ਨਵੀਂ ਦਿੱਲੀ , 19 ਅਕਤੂਬਰ
ਸਿੰਘੂ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ‘ਚ ਦੁਸਹਿਰੇ ਦੀ ਸਵੇਰ ਨੂੰ ਲਖਬੀਰ ਸਿੰਘ ਦੀ ਹੱਤਿਆ ਤੋਂ ਬਾਅਦ ਹੁਣ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਇਸ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਸਿੰਘੁ ਬਾਰਡਰ ‘ਤੇ ਬੈਠੇ ਨਿਹੰਗ ਜਥੇਬੰਦੀਆਂ ਦੇ ਮੁਖੀਆਂ ਵਿੱਚੋਂ ਇੱਕ ਬਾਬਾ ਅਮਨ ਸਿੰਘ ਨੂੰ ਸਿਰੋਪਾ ਪਾ ਕੇ ਸਨਮਾਨਿਤ ਕਰ ਰਹੇ ਹਨ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਕੈਲਾਸ਼ ਚੌਧਰੀ ਅਤੇ ਹੋਰ ਭਾਜਪਾ ਨੇਤਾ ਵੀ ਫੋਟੋ ਵਿੱਚ ਦਿਖਾਈ ਦੇ ਰਹੇ ਹਨ। ਤਸਵੀਰ ਜੁਲਾਈ 2021 ਵਿੱਚ ਕੈਲਾਸ਼ ਚੌਧਰੀ ਦੀ ਰਿਹਾਇਸ਼ ਦੀ ਹੈ।
ਫੋਟੋ ਸਾਹਮਣੇ ਆਉਣ ਤੋਂ ਬਾਅਦ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਇੱਕ ਪ੍ਰੈੱਸ ਨੋਟ ਜਾਰੀ ਕੀਤਾ ਹੈ ਜਿਸ ‘ਚ ਉਨ੍ਹਾਂ ਨੇ ਸਿੰਘੂ ਬਾਰਡਰ ‘ਤੇ ਵਾਪਰੀ ਘਟਨਾ ਦੀ ਡੂੰਘੀ ਜਾਂਚ ਕਰਕੇ ਸੱਚ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਘਟਨਾ ਨੂੰ ਨਿੰਦਣਯੋਗ ਤੇ ਅਫ਼ਸੋਸਨਾਕ ਦੱਸਦਿਆ ਕਿਹਾ ਬਿਨਾਂ ਸ਼ੱਕ ਕਿਸੇ ਵੀ ਧਰਮ ਗ੍ਰੰਥ ਦੀ ਬੇਅਦਬੀ ਇਕ ਨਿੰਦਣਯੋਗ ਮਾਮਲਾ ਬਣਦਾ ਹੈ ਪਰ ਇਹ ਆਪਣੇ ਆਪ ‘ਚ ਹੀ ਕਿਸੇ ਨੂੰ ਵੀ ਖ਼ੁਦ ਹੀ ਜੱਜ ਬਣ ਕੇ ਸਜ਼ਾ ਦੇਣ ਦਾ ਹੱਕ ਨਹੀਂ। ਹਾਲਾਂਕਿ ਇਹ ਵੀ ਸਪੱਸ਼ਟ ਨਹੀਂ ਹੈ ਕਿ ਉਸ ਵਿਅਕਤੀ ਵੱਲੋਂ ਕਿਸ ਤਰ੍ਹਾਂ ਬੇਅਦਬੀ ਦੀ ਕਾਰਵਾਈ ਕੀਤੀ ਗਈ ਸੀ ਜਾਂ ਕੀਤੀ ਜਾਣੀ ਸੀ ਜਾਂ ਇਹ ਸ਼ੱਕ ਦਾ ਮਸਲਾ ਹੀ ਸੀ। ਪਹਿਲਾਂ ਕਹੇ ਗਏ ਗ੍ਰੰਥ ਬਾਰੇ ਤਾਂ ਸਿੱਖ ਧਰਮ ਨਾਲ ਸਬੰਧਤ ਲੋਕਾਂ ਦਾ ਬਹੁਤ ਵੱਡਾ ਹਿੱਸਾ ਜਾਣੂੰ ਹੀ ਨਹੀਂ ਹੈ। ਇਨ੍ਹਾਂ ਸਭਨਾਂ ਪੱਖਾਂ ਬਾਰੇ ਨਿਹੰਗਾਂ ਦੇ ਬਿਆਨ ਵੀ ਵੱਖਰੋ ਵੱਖਰੇ ਹਨ। ਅਜਿਹੇ ਹਾਲਾਤਾਂ ‘ਚ ਇੱਕ ਵਿਅਕਤੀ ਦਾ ਕਤਲ ਹੋਰ ਵੀ ਜ਼ਿਆਦਾ ਨਿਹੱਕਾ ਤੇ ਨਾਲ ਹੀ ਸ਼ੱਕੀ ਮਾਮਲਾ ਬਣ ਜਾਂਦਾ ਹੈ।
ਜਥੇਬੰਦੀ ਨੇ ਕਿਹਾ ਕਿ ਪੰਜਾਬੀ ਟ੍ਰਿਬਿਊਨ ਵੱਲੋਂ ਅੱਜ ਪ੍ਰਕਾਸ਼ਿਤ ਖ਼ਬਰ ਤੇ ਜਾਰੀ ਤਸਵੀਰ ਅਨੁਸਾਰ ਕਤਲ ਨੂੰ ਉਚਿਆਉਣ ਵਾਲਾ ਨਿਹੰਗ ਅਮਨ ਸਿੰਘ ਕੇਂਦਰੀ ਹਕੂਮਤੀ ਹਲਕਿਆਂ ‘ਚ ਵਿਚਰਦਾ ਆ ਰਿਹਾ ਹੈ ਤੇ ਉਸ ਵੱਲੋਂ ਕੇਂਦਰੀ ਮੰਤਰੀਆਂ ਤੇ ਆਗੂਆਂ ਨਾਲ ਕੀਤੀਆਂ ਮੁਲਾਕਾਤਾਂ ਸਬੂਤਾਂ ਸਮੇਤ ਸਾਹਮਣੇ ਆ ਗਈਆਂ ਹਨ। ਪੁਲੀਸ ਕੈਟ ਵਜੋਂ ਪਿੰਕੀ ਦੀ ਮੌਜੂਦਗੀ ਵੀ ਇਨ੍ਹਾਂ ਮੁਲਾਕਾਤਾਂ ਦੇ ਸਾਜ਼ਿਸ਼ੀ ਮਕਸਦਾਂ ਵੱਲ ਇਸ਼ਾਰਾ ਕਰਦੀ ਹੈ। ਪੰਜਾਬੀ ਟ੍ਰਿਬਿਊਨ ਵੱਲੋਂ ਕੀਤੇ ਗਏ ਇਹ ਤਾਜ਼ਾ ਇੰਕਸ਼ਾਫ ਇਸ ਸਮੁੱਚੇ ਘਟਨਾਕ੍ਰਮ ਨੂੰ ਹੋਰ ਵੀ ਜ਼ਿਆਦਾ ਸ਼ੱਕੀ ਬਣਾ ਦਿੰਦੇ ਹਨ।
ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਇਹ ਘਟਨਾ ਇਕ ਵਿਅਕਤੀ ਨੂੰ ਇਉਂ ਕੋਹ ਕੋਹ ਕੇ ਕਤਲ ਕਰ ਦਿੱਤੇ ਜਾਣ ਕਾਰਨ ਬੇਹੱਦ ਅਫਸੋਸਨਾਕ ਹੈ। ਨਾਲ ਹੀ ਇਹ ਕਿਸਾਨ ਸੰਘਰਸ਼ ਨੂੰ ਸਮੁੱਚੇ ਮੁਲਕ ਤੇ ਸੰਸਾਰ ਅੰਦਰ ਬਦਨਾਮ ਕੀਤੇ ਜਾਣ ਲਈ ਸਰਕਾਰ ਹੱਥ ਦਿੱਤਾ ਗਿਆ ਸਾਧਨ ਵੀ ਹੈ। ਇਸਦੀ ਆੜ ‘ਚ ਮੋਦੀ ਹਕੂਮਤ ਦੀ ਪ੍ਰਚਾਰ ਮਸ਼ੀਨਰੀ ਨੇ ਦੇਸ਼ ਭਰ ਅੰਦਰ ਸੰਘਰਸ਼ ਖ਼ਿਲਾਫ਼ ਮਾਹੌਲ ਬਣਾਉਣ ਦਾ ਯਤਨ ਕੀਤਾ ਹੈ ਤੇ ਦਿੱਲੀ ਦੇ ਬਾਰਡਰਾਂ ਉਪਰ ਧਰਨਿਆਂ ‘ਤੇ ਬੈਠੇ ਸਮੁੱਚੇ ਸੰਘਰਸ਼ਸ਼ੀਲ ਕਿਸਾਨਾਂ ਨੂੰ ਜ਼ਾਲਮਾਨਾ ਬਿਰਤੀ ਵਾਲਿਆਂ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਇਕ ਹੱਥ ਮੋਦੀ ਹਕੂਮਤ ਵੱਖ ਵੱਖ ਢੰਗਾਂ ਨਾਲ ਦਿੱਲੀ ਮੋਰਚਿਆਂ ਨੂੰ ਉਖਾੜ ਦੇਣ ਤੇ ਸੰਘਰਸ਼ ਨੂੰ ਕੁਚਲਣ ਲਈ ਰੱਸੇ ਪੈੜੇ ਵਟਣ ਲੱਗੀ ਹੋਈ ਹੈ। ਉਸ ਵੱਲੋਂ ਸੁਪਰੀਮ ਕੋਰਟ ਦਾ ਆਸਰਾ ਲੈਣ ਦਾ ਯਤਨ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਲਖੀਮਪੁਰ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਐਕਸ਼ਨ ਚੱਲ ਰਹੇ ਹਨ ਅਤੇ ਦੁਨੀਆਂ ਭਰ ਅੰਦਰ ਮੋਦੀ ਸਰਕਾਰ ਦੀ ਇਸ ਜ਼ਾਲਮਾਨਾ ਕਾਰਵਾਈ ਦੀ ਨਿੰਦਾ ਹੋ ਰਹੀ ਹੈ। ਅਜਿਹੇ ਸਮੇਂ ਇਹ ਘਟਨਾ ਲੋਕਾਂ ਦਾ ਧਿਆਨ ਭਟਕਾਉਣ ਦਾ ਜ਼ਰੀਆ ਵੀ ਬਣੀ ਹੈ।