ਨਵੀਂ ਦਿੱਲੀ, 21 ਅਕਤੂਬਰ

ਸਿੰਘੁ ਬਾਰਡਰ ‘ਤੇ ਵਾਪਰੀ ਘਟਨਾ ਦੀ ਜਾਂਚ ਲਈ ਬਣਾਈ ਗਈ ਕਮੇਟੀ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਕਮੇਟੀ ਮੈਂਬਰਾਂ ਵੱਲੋਂ ਅੱਜ ਇੱਕ ਮੀਟਿੰਗ ਰੱਖੀ ਗਈ ਹੈ ਅਤੇ ਉਸ ਤੋਂ ਬਾਅਦ ਜਾਂਚ ਦਾ ਕੰਮ ਸ਼ੁਰੂ ਕੀਤਾ ਗਿਆ। ਇਹ ਕੰਮ ਕਿਵੇਂ ਕੀਤਾ ਜਾਣਾ ਹੈ ਇਸ ਬਾਰੇ ਕਮੇਟੀ ਮੈਂਬਰਾਂ ਦੀ ਤਰਫੋਂ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਹੈ। ਕਮੇਟੀ ਨੇ ਆਪਣੀ ਰਿਪੋਰਟ ਤਿੰਨ ਜਾਂ ਚਾਰ ਦਿਨਾਂ ਵਿੱਚ ਪੂਰੀ ਕਰਨੀ ਹੈ ਅਤੇ ਇਸ ਨੂੰ ਕਿਸਾਨ ਜਥੇਬੰਦੀਆਂ ਸਾਹਮਣੇ ਪੇਸ਼ ਕਰਨੀ ਹੈ।

ਕਮੇਟੀ ਦੇ ਅਹਿਮ ਮੈਂਬਰ ਬਲਦੇਵ ਸਿੰਘ ਸਿਰਸਾ ਮੁਤਾਬਿਕ, ਅਸੀਂ ਛੇਤੀ ਤੋਂ ਛੇਤੀ ਜਾਂਚ ਮੁਕੰਮਲ ਕਰਨਾ ਚਾਹੁੰਦੇ ਹਾਂ। ਅਸੀਂ ਉਨ੍ਹਾਂ ਸਾਰਿਆਂ ਨਾਲ ਗੱਲ ਕਰਾਂਗੇ ਜੋ ਹੱਤਿਆ ਲਈ , ਲਖਬੀਰ ਨੂੰ ਇੱਥੇ ਲਿਆਉਣ ਲਈ ਜ਼ਿੰਮੇਵਾਰ ਹਨ। ਅਸੀਂ ਇਸਦੇ ਲਈ ਆਪਣਾ ਪ੍ਰੋਗਰਾਮ ਤਿਆਰ ਕਰ ਲਿਆ ਹੈ। ਬਾਬਾ ਅਮਨ ਸਿੰਘ ਹੋਰ ਨਿਹੰਗ ਸਿੰਘਾਂ ਅਤੇ ਧਰਨੇ ਵਿੱਚ ਸ਼ਾਮਲ ਲੋਕਾਂ ਨਾਲ ਵੀ ਗੱਲਬਾਤ ਕਰਨਗੇ। ਇਸ ਦੀ ਮੁਕੰਮਲ ਰਿਪੋਰਟ ਤਿਆਰ ਕਰਕੇ ਕਿਸਾਨ ਜਥੇਬੰਦੀਆਂ ਨੂੰ ਸੌਂਪੀ ਜਾਵੇਗੀ।

ਕਮੇਟੀ ਵੱਲੋਂ ਰਿਪੋਰਟ 27 ਅਕਤੂਬਰ ਤੋਂ ਪਹਿਲਾਂ ਮੁਕੰਮਲ ਕੀਤੀ ਜਾਣੀ ਹੈ। ਕਿਉਂਕਿ 27 ਅਕਤੂਬਰ ਨੂੰ ਨਿਹੰਗ ਸਿੰਘਾਂ ਵੱਲੋਂ ਧਾਰਮਿਕ ਸਮਾਗਮ ਬੁਲਾਇਆ ਗਿਆ ਹੈ ਅਤੇ ਇਸ ਦਿਨ ਸੰਤ ਸਮਾਜ, ਕਿਸਾਨ ਜਥੇਬੰਦੀਆਂ ਅਤੇ ਹੋਰ ਲੋਕਾਂ ਨੂੰ ਉੱਥੇ ਬੁਲਾਇਆ ਗਿਆ ਹੈ। ਇਸ ਵਿੱਚ ਇਹ ਫੈਸਲਾ ਲਿਆ ਜਾਣਾ ਹੈ ਕਿ ਨਿਹੰਗ ਸਿੰਘਾਂ ਨੂੰ ਇੱਥੇ ਰਹਿਣਾ ਹੈ ਜਾਂ ਉਨ੍ਹਾਂ ਨੂੰ ਇੱਥੋਂ ਚਲੇ ਜਾਣਾ ਚਾਹੀਦਾ ਹੈ। ਬਾਬਾ ਅਮਨ ਸਿੰਘ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ‘ਤੇ ਇਕੱਠ’ ਚ ਗੱਲਬਾਤ ਹੋਣੀ ਲਾਜ਼ਮੀ ਹੈ, ਇਸ ਲਈ ਕਮੇਟੀ ਇਸ ਤੋਂ ਪਹਿਲਾਂ ਆਪਣੀ ਜਾਂਚ ਪੂਰੀ ਕਰਵਾਉਣਾ ਚਾਹੁੰਦੀ ਹੈ, ਤਾਂ ਜੋ ਇਸ ਮਾਮਲੇ ਨੂੰ ਤੱਥਾਂ ਦੇ ਨਾਲ ਇਕੱਠ ‘ਚ ਰੱਖਿਆ ਜਾ ਸਕੇ।

ਤੁਹਾਨੂੰ ਦੱਸ ਦੇਈਏ ਦੁਸਹਿਰੇ ਵਾਲੇ ਦਿਨ, 15 ਅਕਤੂਬਰ ਨੂੰ, ਸਿੰਘੂ ਬਾਰਡਰ ‘ਤੇ ਤਰਨਤਾਰਨ ਦੇ ਨੇੜਲੇ ਪਿੰਡ ਚੀਮਾ ਕਲਾਂ ਦੇ ਵਸਨੀਕ ਲਖਬੀਰ ਸਿੰਘ ਦਾ ਨਿਹੰਗ ਸਿੰਘਾਂ ਨੇ ਕਤਲ ਕਰ ਦਿੱਤਾ ਸੀ। ਉਸ ‘ਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦਾ ਦੋਸ਼ ਸੀ। ਇਸ ਤੋਂ ਬਾਅਦ, ਸਮੂਹ ਦੇ ਮੁਖੀ ਨਿਹੰਗ ਅਮਨ ਸਿੰਘ ਦੇ ਨਾਲ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਭਾਜਪਾ ਨੇਤਾਵਾਂ ਦੀ ਫੋਟੋ ਵਾਇਰਲ ਹੋਈ। ਇਸ ਤੋਂ ਬਾਅਦ ਕਿਸਾਨ ਮੋਰਚਾ ਨੇ ਇੱਕ ਡੂੰਘੀ ਸਾਜ਼ਿਸ਼ ਦਾ ਖਦਸ਼ਾ ਪ੍ਰਗਟ ਕੀਤਾ ਸੀ। ਇਸ ਦੀ ਜਾਂਚ ਲਈ ਇੱਕ ਤੱਥ ਖੋਜ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਵਿੱਚ ਕੰਵਲਪ੍ਰੀਤ ਸਿੰਘ ਪੰਨੂ, ਬਲਦੇਵ ਸਿੰਘ ਸਿਰਸਾ, ਕਾਕਾ ਸਿੰਘ ਕੋਟੜਾ, ਪ੍ਰਗਟ ਸਿੰਘ ਜਾਮਾਰਾਏ ਅਤੇ ਜਤਿੰਦਰ ਸਿੰਘ ਛੀਨਾ ਨੂੰ ਸ਼ਾਮਲ ਕੀਤਾ ਗਿਆ ਹੈ।

Spread the love