ਮੁੰਬਈ, 22 ਅਕਤੂਬਰ

ਹੁਣ ਅਨੰਨਿਆ ਪਾਂਡੇ ਦਾ ਨਾਂ ਵੀ ਆਰੀਅਨ ਖਾਨ ਦੇ ਮੁੰਬਈ ਕਰੂਜ਼ ਡਰੱਗ ਪਾਰਟੀ ਕੇਸ ਨਾਲ ਜੁੜ ਗਿਆ ਹੈ। ਐਨਸੀਬੀ (NCB) ਨੇ ਅਨੰਨਿਆ ਪਾਂਡੇ ਨੂੰ ਵੀਰਵਾਰ ਨੂੰ ਸੰਮਨ ਭੇਜੇ ਸੀ ਅਤੇ ਉਨ੍ਹਾਂ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਆਰੀਅਨ ਖਾਨ ਦੇ ਫੋਨ ‘ਤੇ ਅਨੰਨਿਆ ਨਾਲ ਵਟਸਐਪ ਚੈਟ ਕਰਨ ਤੋਂ ਬਾਅਦ ਅਭਿਨੇਤਰੀ ਨੂੰ ਐਨਸੀਬੀ ਤੋਂ ਸੰਮਨ ਮਿਲਿਆ।

ਦੱਸਿਆ ਜਾ ਰਿਹਾ ਹੈ ਕਿ ਆਰੀਅਨ-ਅਨੰਨਿਆ ਦੀ ਇਸ ਗੱਲਬਾਤ ਵਿੱਚ ਨਸ਼ਾ ਕਰਨ ਬਾਰੇ ਗੱਲਬਾਤ ਹੋਈ ਸੀ। ਇਸ ਗੱਲਬਾਤ ਤੋਂ ਬਾਅਦ ਐਨਸੀਬੀ ਐਕਸ਼ਨ ਵਿੱਚ ਆ ਗਈ ਹੈ। ਇਹ ਗੱਲਬਾਤ ਪੇਸ਼ੀ ਦੌਰਾਨ ਅਦਾਲਤ ‘ਚ ਪੇਸ਼ ਕੀਤੀ ਜਾਏਗੀ। ਵੀਰਵਾਰ ਨੂੰ ਅਨੰਨਿਆ ਪਾਂਡੇ ਐਨਸੀਬੀ ਦਫ਼ਤਰ ਪਹੁੰਚੀ। ਉਨ੍ਹਾਂ ਨਾਲ ਉਨ੍ਹਾਂ ਦੇ ਪਿਤਾ ਚੰਕੀ ਪਾਂਡੇ ਵੀ ਸਨ। ਐਨਸੀਬੀ ਦਫ਼ਤਰ ਵਿੱਚ ਅਨੰਨਿਆ ਤੋਂ ਸਮੀਰ ਵਾਨਖੇੜੇ, ਜਾਂਚ ਅਧਿਕਾਰੀ ਵੀਵੀ ਸਿੰਘ ਨੇ ਪੁੱਛਗਿੱਛ ਕੀਤੀ।

ਵੀਵੀ ਸਿੰਘ ਦਾ ਕਹਿਣਾ ਹੈ ਕਿ ਅਨੰਨਿਆ ਨੂੰ ਸੰਮਨ ਭੇਜਿਆ ਗਿਆ ਸੀ, ਇਸ ਦਾ ਇਹ ਮਤਲਬ ਨਹੀਂ ਕਿ ਉਸ ‘ਤੇ ਸ਼ੱਕ ਹੈ। ਉਹ ਜਾਂਚ ਦਾ ਹਿੱਸਾ ਹੈ। ਅੱਜ ਇੱਕ ਵਾਰ ਫਿਰ ਅਨੰਨਿਆ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।

ਅਨੰਨਿਆ ਪਾਂਡੇ ਅਦਾਕਾਰ ਚੰਕੀ ਪਾਂਡੇ ਦੀ ਧੀ ਹੈ। ਚੰਕੀ ਅਤੇ ਸ਼ਾਹਰੁਖ ਖਾਨ ਦੇ ਬੱਚਿਆਂ ਦੀ ਚੰਗੀ ਦੋਸਤੀ ਹੈ। ਅਨੰਨਿਆ ਪਾਂਡੇ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਦੀ ਬਚਪਨ ਦੀ ਸਭ ਤੋਂ ਵਧੀਆ ਦੋਸਤ ਹੈ। ਅਨੰਨਿਆ ਦੀ ਆਰੀਅਨ ਖਾਨ ਨਾਲ ਵੀ ਦੋਸਤੀ ਹੈ। ਅਨੰਨਿਆ ਪਾਂਡੇ ਨੇ ਫਿਲਮ ‘ਸਟੂਡੈਂਟ ਆਫ ਦਿ ਈਅਰ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ।

Spread the love