ਤਰਨਤਾਰਨ, 25 ਅਕਤੂਬਰ

ਪੰਜਾਬ ਸਰਕਾਰ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ ਨੇ ਸਿੰਘੁ ਬਾਰਡਰ ‘ਤੇ ਹੋਏ ਲਖਬੀਰ ਸਿੰਘ ਦੇ ਕਤਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਟੀਮ ਵਿੱਚ ਸ਼ਾਮਲ ਏਡੀਜੀਪੀ ਵਰਿੰਦਰ ਕੁਮਾਰ ਤਰਨਤਾਰਨ ਦੇ ਐਸਐਸਪੀ ਹਰਵਿੰਦਰ ਵਿਰਕ ਦੇ ਨਾਲ ਚੀਮਾ ਖੁਰਦ ਵਿੱਚ ਲਖਬੀਰ ਦੇ ਘਰ ਪਹੁੰਚੇ। ਦੋਵਾਂ ਅਧਿਕਾਰੀਆਂ ਨੇ ਮ੍ਰਿਤਕ ਦੀ ਭੈਣ ਰਾਜਕੌਰ, ਪਤਨੀ ਜਸਪ੍ਰੀਤ ਕੌਰ ਅਤੇ ਸਹੁਰਾ ਦਰਸ਼ਨ ਸਿੰਘ ਨਾਲ ਗੱਲਬਾਤ ਕੀਤੀ।

ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਦੀ ਵਿਸ਼ੇਸ਼ ਟੀਮ ਵੀ ਚੀਮਾ ਖੁਰਦ ਪਿੰਡ ਗਈ ਸੀ ਅਤੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਤੋਂ ਪੁੱਛਗਿੱਛ ਕੀਤੀ ਸੀ। ਪੰਜਾਬ ਸਰਕਾਰ ਨੇ ਲਖਬੀਰ ਕਤਲ ਕਾਂਡ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ। ਇਸ ਟੀਮ ਵਿੱਚ ਏਡੀਜੀਪੀ ਵਰਿੰਦਰ ਕੁਮਾਰ, ਫ਼ਿਰੋਜ਼ਪੁਰ ਬਾਰਡਰ ਰੇਂਜ ਦੇ ਡੀਆਈਜੀ ਇੰਦਰਬੀਰ ਸਿੰਘ ਅਤੇ ਤਰਨਤਾਰਨ ਦੇ ਐਸਐਸਪੀ ਹਰਵਿੰਦਰ ਵਿਰਕ ਨੂੰ ਸ਼ਾਮਲ ਕੀਤਾ ਗਿਆ ਹੈ।

ਲਖਬੀਰ ਦੀ ਭੈਣ ਰਾਜਕੌਰ ਨੇ ਟੀਮ ਨੂੰ ਦੱਸਿਆ ਕਿ ਉਸ ਦਾ ਭਰਾ ਅਜਿਹੀ ਘਟਨਾ ਨੂੰ ਅੰਜਾਮ ਨਹੀਂ ਦੇ ਸਕਦਾ। ਉਸ ਨੂੰ ਕਿਸੇ ਸਾਜ਼ਿਸ਼ ਤਹਿਤ ਫਸਾ ਕੇ ਕਤਲ ਕੀਤਾ ਗਿਆ ਹੈ। ਵਿਸ਼ੇਸ਼ ਜਾਂਚ ਟੀਮ ਦੇ ਸਾਹਮਣੇ ਰਾਜਕੌਰ ਭਾਵੁਕ ਹੋ ਗਏ। ਰੋਂਦੇ ਹੋਏ ਉਸ ਨੇ ਅਪੀਲ ਕੀਤੀ ਕਿ ਪੁਲਿਸ ਉਸ ਦੇ ਭਰਾ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਤੱਕ ਪਹੁੰਚ ਕਰਕੇ ਉਸ ਦੇ ਮੱਥੇ ‘ਤੇ ਲੱਗਾ ਕਲੰਕ ਦੂਰ ਕਰੇ।

ਇਸ ਤੋਂ ਬਾਅਦ ਪ੍ਰਗਟ ਸਿੰਘ ਦੇ ਘਰ ਵੀ ਪਹੁੰਚੇ। ਅਧਿਕਾਰੀਆਂ ਨੇ ਪ੍ਰਗਟ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਵੀ ਦਰਜ ਕੀਤੇ। ਟੀਮ ਦੇ ਮੈਂਬਰ ਪਿੰਡ ਵਿੱਚ ਸਥਿਤ ਗਊਸ਼ਾਲਾ ਵਿੱਚ ਵੀ ਪਹੁੰਚੇ। ਦਿਲਬਾਗ ਸਿੰਘ ਇਸ ਗਊਸ਼ਾਲਾ ਦੇ ਨਿਰਦੇਸ਼ਕ ਹਨ। ਟੀਮ ਨੇ ਦਿਲਬਾਗ ਤੋਂ ਵੀ ਪੁੱਛਗਿੱਛ ਕੀਤੀ। ਪਿੰਡ ਵਾਸੀਆਂ ਅਨੁਸਾਰ ਲਖਬੀਰ ਸਿੰਘ ਦਾ ਹੱਥ ਵੱਢਣ ਦਾ ਦਾਅਵਾ ਕਰਨ ਵਾਲਾ ਨਿਹੰਗ ਸਰਬਜੀਤ ਸਿੰਘ ਕਿਸਾਨ ਅੰਦੋਲਨ ਵਿੱਚ ਸਿੰਘੂ ਬਾਰਡਰ ’ਤੇ ਜਾਣ ਤੋਂ ਪਹਿਲਾਂ ਇਸ ਗਊਸ਼ਾਲਾ ਵਿੱਚ ਕੰਮ ਕਰਦਾ ਸੀ। ਇੱਥੇ ਵੀ ਪੁਲਿਸ ਅਧਿਕਾਰੀਆਂ ਨੇ ਸਾਰਿਆਂ ਦੇ ਬਿਆਨ ਕਲਮਬੰਦ ਕੀਤੇ।

ਏਡੀਜੀਪੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ ਨੇ ਪਿੰਡ ਚੀਮਾ ਕਲਾਂ ਵਿੱਚ ਪਹੁੰਚ ਕੇ ਜਾਂਚ ਕੀਤੀ। ਟੀਮ ਨੂੰ ਮਿਲੇ ਹਰ ਵਿਅਕਤੀ ਦੇ ਬਿਆਨ ਲਿਖੇ ਗਏ ਹਨ। ਲਖਬੀਰ ਦੇ ਫ਼ੋਨ ਦੇ ਕਾਲ ਵੇਰਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਪੂਰੇ ਮਾਮਲੇ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ ਉਸਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਸਖਤ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਪਹਿਲਾ ਹਰਿਆਣਾ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਸ਼ੁੱਕਰਵਾਰ ਨੂੰ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੀਮਾ ਵਿੱਚ ਲਖਬੀਰ ਸਿੰਘ ਦੇ ਘਰ ਪਹੁੰਚੀ। ਵਿਸ਼ੇਸ਼ ਜਾਂਚ ਟੀਮ ਵਿੱਚ ਸ਼ਾਮਲ ਸਬ-ਇੰਸਪੈਕਟਰ ਰਣਬੀਰ ਸਿੰਘ ਨੇ ਲਖਬੀਰ ਸਿੰਘ ਦੀ ਭੈਣ ਰਾਜ ਕੌਰ ਅਤੇ ਪਤਨੀ ਜਸਪ੍ਰੀਤ ਕੌਰ ਤੋਂ ਕਰੀਬ 40 ਮਿੰਟ ਪੁੱਛਗਿੱਛ ਕੀਤੀ।

ਟੀਮ ਨੇ ਪਿੰਡ ਹਵੇਲੀਆਂ ਵਿੱਚ ਪਰਗਟ ਸਿੰਘ, ਜਿਸ ਦਾ ਮੋਬਾਈਲ ਨੰਬਰ ਲਖਬੀਰ ਨੇ ਵੀਡੀਓ ਵਿੱਚ ਦੱਸਿਆ ਸੀ, ਪਰਿਵਾਰ ਤੋਂ ਵੀ ਪੁੱਛਗਿੱਛ ਕੀਤੀ। ਲਖਬੀਰ ਸਿੰਘ ਵਿਰੁੱਧ ਕੁੰਡਲੀ ਥਾਣੇ ਵਿੱਚ ਆਈਪੀਸੀ ਦੀ ਧਾਰਾ 295ਏ ਤਹਿਤ ਬੇਅਦਬੀ ਦੇ ਦੋਸ਼ ਹੇਠ ਕੇਸ ਨੰਬਰ 612 ਦਰਜ ਕੀਤਾ ਗਿਆ ਹੈ। ਨਿਹੰਗ ਬਲਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਬੇਅਦਬੀ ਦਾ ਮਾਮਲਾ ਦਰਜ ਕੀਤਾ ਗਿਆ ਸੀ।

Spread the love