ਲੁਧਿਆਣਾ, 22 ਅਕਤੂਬਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਖਿਆ ਕਿ ਉਹ 10ਵੀਂ ਤੇ 12ਵੀਂ ਕਲਾਸ ਦੀਆਂ ਸੀ ਬੀ ਐਸ ਈ ਦੀਆਂ ਪ੍ਰੀਖਿਆਵਾਂ ਦੇ ਮਾਮਲੇ ਵਿਚ ਪੰਜਾਬ ਦਾ ਦਰਜਾ ਘਟਾ ਕੇ ਮਾਈਨਰ ਕਰਨ ਅਤੇ ਅੱਧੇ ਸੂਬੇ ਨੁੰ ਕੇਂਦਰੀ ਬਲਾਂ ਦੇ ਕੰਟਰੋਲ ਹੇਠ ਲਿਆਉਣ ਦੇ ਮਾਮਲੇ ਵਿਚ ਵਿਤਕਰੇ ਦਾ ਮਸਲਾ ਜ਼ੋਰਦਾਰ ਢੰਗ ਨਾਲ ਕੇਂਦਰ ਕੋਲ ਚੁੱਕਣ।

ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਕੇਂਦਰ ਵੱਲੋਂ ਪੰਜਾਬ ਨਾਲ ਲਗਾਤਾਰ ਧੱਕਾ ਕੀਤੇ ਜਾਣ ਦੇ ਮਾਮਲੇ ਮੁੱਖ ਮੰਤਰੀ ਜ਼ੋਰਦਾਰ ਢੰਗ ਨਾਲ ਕੇਂਦਰ ਕੋਲ ਚੁੱਕਣ ਤੋਂ ਇਨਕਾਰੀ ਹਨ। ਉਹਨਾਂ ਕਿਹਾ ਕਿ ਪਹਿਲਾਂ ਚੰਨੀ ਨੇ ਅੱਧੇ ਸੂਬੇ ਵਿਚ ਪੁਲਿਸ ਦਾ ਕੰਮ ਕੇਂਦਰ ਹਵਾਲੇ ਕਰਨ ਦੇ ਮਾਮਲੇ ਵਿਚ ਆਤਮ ਸਮਰਪਣ ਕਰÇ ਦੱਤਾ। ਹੁਣ ਉਹਨਾਂ ਨੇ ਫਿਰ ਪੰਜਾਬੀ ਨੂੰ ਮਾਈਨਰ ਵਿਸ਼ਾ ਬਣਾਉਣ ਦੇ ਮਾਮਲੇ ਵਿਚ ਸਹਿਮਤੀ ਦੇ ਦਿੱਤੀ ਹੈ। ਉਹਨਾਂ ਕਿਹਾ ਕਿ ਇਹ ਸਪਸ਼ਟ ਸੰਕੇਤ ਹਨ ਕਿ ਉਹ ਆਪਣੀ ਮੁੱਖ ਮੰਤਰੀ ਦੀ ਕੁਰਸੀ ਬਚਾਉਣ ਵਾਸਤੇ ਕੇਂਦਰ ਸਰਕਾਰ ਦੇ ਇਸ਼ਾਰਿਆਂ ’ਤੇ ਨੱਚ ਰਹੇ ਹਨ।

ਬਾਦਲ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਖੋਖਲੇ ਵਾਅਦੇ ਕਰਨ ਦੀ ਥਾਂ ਲੋਕਾਂ ਨਾਲ ਪਹਿਲਾਂ ਕੀਤੇ ਵਾਅਦੇ ਪੂਰੇ ਕਰਨ। ਉਹਨਾਂ ਨੇ ਮੁੱਖ ਮੰਤਰੀ ਵੱਲੋਂ ਸਿਰਫ ਤਸਵੀਰਾਂ ਖਿੱਚਵਾਉਣ ’ਤੇ ਲੱਕ ਬੰਨਣ ਅਤੇ ਗੁਲਾਬੀ ਸੁੰਡੀ ਦੀ ਮਾਰ ਹੇਠ ਆਏ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾਅਵੇ ਵਾਲੇ ਗੁੰਮਰਾਹਕੁੰਨ ਇਸ਼ਤਿਹਾਰ ਛਪਾਉਣ ’ਤੇ ਮੁੱਖ ਮੰਤਰੀ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਕਿਸੇ ਵੀ ਕਿਸਾਨ ਨੁੰ ਹਾਲੇ ਤੱਕ ਮੁਆਵਜ਼ਾ ਨਹੀਂ ਮਿਲਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਤੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਕੋਈ ਆਸ ਨਹੀਂ ਹੈ। ਉਹਨਾਂ ਕਿਹਾ ਕਿ 2022 ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਅਸੀਂ ਵਾਅਦੇ ਪੂਰੇ ਕਰਾਂਗੇ।

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਜਪਾ ਨਾਲ ਜਾ ਰਲਣ ਬਾਰੇ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਅਸੀਂ ਤਾਂ ਪਹਿਲੇ ਦਿਨ ਤੋਂ ਆਖ ਰਹੇ ਹਾਂ ਕਿ ਕੈਪਟਨ ਅਮਰਿੰਦਰÇ ਸੰਘ ਭਾਜਪਾ ਨਾਲ ਰਲੇ ਹੋਏ ਹਨ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਭਾਜਪਾ ਉਹਨਾਂ ਪ੍ਰਤੀ ਨਰਮ ਹੈ ਤੇ ਕਦੇ ਵੀ ਕਿਸੇ ਵੀ ਮਾਮਲੇ ’ਤੇ ਉਹਨਾਂ ’ਤੇ ਹਮਲਾ ਨਹੀਂ ਬੋਲਦੀ। ਉਹਨਾਂ ਕਿਹਾ ਕਿ ਇਸਦੇ ਜਵਾਬ ਵਿਚ ਕੈਪਟਨ ਅਮਰਿੰਦਰ ਸਿੰਘ ਵੀ ਭਾਜਪਾ ਦਾ ਦੇਣ ਮੋੜਦੇ ਹਨ ਤੇ ਉਹਨਾਂ ਮੁੱਖ ਮੰਤਰੀਆਂ ਦੀ ਕਮੇਟੀ ਦੇ ਮੈਂਬਰ ਵਜੋਂ ਤਿੰਨ ਖੇਤੀ ਕਾਨੂੰਨ ਘੜਨ ਲਈ ਸਹਿਮਤੀ ਦਿੱਤੀ। ਉਹਨਾਂ ਕਿਹਾ ਕਿ ਹੁਣ ਤਾਂ ਕਾਂਗਰਸੀ ਆਗੂ ਵੀ ਇਹ ਮੰਨ ਰਹੇ ਹਨ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀਆਂ ਨਾਲ ਧਰੋਹ ਕਮਾਇਆ ਹੈ ਤੇ ਹੁਣ ਉਹ ਖੇਤੀ ਕਾਨੂੰਨਾਂ ਦਾ ਮਸਲਾ ਹੱਲ ਕਰਨ ਦੀ ਗੱਲ ਕਰ ਰਹੇ ਹਨ। ਉਹਨਾਂ ਕਿਹਾ ਕਿ ਪਹਿਲਾਂ ਉਹਨਾਂ ਨੂੰ ਅਜਿਹਾ ਕਰਨ ਤੋਂ ਕਿਸਨੇ ਰੋਕਿਆ ਸੀ ਤੇ 800 ਕਿਸਾਨਾਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਸਨ।

ਅਕਾਲੀ ਦਲ ਦੇ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਗੱਲ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਸੋਭਦੀ ਨਹੀਂ ਕਿ ਉਹ ਆਪਣੇ ਆਪ ਨੁੰ ਸੂਬੇ ਦੇ ਰਾਖੇ ਵਜੋਂ ਪੇਸ਼ ਕਰਨ ਜਦਕਿ ਹਰ ਕੋਈ ਜਾਣਦਾ ਹੈ ਕਿ ਉਹ ਸ਼ੁਰੂ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀਆਂ ਵਿਚ ਸ਼ੁਮਾਰ ਰਹੇ ਹਨ। ਉਹਨਾਂ ਕਿਹਾ ਕਿ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਵੱਡਾ ਲਾਹਾ ਖੱਟਿਆ ਹੈ ਕਿਉਂਕਿ ਵਧੀਆ ਮਹਿਕਮੇ ਉਹਨਾਂ ਨੁੰ ਦਿੱਤੇ ਹੋਏ ਸਨ। ਉਹਨਾਂ ਕਿਹਾ ਕਿ ਰੰਧਾਵਾ ਵੱਲੋਂ ਪਹਿਲਾਂ ਕੀਤੇ ਗਏ ਬੀਜ ਘੁਟਾਲੇ ਵੀ ਅਣਡਿੱਠ ਕਰ ਦਿੱਤੇ ਗਏ। ਉਹਨਾਂ ਕਿਹਾ ਕਿ ਗੈਂਗਸਟਰਾਂ ਨੁੰ ਜੇਲ੍ਹਾਂ ਨੁੰ ਸੁਰੱਖਿਅਤ ਗੁਫਾਵਾਂ ਵਜੋਂ ਵਰਤਣ ਦੀ ਆਗਿਆ ਦੇਣ ਦੀ ਗੱਲ ਵੀ ਅਣਡਿੱਠ ਕਰ ਦਿੱਤੀ ਗਈ।

ਕੇਂਦਰ ਸਰਕਾਰ ਵੱਲੋਂ ਕੋਰੋਨਾ ਵੈਕਸੀਨ ਦੇ ਮਾਮਲੇ ਵਿਚ ਆਪਣੀ ਹੀ ਪਿੱਠ ਥਾਪੜੇ ਜਾਣ ਬਾਰੇ ਪੁੱਛਣ ’ਤੇ ਸਰਦਾਰ ਬਾਦਲ ਨੇ ਕਿਹਾ ਕਿ ਦੇਸ਼ ਕੋਰੋਨਾ ਮਹਾਮਾਰੀ ਵੇਲੇ ਬਹੁਤ ਮੁਸ਼ਕਿਲ ਦੌਰ ਵਿਚੋਂ ਲੰਘ ਰਿਹਾ ਹੈ। ਉਹਨਾਂ ਕਿਹਾ ਕਿ ਕੋਰੋਨਾ ਮਰੀਜ਼ਾਂ ਨੂੰ ਆਕਸੀਜ਼ਨ ਨਾ ਮਿਲਣ ਕਾਰਨ ਹੀ ਕਿੰਨੀਆਂ ਮੌਤਾਂ ਹੋ ਗਈਆਂ। ਉਹਨਾਂ ਕਿਹਾ ਕਿ ਦਵਾਈਆਂ ਦੀ ਬਹੁਤ ਵੱਡੀ ਘਾਟ ਚਲ ਰਹੀ ਹੈ ਤੇ ਉਹਨਾਂ ਦੀ ਕਾਲਾਬਾਜ਼ਾਰੀ ਹੋ ਰਹੀ ਹੈ। ਉਹਨਾਂ ਕਿਹਾ ਕਿ ਦੇਸ਼ ਵਿਚ ਵੈਕਸੀਨ ਦੀ ਵੀ ਘਾਟ ਸੀ ਤੇ ਹਸਪਤਾਲਾਂ ਵਿਚ ਬੈਡ ਵੀ ਘੱਟ ਰਹਿ ਗਏ ਸਨ ਤੇ ਪ੍ਰਾਈਵੇਟ ਮੈਡੀਕਲ ਡਾਕਟਰਾਂ ਵੱਲੋਂ ਅੰਨੀ ਲੁੱਟ ਵੀ ਕੀਤੀ ਗਈ। ਉਹਨਾਂ ਕਿਹਾ ਕਿ ਇਹਨਾਂ ਸਾਰੇ ਮਾਮਲਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਦੋਸ਼ੀਆਂ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਤੇ ਮੈਡੀਕਲ ਬੁਨਿਆਦੀ ਢਾਂਚਾ ਤਿਆਰ ਕੀਤਾ ਜਾਣਾ ਚਾਹੀਦਾ ਹੈ।

ਇਸ ਤੋਂ ਪਹਿਲਾਂ ਆਪਣੇ ਲੁਧਿਆਣਾ ਦੌਰੇ ਦੌਰਾਨ ਸਰਦਾਰ ਬਾਦਲ ਨੇ ਵਕੀਲਾਂ, ਵਪਾਰੀਆਂ ਲੇਬਰ ਯੂਨੀਅਨ ਪ੍ਰਤੀਨਿਧਾਂ ਤੇ ਪਾਰਟੀ ਕੇਡਰ ਨਾਲ ਮੀਟਿੰਗਾਂ ਕੀਤੀਆਂ। ਉਹਨਾਂ ਨੇ ਲੁਧਿਆਣਾ ਪੂਰਬੀ ਹਲਕੇ ਵਿਚ ਜਮਾਲਪੁਰ ਵਿਖੇ ‘ਕੌਫੀ ਵਿਦ ਸੁਖਬੀਰ’ ਪ੍ਰੋਗਰਾਮ ਵਿਚ ਸ਼ਮੂਲੀਅਤ ਵੀ ਕੀਤੀ। ਉਹਨਾਂ ਨੇ ਨੌਜਵਾਨਾਂ ਜਿਹਨਾਂ ਵਿਚ ਬਹੁਤੇ ਵਿਦਿਆਰਥੀ ਸਨ, ਦੇ ਸਾਰੇ ਸਵਾਲਾਂ ਦੇ ਜਵਾਬ ਵੀ ਦਿੱਤੇ। ਉਹਨਾਂ ਨੇ ਅਕਾਲੀ ਦਲ ਤੇ ਬਸਪਾ ਗਠਜੋੜ ਵਿਚ ਨੌਜਵਾਨਾਂ ਲਈ ਸਕੀਮਾਂ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਨੌਜਵਾਨਾਂ ਨੂੰ 10 ਲੱਖ ਰੁਪਏ ਤੱਕ ਵਿਆਜ਼ ਮੁਕਤ ਵਿਦਿਆਰਥੀ ਲੋਨ ਮਿਲੇਗਾ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਸਾਰੇ ਪ੍ਰੋਫੈਸ਼ਨਲ ਕਾਲਜਾਂ ਵਿਚ 33 ਫੀਸਦੀ ਰਾਖਵਾਂਕਰਨ ਮਿਲੇਗਾ। ਉਹਨਾਂ ਇਹ ਵੀ ਭਰੋਸਾ ਦੁਆਇਆ ਕਿ ਪ੍ਰਾਈਵੇਟ ਸੈਕਟਰ ਵਿਚ 75 ਫੀਸਦੀ ਨੌਕਰੀਆਂ ਪੰਜਾਬੀ ਨੌਜਵਾਨਾਂ ਲਈ ਰਾਖਵੀਂਆਂ ਰੱਖੀਆਂ ਜਾਣਗੀਆਂ। ਉਹਨਾਂ ਨੇ ਪ੍ਰੋਗਰਾਮ ‘ਸੈਲਫੀ ਵਿਦ ਸੁਖਬੀਰ’ ਵਿਚ ਸੈਂਕੜੇ ਨੌਜਵਾਨਾਂ ਨਾਲ ਸੈਲਫੀ ਵੀ ਖਿੱਚਵਾਈ।

ਇਕ ਹੋਰ ਪ੍ਰੋਗਰਾਮ ‘ਲੋੜ ਪੰਜਾਬ ਦੀ’ ਦੌਰਾਨ ਗੁਰੂ ਨਾਨਕ ਭਵਨ ਵਿਖੇ ਮੋਕ ਪਾਰਲੀਮੈਂਟ ਦਾ ਆਯੋਜਨ ਕੀਤਾ ਗਿਆ ਜਿਥੇ ਅਕਾਲੀ ਦਲ ਪ੍ਰਧਾਨ ਨੇ ਨੌਜਵਾਨਾਂ ਨੁੰ ਉਹਨਾਂ ਕੋਲ ਵੋਟਾਂ ਵਾਸਤੇ ਆ ਰਹੇ ਸਾਰੇ ਉਮੀਦਵਾਰਾਂ ਦਾ ਮੁਲਾਂਕਣ ਕਰਨ ਤੇ ਫਿਰ ਉਸ ਹਿਸਾਬ ਨਾਲ ਫੈਸਲਾ ਲੈਣ ਦੀ ਅਪੀਲ ਵੀ ਕੀਤੀ। ਉਹਨਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਪੰਜਾਬੀਆਂ ਨੇ ਬਹੁਤ ਮੁਸ਼ਕਿਲਾਂ ਝੱਲੀਆਂ ਹਨ ਤੇ ਹੁਣ ਉਹਨਾਂ ਨੂੰ ਸੁਬੇ ਨੁੰ ਅੱਗੇ ਲਿਜਾਣ ਵਾਲੇ ਦੂਰਅੰਦੇਸ਼ੀ ਸੋਚ ਦੇ ਮੁੱਖ ਮੰਤਰੀ ਦੀ ਜ਼ਰੂਰਤ ਹੈ।

Spread the love