ਸਿਖਰਲੇ 2 ਪ੍ਰਤੀਸ਼ਤ ਪ੍ਰਸਿੱਧ ਵਿਗਿਆਨੀਆਂ ਦੀ ਲਿਸਟ ਵਿਚ ਸ਼ਾਮਿਲ ਕੀਤਾ ਹੈ।ਹੋਰ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀਮਤੀ ਰਾਜਵੀਰ ਕੌਰ ਅਤੇ ਮਿਸ ਗੁਰਜਿੰਦਰ ਕੌਰ ਸਿੱਧੂ (ਦੋਵੇਂ ਸਹਾਇਕ ਪ੍ਰੋਫੈਸਰ) ਨੇ ਦੱਸਿਆ ਕਿ ਇਕ ਬਹੁਤ ਸ਼ਾਨਦਾਰ ਨਮੂਨੇ ਦੀ ਅਤੀ ਆਧੁਨਿਕ ਫੂਡ ਟੈਸਟਿੰਗ ਲੈਬਾਰਟਰੀ ਦੀ ਸਥਾਪਨਾ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ, ਜਿਸ ਵਿਚ ਗੈਸ ਕ੍ਰੋਮੈਟੋਗ੍ਰਾਫੀ, ਹਾਈ ਪਰਫਾਰਮੈਂਸ ਲਿਕੁਇਡ ਕ੍ਰੋਮੈਟੋਗ੍ਰਾਫੀ, ਇੰਡਕਟਿਵਲੀ ਕਪਲਡ ਪਲਾਜ਼ਮਾ- ਆਪਟੀਕਲ ਐਮੀਸ਼ਨ ਸਪੈਕਟ੍ਰੋਮੀਟਰ, ਫੋਰੀਅਰ-ਟ੍ਰਾਂਸਫਾਰਮ ਇੰਫਰਾਰੈੱਡ ਸਪੈਕਟ੍ਰੋਫੋਮੀਟਰ, ਅਲਟਰਾਵਾਇਲਟ-ਵਿਜ਼ੀਬਲ ਸਪੈਕਟ੍ਰੋਫੋਮੀਟਰ, ਰੋਟਰੀ ਈਵੇਪੋਰੇਟਰ ਆਦਿ ਵਰਗੇ ਉਨੱਤ ਅਤੇ ਅਤੀ ਆਧੁਨਿਕ ਯੰਤਰ ਸਥਾਪਿਤ ਹੋਣਗੇ।

ਇਹ ਉਪਕਰਣ ਕੀਟਨਾਸ਼ਕਾਂ, ਜ਼ਹਿਰੀਲੀਆਂ ਭਾਰੀ ਧਾਤਾਂ, ਪੌਸ਼ਟਿਕ ਤੱਤ, ਜ਼ਰੂਰੀ ਧਾਤਾਂ, ਐਂਟੀ-ਆਕਸੀਡੈਂਟਸ, ਵਿਟਾਮਿਨ, ਐਮਿਨੋ ਐਸਿਡ ਆਦਿ ਦੀ ਮਾਤਰਾ ਬਾਰੇ ਕੱਚੇ ਅਤੇ ਪ੍ਰੋਸੈਸ ਕੀਤੇ ਜਾਣ ਵਾਲੇ ਭੋਜਨ ਦਾ ਪਤਾ ਲਗਾਉਣਗੇ। ਇਸ ਪ੍ਰਯੋਗਸ਼ਾਲਾ ਵਿਚ ਬਠਿੰਡੇ ਅਤੇ ਨੇੜਲੇ ਇਲਾਕਿਆਂ ਵਿੱਚ ਫੂਡ ਪ੍ਰੋਸੈਸਿੰਗ ਉਦਯੋਗਾਂ ਦੇ ਨਮੂਨਿਆਂ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ, ਇਹ ਬਠਿੰਡਾ ਅਤੇ ਖਾਸ ਤੌਰ ‘ਤੇ ਪੰਜਾਬ ਦੇ ਖੁਰਾਕ ਉਦਯੋਗਾਂ ਲਈ ਵਰਦਾਨ ਸਾਬਿਤ ਹੋਵੇਗਾ।

ਡਾ. ਸੰਧੂ ਨੇ ਕਿਹਾ ਕਿ ਯੂਨੀਵਰਸਿਟੀ ਦੀ ਲੈਬ ਵਿਚ ਮਿਲਾਵਟ ਅਤੇ ਗੁਣਾਂ ਦੀ ਜਾਂਚ ਕਰਨ ਲਈ ਬਹੁਤ ਵਧੀਆ ਅਤੇ ਉੱਚ ਆਧੁਨਿਕ ਉਪਕਰਣ ਹੋਣਗੇ ਅਤੇ ਇਹ ਕਿਸੇ ਵੀ ਅੰਤਰਰਾਸ਼ਟਰੀ ਪ੍ਰਯੋਗਸ਼ਾਲਾ ਦੇ ਪੱਧਰ ਦੇ ਬਰਾਬਰ ਹੋਵੇਗੀ। ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਇੱਕ ਸੁਰੱਖਿਅਤ ਪੌਸ਼ਟਿਕ ਖੁਰਾਕ ਪ੍ਰਦਾਨ ਕਰਨਾ ਹੈ ਤਾਂ ਜੋ ਆਧੁਨਿਕ ਦੁਨੀਆਂ ਵਿੱਚ ਸਿਹਤ ਦੇ ਸਾਰੇ ਪਹਿਲੂਆਂ ਵੱਲ ਧਿਆਨ ਦਿੱਤਾ ਜਾ ਸਕੇ।

ਡਾ. ਸੰਧੂ ਨੇ ਕਿਹਾ ਕਿ ਭੋਜਨ ਦੇ ਵੱਖ-ਵੱਖ ਹਿੱਸਿਆਂ ਦੀ ਜਾਂਚ ਲਈ ਨਾਮਾਤਰ ਫੀਸ ਤੈਅ ਕੀਤੀ ਜਾਏਗੀ ਤਾਂ ਜੋ ਭੋਜਨ ਉਦਯੋਗ ਨੂੰ ਲਾਭ ਪਹੁੰਚ ਸਕੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪ੍ਰੋਸੈਸਡ ਫੂਡਜ਼ ਦੀ ਸੁਰੱਖਿਆ ਨਾਲ ਸਬੰਧਿਤ ਮੁੱਦਿਆਂ ਨੂੰ ਮੁੱਖ ਮਹੱਤਵ ਦਿੱਤਾ ਜਾਵੇਗਾ, ਕਿਉਂਕਿ ਇਹ ਸਾਡੀ ਸਿਹਤ ਅਤੇ ਤੰਦਰੁਸਤੀ ਨੂੰ ਸਿੱਧਾ ਪ੍ਰਭਾਵਤ ਕਰਦੇ ਹਨ। ਜਿਸ ਤਰ੍ਹਾਂ ਕਿ ਮੌਜੂਦਾ ਸਮੇਂ ਵਿਚ ਭੋਜਨ ਵਿੱਚ ਮਿਲਾਵਟ ਦੇ ਵੱਧ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ, ਭੋਜਨ ਦੀ ਜਾਂਚ ਇੱਕ ਜ਼ਰੂਰਤ ਬਣ ਗਈ ਹੈ।

ਵਧੇਰੇ ਜਾਣਕਾਰੀ ਦਿੰਦਿਆਂ ਡਾ. ਸੰਧੂ ਨੇ ਕਿਹਾ ਕਿ ਅਸੀਂ ਖਾਣ ਪੀਣ ਦੀਆਂ ਵਸਤਾਂ ਵਿਚ ਮੌਜੂਦ ਕਿਸੇ ਵੀ ਵੱਡੇ, ਮੈਕਰੋ ਅਤੇ ਨਾਲ ਹੀ ਸੂਖਮ ਤੱਤਾਂ ਦਾ ਵਿਸ਼ਲੇਸ਼ਣ ਕਰ ਸਕਾਂਗੇ। ਜਿਸ ਕਿਸੇ ਨੂੰ ਵੀ ਰੋਜ਼ਾਨਾ ਜੀਵਨ ਵਿਚ ਵਰਤੋਂ ਵਿਚ ਆਉਣ ਵਾਲੇ ਖੁਰਾਕੀ ਪਦਾਰਥ, ਪਲਾਸਟਿਕ ਚਾਵਲ, ਅੰਡੇ ਜਾਂ ਡੇਅਰੀ ਉਤਪਾਦਾਂ ਆਦਿ ਬਾਰੇ ਮਨ ਵਿਚ ਕੋਈ ਸ਼ੰਕਾ ਹੋਵੇ ਤਾਂ ਉਹ ਇਸਨੂੰ ਲੈਬਾਰਟਰੀ ਵਿਚ ਲਿਆ ਸਕੇਗਾ ਅਤੇ ਵਿਸ਼ਲੇਸ਼ਣ ਤੋਂ ਬਾਅਦ ਗੁਣਵੱਤਾ ਦੀ ਸਥਿਤੀ ਤੋਂ ਜਾਣੂ ਹੋ ਜਾਵੇਗਾ।

ਫੂਡ ਸਾਇੰਸ ਐਂਡ ਟੈਕਨਾਲੌਜੀ ਵਿਭਾਗ ਦੀਆਂ ਵਿਲੱਖਣ ਪਹਿਲਕਦਮੀਆਂ ਦੀ ਸ਼ਲਾਘਾ ਕਰਦਿਆਂ ਉਪ-ਕੁਲਪਤੀ, ਪ੍ਰੋ: ਬੂਟਾ ਸਿੰਘ ਸਿੱਧੂ ਨੇ ਕਿਹਾ ਕਿ ਜਿਵੇਂ ਕਿ ਪੰਜਾਬ ਨੂੰ ਭਾਰਤ ਦਾ ਅੰਨਦਾਤਾ ਕਿਹਾ ਜਾਂਦਾ ਹੈ ਅਤੇ ਕੇਂਦਰੀ ਅਨਾਜ ਭੰਡਾਰ ਵਿਚ ਪੰਜਾਬ ਸਭ ਤੋਂ ਵੱਡਾ ਯੋਗਦਾਨ ਪਾਉਂਦਾ ਹੈ, ਇਸ ਲਈ ਖਾਦ ਪਦਾਰਥਾਂ ਨਾਲ ਸਬੰਧਿਤ ਪ੍ਰੋਸੈਸਿੰਗ ਉਦਯੋਗਾਂ ਦੀ ਸੂਬੇ ਵਿਚ ਬਹੁਤ ਜ਼ਿਆਦਾ ਸੰਭਾਵਨਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਉਦਯੋਗਿਕ ਸਮੂਹਾਂ ਵਿਚੋਂ ਬਠਿੰਡਾ ਨੂੰ ਖੇਤੀਬਾੜੀ ਅਤੇ ਖੁਰਾਕ ਪ੍ਰੋਸੈਸਿੰਗ ਲਈ ਚੁਣਿਆ ਗਿਆ ਹੈ। ਅਜਿਹੀਆਂ ਰਣਨੀਤਕ ਸਥਿਤੀਆਂ ਅਤੇ ਸਰਕਾਰ ਦੀਆਂ ਅਨੁਕੂਲ ਨੀਤੀਆਂ ਨਾਲ ਵਧੇਰੇ ਫੂਡ ਪ੍ਰੋਸੈਸਿੰਗ ਉਦਯੋਗ ਸਥਾਪਿਤ ਕੀਤੇ ਜਾ ਸਕਦੇ ਹਨ।

ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਗੁਰਿੰਦਰ ਪਾਲ ਸਿੰਘ ਬਰਾੜ ਅਤੇ ਡੀਨ ਰਿਸਰਚ ਐਂਡ ਡਿਵੈਲਪਮੈਂਟ ਡਾ. ਆਸ਼ੀਸ਼ ਬਾਲਦੀ ਨੇ ਇਸ ਉੱਦਮ ਲਈ ਫੂਡ ਸਾਇੰਸ ਅਤੇ ਟੈਕਨਾਲੌਜੀ ਵਿਭਾਗ ਨੂੰ ਵਧਾਈ ਦਿੱਤੀ।

ਇੱਥੇ ਇਹ ਦੱਸਣਾ ਮਹੱਤਵਪੂਰਣ ਹੈ ਕਿ ਫੂਡ ਸਾਇੰਸ ਐਂਡ ਟੈਕਨਾਲੌਜੀ ਵਿਭਾਗ ਨੇ ਬਹੁਤ ਹੀ ਘੱਟ ਸਮੇਂ ਵਿੱਚ ਖੁਰਾਕ ਵਿਗਿਆਨ ਦੇ ਖੇਤਰ ਵਿੱਚ ਉੱਨਤ ਖੋਜ ਪ੍ਰਦਾਨ ਕਰਕੇ ਰਾਸ਼ਟਰੀ ਪੱਧਰ ‘ਤੇ ਆਪਣੀ ਵਿਸ਼ੇਸ਼ ਪਛਾਣ ਬਣਾਉਣ ਵਿਚ ਸਫਲਤਾ ਪ੍ਰਾਪਤ ਕੀਤੀ ਹੈ।

ਫੂਡ ਟੈਸਟਿੰਗ ਪ੍ਰਯੋਗਸ਼ਾਲਾ ਦੀ ਲੋੜ ਕਿਉਂ ਹੈ ?

ਖਾਣ-ਪੀਣ ਵਾਲੇ ਪਦਾਰਥਾਂ ਦੀ ਗੁਣਵੱਤਾ ਪਰਖਣ ਦਾ ਬੁਨਿਆਦੀ ਢਾਂਚਾ ਭਾਰਤ ਵਿਚ ਵਿਸ਼ਵ ਪੱਧਰੀ ਪ੍ਰੋਸੈਸਡ ਫੂਡ ਉਤਪਾਦਾਂ ਦਾ ਉਤਪਾਦਨ ਕਰਨ ਲਈ ਲਾਜ਼ਮੀ ਹੈ। ਭਾਰਤੀ ਭੋਜਨ ਉਤਪਾਦਾਂ ਨੂੰ ਵਿਸ਼ਵਵਿਆਪੀ ਕੰਪਨੀਆਂ ਦੇ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਉੱਚ ਪੱਧਰੀ ਮਿਆਰੀ ਭੋਜਨ ਉਤਪਾਦ ਤਿਆਰ ਕਰਦੇ ਹਨ। ਇਸ ਸਥਿਤੀ ਨਾਲ ਨਿਪਟਣ ਲਈ ਭਾਰਤ ਵਿਚ ਗਲੋਬਲ ਕੁਆਲਟੀ ਦੇ ਖਾਣ ਪੀਣ ਵਾਲੇ ਉਤਪਾਦਾਂ ਦਾ ਉਤਪਾਦਨ ਕਰਨ ਲਈ ਵਿਸ਼ਵ ਪੱਧਰ ਦੇ ਮਿਆਰ ਨੂੰ ਪੂਰਾ ਕਰਨ ਲਈ ਇਕ ਕੁਆਲਟੀ ਅਤੇ ਫੂਡ ਸੇਫਟੀ ਪ੍ਰਣਾਲੀ ਲਾਗੂ ਕੀਤੀ ਜਾਣੀ ਅਤੀ ਜ਼ਰੂਰੀ ਬਣ ਜਾਂਦੀ ਹੈ।

ਕੁਆਲਟੀ ਜਾਂਚ ਲਈ, ਫੂਡ ਟੈਸਟਿੰਗ ਲੈਬੋਰਟਰੀ ਬਹੁਤ ਮਹੱਤਵਪੂਰਣ ਭੂਮਿਕਾ ਅਦਾ ਕਰਦੀ ਹੈ। ਪੱਛਮੀ ਦੇਸ਼ਾਂ ਨੇ ਉੱਚ ਗੁਣਵੱਤਾ ਵਾਲੇ ਖਾਣ ਪੀਣ ਦੀਆਂ ਵਸਤਾਂ ਦੀ ਜਾਂਚ ਅਤੇ ਦੇਖਭਾਲ ਲਈ ਇਕ ਵਿਸ਼ੇਸ਼ ਭੋਜਨ ਜਾਂਚ ਪ੍ਰਯੋਗਸ਼ਾਲਾ ਪ੍ਰਣਾਲੀ ਬਣਾਈ ਹੈ। ਭਾਰਤ ਵੀ ਵਿਸ਼ਵ ਪੱਧਰੀ ਗੁਣਵੱਤਾ ਵਾਲੇ ਉਤਪਾਦਾਂ ਦਾ ਉਤਪਾਦਨ ਕਰਨ ਲਈ ਅਜਿਹੀ ਪ੍ਰਣਾਲੀ ਦਾ ਪਾਲਣ ਕਰ ਰਿਹਾ ਹੈ।

ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐੱਫ.ਐੱਸ.ਐੱਸ.ਏ.ਆਈ.) ਵਲੋਂ ਖਾਦ ਪਦਾਰਥਾਂ ਸਬੰਧੀ ਨਿਯਮ ਬਹੁਤ ਸਖਤ ਕਰ ਦਿੱਤੇ ਗਏ ਹਨ, ਇਸ ਦੇ ਮੱਦੇਨਜ਼ਰ ਫੂਡ ਪ੍ਰੋਸੈਸਿੰਗ ਕਾਰੋਬਾਰ ਨਾਲ ਜੁੜੇ ਉਤਪਾਦਾਂ ਦੀ ਜਾਂਚ ਕਰਵਾਉਣੀ ਲਾਜ਼ਮੀ ਹੋ ਜਾਂਦੀ ਹੈ। ਇਹ ਸਾਡੇ ਸਥਾਨਕ ਫੂਡ ਪ੍ਰੋਸੈਸਿੰਗ ਉਦਯੋਗਾਂ ਨੂੰ ਰਾਸ਼ਟਰੀ ਅਤੇ ਵਿਸ਼ਵ ਪੱਧਰ ‘ਤੇ ਮੁਕਾਬਲਾ ਕਰਨ ਵਿਚ ਸਹਾਈ ਹੋਵੇਗਾ।

Spread the love