ਅੰਮ੍ਰਿਤਸਰ, 23 ਅਕਤੂਬਰ

ਸ਼਼੍ਰੋਮਣੀ ਕਮੇਟੀ ਦੇ ਰਿਟਾਇਰਡ ਕਰਮਚਾਰੀਆਂ ਦਾ ਇੱਕ ਜਥਾ ਅੱਜ ਸੇਵਾ ਮੁਕਤ ਕਰਮਚਾਰੀ ਐਸੋਸੀਏਸ਼ਨ ( ਰਜਿ) ਦੇ ਬੈਨਰ ਹੇਠ ਅੱਜ ਸ੍ਰੀ ਅੰਮ੍ਰਿਤਸਰ ਤੋਂ ਰਵਾਨਾ ਹੋਇਆ।ਜਥੇ ਦੀ ਅਗਵਾਈ ਐਸੋਸੀਏਸ਼ਨ ਦੇ ਪ੍ਰਧਾਨ ਜੋਗਿੰਦਰ ਸਿੰਘ ਅਦਲੀਵਾਲ ਕਰ ਰਹੇ ਹਨ ।

ਗੁ: ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਅਰਦਾਸ ਕਰਨ ਉਪ੍ਰੰਤ ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਜੋਗਿੰਦਰ ਸਿੰਘ ਅਦਲੀਵਾਲ, ਸਾਬਕਾ ਸਕੱਤਰ ਸ਼੍ਰੋਮਣੀ ਗੁ: ਪ੍ਰ: ਕਮੇਟੀ ਨੇ ਕਿਹਾ ਕਿ ਉਹ ਦਿੱਲੀ ਪਹੁੰਚ ਕੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਕੇਂਦਰ ਸਰਕਾਰ ਦੇ ਤਿੰਨ ਕਾਲੇ ਖੇਤੀ ਕਨੂੰਨਾਂ ਵਿਰੁੱਧ ਲਗਪਗ ਇੱਕ ਸਾਲ ਤੋਂ ਵਿੱਢੇ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਣਗੇ ।

ਅਦਲੀਵਾਲ ਨੇ ਕਿਹਾ ਕਿ ਇਹ ਸੰਘਰਸ਼ ਕੇਵਲ ਕਿਸਾਨਾਂ ਦਾ ਨਹੀਂ ਬਲਕਿ ਸਮਾਜ ਦੇ ਹਰ ਵਰਗ, ਕਿੱਤੇ ਅਤੇ ਖਿੱਤੇ ਦੀ ਹੋਂਦ ਬਚਾਉਣ ਲਈ ਲੜਿਆ ਜਾ ਰਿਹਾ ਹੈ ਜੋ ਨਾ ਕੇਵਲ ਰਾਸ਼ਟਰੀ ਸਗੋਂ ਅੰਤਰਰਾਸ਼ਟਰੀ ਬਣ ਚੁਕਿਆ ਹੈ ।

ਉਹਨਾ ਹੋਰ ਕਿਹਾ ਕਿ ਆਰ. ਐਸ. ਐਸ. ਦੇ ਇਸ਼ਾਰਿਆਂ ਤੇ ਨੱਚਣ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਕਿਸਾਨੀ ਨੂੰ ਖਤਮ ਕਰਨ ਦਾ ਤਹੱਈਆ ਤਾਂ ਕਰੀ ਬੈਠੀ ਹੈ ਪਰ ਇਹ ਨਹੀਂ ਸਮਝਦੀ ਕਿ ਅਜਿਹਾ ਕਰਕੇ ਓਸੇ ਟਹਿਣੀ ਨੂੰ ਕੱਟ ਰਹੀ ਹੈ ਜਿਸ ਉੱਪਰ ਆਪ ਬੈਠੀ ਹੋਈ ਹੈ । ਇੱਕ ਪਾਸੇ ਮਿਨੀਮਮ ਸਪੋਰਟ ਪ੍ਰਾਈਸ ਦੇਣ ਤੋਂ ਟਾਲ਼ਾ ਵੱਟ ਰਹੀ ਹੈ ਅਤੇ ਦੂਜੇ ਪਾਸੇ ਕਿਸਾਨਾਂ ਪਾਸੋਂ ਮੰਡੀਆਂ ਵੀ ਖੋਹੀਆਂ ਜਾ ਰਹੀਆਂ ਹਨ ।

ਜੋਗਿੰਦਰ ਸਿੰਘ ਅਦਲੀਵਾਲ ਨੇ ਹੋਰ ਕਿਹਾ ਕਿ ਕਾਰਪੋਰੇਟ ਘਰਾਨਿਆਂ ਹੱਥ ਖੇਤੀ ਦੇਣ ਲਈ ਪੰਜਾਬ ਵਿੱਚੋਂ ਕਈ ਐਕਸਪ੍ਰੈਸ ਵੇਅ ਅਤੇ ਹਾਈ ਵੇਅ ਬਣਾਏ ਜਾ ਰਹੇ ਹਨ ਜਿਸ ਨਾਲ ਕਿਸਾਨ ਹਜ਼ਾਰਾਂ ਏਕੜ ਜ਼ਮੀਨ ਤੋਂ ਵਾਂਝੇ ਕਰ ਦਿੱਤੇ ਜਾਣਗੇ ਅਤੇ ਇਹ ਜ਼ਮੀਨ ਕੌਡੀਆਂ ਦੇ ਭਾਅ ਅਕਵਾਇਰ ਕਰ ਲਈ ਜਾਵੇਗੀ ।ਉਹਨਾ ਨੇ ਕਿਹਾ ਕਿ ਅਜੋਕਾ ਕਿਸਾਨ ਜਾਗਰੂਕ ਹੋ ਚੁੱਕਿਆ ਹੈ- ਸਰਕਾਰ ਦੇ ਮਨਸੂਬੇ ਪੂਰੇ ਨਹੀਂ ਹੋਣਗੇ। ਸਰਕਾਰ ਨੂੰ ਚਾਹੀਦਾ ਹੈ ਕਿ ਜੇ ਕਿਸਾਨ ਹਵਾਲੇ ਵਾਲੇ ਖੇਤੀ ਕਨੂੰਨਾ ਨੂੰ ਕਿਸਾਨ ਮਾਰੂ ਦੱਸਦੇ ਨੇ ਤਾਂ ਕਨੂੰਨ ਰੱਦ ਕਰਕੇ ਕਿਸਾਨਾਂ ਨੂੰ ਸੰਤੁਸ਼ਟ ਕੀਤਾ ਜਾਵੇ ।

ਦਿੱਲੀ ਜਾਣ ਵਾਲੇ ਜਥੇ ਵਿੱਚ ਅਦਲੀਵਾਲ ਤੋਂ ਇਲਾਵਾ ਗੁਰਦਰਸ਼ਨ ਸਿੰਘ, ਪਰਮਿੰਦਰ ਸਿੰਘ ਤਖਤੂ ਚੱਕ ਪਰਵਿੰਦਰ ਸਿੰਘ ਡੰਡੀ, ਸੁਰਿੰਦਰਪਾਲ ਸਿੰਘ, ਕਰਨਜੀਤ ਸਿੰਘ, ਜਸਵੰਤ ਸਿੰਘ, ਇੰਦਰਜੀਤ ਸਿੰਘ, ਗੁਰਚਰਨ ਸਿੰਘ, ਕੁਲਵੰਤ ਸਿੰਘ, ਦਲੀਪ ਸਿੰਘ ਆਦਿ ਸ਼ਾਮਲ ਹਨ ।

Spread the love