ਚੰਡੀਗੜ੍ਹ, 12 ਅਕਤੂਬਰ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਸੂਬਾ ਸਰਕਾਰ ਦੀ ਪ੍ਰਸ਼ਾਸਨਿਕ ਗੈਰ ਸੰਜੀਦਗੀ ਤੇ ਪ੍ਰਸ਼ਾਸਨਿਕ ਢਿੱਲ ਕਾਰਨ ਮੌਜੂਦਾ ਸੰਕਟ ਬਣਿਆ ਹੈ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਕੀਤੀ ਮੀਟਿੰਗ ਵਿਚ ਇਹ ਮਾਮਲਾ ਨਾ ਚੁੱਕਣਾ ਸਰਕਾਰ ਦੀ ਲਾਪਰਵਾਹੀ ਦਾ ਸੂਚਕ ਹੈ।

ਅੱਜ ਇੱਥੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਪਾਰਟੀ ਤੇ ਸਰਕਾਰ ਸਿਖਰਲੀ ਕੁਰਸੀ ਦੀ ਲੜਾਈ ਵਿਚ ਰੁੱਝੇ ਹੋਏ ਹਨ ਤੇ ਬਿਜਲੀ ਸੰਕਟ ਵਾਲੇ ਪਾਸੇ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਮੁੱਖ ਮੰਤਰੀ ਚੰਨੀ ਵੱਲੋਂ ਪ੍ਰਧਾਨ ਮੰਤਰੀ ਨੂੰ ਚਿੱਠੀਆਂ ਲਿਖੀਆਂ ਜਾ ਰਹੀਆਂ ਹਨ ਪਰ ਉਸ ਮੀਟਿੰਗ ਵਿਚ ਜੇਕਰ ਇਹ ਮਾਮਲਾ ਚੁੱਕਿਆ ਹੁੰਦਾ ਤਾਂ ਸ਼ਾਇਦ ਮੌਜੂਦਾ ਬਿਜਲੀ ਸੰਕਟ ਨਾ ਉਪਜਦਾ।

ਅਕਾਲੀ ਆਗੂ ਨੇ ਇਹ ਵੀ ਕਿਹਾ ਕਿ ਪੰਜਾਬ ਵਿਚ ਕੋਲਾ ਸੰਕਟ ਇਸ ਕਾਰਨ ਬਣਿਆ ਹੈ ਕਿਉਂਕਿ ਬਿਜਲੀ ਨਿਗਮ ਕੋਲ ਇੰਡੀਆ ਲਿਮਟਿਡ ਦੀ ਡਿਫਾਲਟਰ ਹੈ। ਉਨ੍ਹਾਂ ਕਿਹਾ ਕਿ ਕੋਲਾ ਸਪਲਾਈ ਦੇ ਨਿਯਮ ਸਪਸ਼ਟ ਹਨ ਕਿ ਜੋ ਪਹਿਲਾਂ ਐਡਵਾਂਸ ਅਦਾਇਗੀ ਕਰਦੇ ਹਨ, ਉਨ੍ਹਾਂ ਨੂੰ ਸਭ ਤੋਂ ਪਹਿਲਾਂ ਕੋਲਾ ਮਿਲਦਾ ਹੈ, ਜੋ ਸਪਲਾਈ ਹੋਣ ’ਤੇ ਤੁਰੰਤ ਅਦਾਇਗੀ ਕਰਦੇ ਹਨ, ਉਨ੍ਹਾਂ ਨੂੰ ਦੂਜੀ ਤਰਜੀਹ ਮਿਲਦੀ ਹੈ ਤੇ ਫਿਰ ਅਖੀਰ ਵਿਚ ਡਿਫਾਲਟਰਾਂ ਨੂੰ ਕੋਲਾ ਸਪਲਾਈ ਮਿਲਦੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਨਿਗਮ ਕੋਲ ਇੰਡੀਆ ਲਿਮਟਿਡ ਦੀ ਕਰੋੜਾਂ ਦੀ ਕਰਜ਼ਈ ਹੈ ਜਿਸ ਕਾਰਨ ਪੰਜਾਬ ਨੂੰ ਕੋਲਾ ਦੇਰੀ ਨਾਲ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਬਿਜਲੀ ਨਿਗਮ ਕੋਲ ਇੰਡੀਆ ਦੀ ਕਰਜ਼ਈ ਹੈ, ਉੱਥੇ ਹੀ ਪੰਜਾਬ ਸਰਕਾਰ ਨੇ ਬਿਜਲੀ ਨਿਗਮ ਦੇ ਹਜ਼ਾਰਾਂ ਕਰੋੜ ਰੁਪਏ ਦੇਣੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਬਿਜਲੀ ਸਬਸਿਡੀ ਦੇ 3600 ਕਰੋੜ ਰੁਪਏ ਦੇਣੇ ਹਨ ਜਦਕਿ 2000 ਕਰੋੜ ਰੁਪਏ ਸਰਕਾਰੀ ਦਫ਼ਤਰਾਂ ਦੇ ਬਿੱਲਾਂ ਦੀ ਅਦਾਇਗੀ ਬਕਾਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿਚ ਬਿਜਲੀ ਨਿਗਮ ਦਾ ਡਿਫਾਲਟਰ ਹੋਣਾ ਕੁਦਰਤੀ ਹੈ।

ਉਨ੍ਹਾਂ ਕਿਹਾ ਕਿ ਸੁਬਾ ਸਰਕਾਰ ਦੀ ਅਣਗਹਿਲੀ ਦੇ ਕਾਰਨ ਅੱਜ ਸੁਬਾ ਬਿਜਲੀ ਦੇ ਸੰਕਟ ਵਿਚ ਗ੍ਰਸਤ ਹੋਹਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਨਾਲਾਇਕੀ ਕਾਰਨ ਹੀ ਸਰਕਾਰੀ ਖ਼ਜ਼ਾਨੇ ’ਤੇ ਬੋਝ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਨਿਗਮ ਬਿਜਲੀ ਖ਼ਰੀਦਣ ਲਈ ਮਜਬੂਰ ਹੈ ਕਿ ਕੱਲ੍ਹ 14 ਰੁਪਏ 46 ਪੈਸੇ ਪ੍ਰਤੀ ਯੂਨਿਟ ਦੀ ਦਰ ’ਤੇ 1450 ਮੈਗਾਵਾਟ ਬਿਜਲੀ ਖ਼ਰੀਦੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਵਿਚ 250 ਕਰੋੜ ਰੁਪਏ ਦੀ ਬਿਜਲੀ ਖ਼ਰੀਦੀ ਗਈ ਹੈ ਤੇ ਇਹ ਕਰੋੜਾਂ ਰੁਪਏ ਦਾ ਬੋਝ ਸਰਕਾਰੀ ਖ਼ਜ਼ਾਨੇ ’ਤੇ ਪੈ ਰਿਹਾ ਹੈ ਜੋ ਅਖੀਰ ਵਿਚ ਲੋਕਾਂ ਸਿਰ ਪਵੇਗਾ।

ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸਪਸ਼ਟ ਕੀਤਾ ਹੈ ਕਿ 430 ਲੱਖ ਟਨ ਕੋਲਾ ਭੰਡਾਰ ਵਿਚ ਪਿਆ ਹੈ ਤੇ ਕੋਲੇ ਦੀ ਕੋਈ ਕਮੀ ਨਹੀਂ ਹੈ ਪਰ ਪੰਜਾਬ ਸਰਕਾਰ ਮਾਪਦੰਡ ਪੂਰੇ ਨਾ ਕਰਦੇ ਹੋਣ ਕਾਰਨ ਕੋਲਾ ਪ੍ਰਾਪਤ ਕਰਨ ਵਿਚ ਨਾਕਾਮ ਹੈ।

ਉਨ੍ਹਾਂ ਕਿਹਾ ਕਿ ਬਿਜਲੀ ਅੱਜ ਜੀਵਨ ਵਾਸਤੇ ਬੇਹੱਦ ਜ਼ਰੂਰ ਹੈ ਤੇ ਪੰਜਾਬ ਵਰਗੇ ਖੇਤੀਬਾੜੀ ਪ੍ਰਧਾਨ ਸੂਬੇ ਵਿਚ ਬਿਜਲੀ ਨਾ ਮਿਲਣ ਕਾਰਨ 20 ਫ਼ੀਸਦੀ ਬਾਸਮਤੀ ਸਿੰਜਾਈ ਨਾ ਹੋਣ ਕਾਰਨ ਪ੍ਰਭਾਵਤ ਹੋ ਰਹੀ ਹੈ ਤੇ ਕਣਕ ਦੀ ਬਿਜਾਈ ’ਤੇ ਅਸਰ ਪੈਣ ਦਾ ਖ਼ਦਸ਼ਾ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਲਦੀ ਹੀ ਕੋਰ ਕਮੇਟੀ ਦੀ ਮੀਟਿੰਗ ਸੱਦ ਕੇ ਫ਼ੈਸਲਾ ਕਰੇਗਾ ਕਿ ਜੇਕਰ ਬਿਜਲੀ ਦਾ ਹਫ਼ਤੇ ਵਿਚ ਸੁਧਾਰ ਨਾ ਹੋਇਆ, ਕੋਲੇ ਦਾ ਪਰ ਬੰਧ ਨਾ ਕੀਤਾ ਗਿਆ ਤਾਂ ਫਿਰ ਅਕਾਲੀ ਦਲ ਸੜਕਾਂ ’ਤੇ ਆਵੇਗਾ।

ਉਨ੍ਹਾਂ ਨੇ ਸਰਕਾਰ ਨੂੰ ਫ਼ਜ਼ੂਲ ਖ਼ਰਚੇ ਬੰਦ ਕਰ ਕੇ ਡਿਫਾਲਟਰਾਂ ਦੀ ਸੂਚੀ ਵਿਚੋਂ ਨਿਕਲਣ ਲਈ ਕੰਮ ਕਰਨ ਵਾਸਤੇ ਆਖਿਆ। ਉਨ੍ਹਾਂ ਕਿਹਾ ਕਿ ਕੁਰਸੀ ਦੀ ਲੜਾਈ ਵਿਚ ਵਾਰ ਵਾਰ ਚਾਰਟਡ ਜਹਾਜ਼ ਲੈਣੇ ਤੇ ਹੈਲੀਕਾਪਟਰ ਦੀ ਵਰਤੋਂ ਕਦੇ ਛੱਡ ਕੇ ਆਉਣ ਤੇ ਕਦੇ ਲਿਆਉਣ ਲਈ ਕਰਨਾ ਫ਼ਜ਼ੂਲ ਖ਼ਰਚੀ ਹੈ।

ਮੀਡੀਆ ਵੱਲੋਂ ਮੇਘਾਲਿਆ ਦੀ ਸਥਿਤੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਮੇਘਾਲਿਆ ਵਿਚ ਸਿੱਖਾਂ ਦਾ ਉਜਾੜਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉੱਥੇ ਵੱਸ ਰਹੇ ਸਿੱਖ ਲੰਬੇ ਸਮੇਂ ਤੋਂ ਉੱਥੇ ਹੀ ਬੈਠੇ ਹਨ ਤੇ ਪਹਿਲਾਂ 1987 ਤੇ ਫਿਰ 2012 ਵਿਚ ਇਸ ਬਾਰੇ ਨਿਬੇੜਾ ਹੋ ਚੁੱਕਾ ਹੈ ਤੇ ਹੁਣ ਨਵੇਂ ਸਿਰੇ ਤੋਂ ਲੈਂਡ ਮਾਫ਼ੀਆ ਦੇ ਪ੍ਰਭਾਵ ਹੇਠ ਮੁੱਦਾ ਮੁੜ ਉਠਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿਚ ਘੱਟ ਗਿਣਤੀਆਂ ਵਿਚ ਡਰ ਤੇ ਸਹਿਮ ਪੈਦਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਜੋ ਬੇਹੱਦ ਮੰਦਭਾਗੀ ਹੈ।

Spread the love