ਚੰਡੀਗੜ , 20 ਅਕਤੂਬਰ
ਪੰਜਾਬ ਪੁਲਿਸ ਨੇ ਇੱਕ ਖੁਫੀਆ ਕਾਰਵਾਈ ਤਹਿਤ ਬੁੱਧਵਾਰ ਨੂੰ ਜ਼ਿਲ੍ਹਾ ਤਰਨ ਤਾਰਨ ਨਾਲ ਲਗਦੀ ਭਾਰਤ-ਪਾਕਿ ਸਰਹੱਦ ‘ਤੇ ਤਲਾਸ਼ੀ ਮੁਹਿੰਮ ਦੌਰਾਨ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲੀ ਸਿੱਕਾ ਤੋਂ ਇਲਾਵਾ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹ ਕਾਰਵਾਈ ਸੀਮਾਂ ਸੁਰੱਖਿਆ ਬਲ (ਬੀਐਸਐਫ) ਅਤੇ ਕਾਊਂਟਰ ਇੰਟੈਲੀਜੈਂਸ ਅੰਮਿ੍ਰਤਸਰ ਵੱਲੋਂ ਸਾਂਝੇ ਤੌਰ ‘ਤੇ ਬੀਓਪੀ ਮਿਆਂਵਾਲੀ ਹਿੱਥਾਰ, ਖੇਮਕਰਨ ਸੈਕਟਰ ਦੇ ਖੇਤਰ ਵਿੱਚ ਕੀਤੀ ਗਈ ਸੀ।
ਕਾਰਜਕਾਰੀ ਡਾਇਰੈਕਟਰ ਜਨਰਲ ਪੁਲਿਸ (ਡੀਜੀਪੀ) ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਸੂਹ ਮਿਲੀ ਸੀ ਕਿ ਪਾਕਿ ਸਰਹੱਦ ’ਤੇ ਸਰਗਰਮ ਕੁਝ ਤਸਕਰਾਂ ਨੇ ਹਥਿਆਰਾਂ ਅਤੇ ਹੈਰੋਇਨ ਦੀ ਵੱਡੀ ਖੇਪ ਛੁਪਾਈ ਹੋਈ ਸੀ, ਜਿਸ ਤੋਂ ਬਾਅਦ ਕਾਊਂਟਰ ਇੰਟੈਲੀਜੈਂਸ ਅੰਮਿ੍ਰਤਸਰ ਦੀ ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ ਅਤੇ ਬੀਐਸਐਫ ਅਧਿਕਾਰੀਆਂ ਨਾਲ ਤਲਾਸ਼ੀ ਮੁਹਿੰਮ ਦੀ ਯੋਜਨਾ ਬਣਾਈ ਗਈ ਸੀ।
ਉਨਾਂ ਦੱਸਿਆ ਕਿ ਸਾਂਝੀ ਕਾਰਾਵਈ ਦੌਰਾਨ ਟੀਮਾਂ ਨੇ 22 ਪਿਸਤੌਲਾਂ (ਜਿਨਾਂ ਵਿੱਚੋਂ ਜਿਆਦਾਤਰ .30 ਬੋਰ ਸਟਾਰ ਮਾਰਕ), 44 ਮੈਗਜ਼ੀਨਾਂ ਅਤੇ 100 ਜਿੰਦਾ ਕਾਰਤੂਸਾਂ ਤੋਂ ਇਲਾਵਾ 934 ਗ੍ਰਾਮ ਹੈਰੋਇਨ ਦਾ ਪੈਕੇਟ ਬਰਾਮਦ ਕੀਤਾ ਜੋ ਕਿ ਝੋਨੇ ਦੇ ਖੇਤ ਵਿੱਚ ਕਾਲੇ ਰੰਗ ਦੇ ਕਿੱਟ ਬੈਗ ਵਿੱਚ ਲੁਕਾਇਆ ਹੋਇਆ ਸੀ।
ਮੁੱਢਲੀ ਪੜਤਾਲ ਦੌਰਾਨ ਇਹ ਗੱਲ ਸਪੱਸ਼ਟ ਤੌਰ ’ਤੇ ਸਾਹਮਣੇ ਆਈ ਹੈ ਕਿ ਤਸਕਰੀ ਦਾ ਢੰਗ ਪਾਕਿਸਤਾਨੀ ਤਸਕਰਾਂ ਵਲੋਂ ਜ਼ਿਆਦਾਤਰ ਵਰਤੇ ਜਾਂਦੇ ਢੰਗ ਨਾਲ ਮੇਲ ਖਾਂਦਾ ਹੈ। ਉਨਾਂ ਦੁਆਰਾ ਇਹ ਖੇਪ ਸਰਹੱਦ ਤੋਂ ਪਾਰ ਭਾਰਤੀ ਖੇਤਰ ਵਿੱਚ ਰੱਖੀ ਗਈ ਸੀ ਅਤੇ ਇਸਨੂੰ ਉਨਾਂ ਦੇ ਭਾਰਤੀ ਸਾਥੀਆਂ ਵਲੋਂ ਬਰਾਮਦ ਕੀਤਾ ਜਾਣਾ ਸੀ।
ਡੀਜੀਪੀ ਨੇ ਦੱਸਿਆ ਕਿ ਆਈਪੀਸੀ ਦੀ ਧਾਰਾ 511, ਐਨਡੀਪੀਐਸ ਐਕਟ ਦੀ ਧਾਰਾ 21, 28, 29, ਆਰਮਜ਼ ਐਕਟ ਦੀ ਧਾਰਾ 25 ਅਤੇ ਵਿੱਤ ਐਕਟ ਦੀ ਧਾਰਾ 14 ਅਧੀਨ ਪੁਲਿਸ ਥਾਣਾ ਐਸਐਸਓਸੀ ਅੰਮਿ੍ਰਤਸਰ ਵਿਖੇ ਐਫਆਈਆਰ ਨੰਬਰ 19 ਮਿਤੀ 19.10.2021 ਨੂੰ ਦਰਜ ਕੀਤਾ ਗਿਆ ਹੈ। ਉਨਾਂ ਕਿਹਾ ਕਿ ਪਾਕਿ ਸਬੰਧਤ ਤਸਕਰਾਂ ਦੇ ਨਾਲ-ਨਾਲ ਇਸ ਖੇਪ ਨੂੰ ਚੁੱਕਣ ਵਾਲੇ ਉਨਾਂ ਦੇ ਭਾਰਤੀ ਸਬੰਧਾਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ , ਜਦੋਂ ਦੇਸ਼ ਵਿਰੋਧੀ ਅਨਸਰਾਂ ਨੇ ਸਰਹੱਦ ਪਾਰੋਂ ਵੱਖ-ਵੱਖ ਚੈਨਲਾਂ ਰਾਹੀਂ ਅਜਿਹੀਆਂ ਖੇਪਾਂ ਨੂੰ ਭੇਜਣ ਦੀ ਕੋਸ਼ਿਸ਼ ਕੀਤੀ ਹੈ। ਪਹਿਲਾਂ ਵੀ ਕਾਊਂਟਰ ਇੰਟੈਲੀਜੈਂਸ ਵਿੰਗ ਵੱਲੋਂ ਵੱਖ-ਵੱਖ ਦੋਸ਼ੀਆਂ ਤੋਂ ਗੈਰਕਾਨੂੰਨੀ ਹਥਿਆਰਾਂ ਦੇ ਵੱਡੇ ਭੰਡਾਰ ਬਰਾਮਦ ਕੀਤੇ ਗਏ ਹਨ, ਜੋ ਕਿ ਰਾਜ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨਾ ਚਾਹੁੰਦੇ ਸਨ।
10.06.2021 ਨੂੰ ਜਗਜੀਤ ਸਿੰਘ ਉਰਫ ਜੱਗੂ ਪੁੱਤਰ ਪਰਮਜੀਤ ਸਿੰਘ ਵਾਸੀ ਪੁਰੀਆਂ ਕਲਾਂ ਥਾਣਾ ਸਦਰ ਬਟਾਲਾ, ਪੁਲਿਸ ਜਿਲਾ ਬਟਾਲਾ ਤੋਂ 48 ਪਿਸਤੌਲਾਂ ਦੀ ਖੇਪ ਬਰਾਮਦ ਹੋਈ। ਇੱਕ ਹੋਰ ਕਾਰਵਾਈ ਤਹਿਤ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਬਰਵਾਨੀ, ਐਮਪੀ ਤੋਂ 39 ਪਿਸਤੌਲ ਬਰਾਮਦ ਕੀਤੇ ਸਨ ਜੋ ਕਿ ਰਾਜ ਵਿੱਚ ਗੈਰਸਮਾਜਿਕ ਤੱਤਾਂ ਨੂੰ ਸਪਲਾਈ ਕੀਤੇ ਜਾਣੇ ਸਨ।