ਚੰਡੀਗੜ੍ਹ, 26 ਅਕਤੂਬਰ

ਕੈਪਟਨ ਅਮਰਿੰਦਰ ਸਿੰਘ ਕੱਲ੍ਹ ਨੂੰ ਪੰਜਾਬ ‘ਚ ਸਿਆਸੀ ਧਮਾਕਾ ਕਰਨਗੇ।

ਇਸ ਲਈ ਅਮਰਿੰਦਰ ਸਿੰਘ ਪਿਛਲੇ ਇੱਕ ਮਹੀਨੇ ਤੋਂ ਕੰਮ ਕਰ ਰਹੇ ਸਨ। ਕੈਪਟਨ ਨੇ ਭਲਕੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਸੱਦੀ ਹੈ। ਜਿਸ ਵਿੱਚ ਉਹ ਨਵੀਂ ਪਾਰਟੀ ਦਾ ਐਲਾਨ ਕਰ ਸਕਦੇ ਹਨ। ਇਸ ਕਾਰਨ ਪੰਜਾਬ ਕਾਂਗਰਸ ਅੰਦਰ ਹਲਚਲ ਤੇਜ਼ ਹੋ ਗਈ ਹੈ।

ਕੈਪਟਨ ਦੀ ਪ੍ਰੈਸ ਕਾਨਫਰੰਸ ਦਾ ਪਤਾ ਲੱਗਦਿਆਂ ਹੀ ਕਾਂਗਰਸ ਨੇ ਆਪਣੇ ਵਿਧਾਇਕਾਂ ਨਾਲ ਸੰਪਰਕ ਕੀਤਾ ਹੈ। ਇਸ ਤੋਂ ਇਲਾਵਾ ਵੱਡੇ ਨੇਤਾਵਾਂ ਦੀ ਹਰਕਤ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਚਰਚਾ ਹੈ ਕਿ ਕਾਨਫਰੰਸ ਵਿੱਚ ਕੈਪਟਨ ਦੇ ਨਾਲ ਕਾਂਗਰਸ ਦੇ ਦਿੱਗਜ ਆਗੂ ਵੀ ਨਜ਼ਰ ਆ ਸਕਦੇ ਹਨ।

ਖਾਸ ਕਰਕੇ ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸਭ ਦੀਆਂ ਨਜ਼ਰਾਂ ਮੰਤਰੀ ਦੇ ਅਹੁਦੇ ਤੋਂ ਹਟਾਏ ਗਏ ਵਿਧਾਇਕਾਂ ‘ਤੇ ਵੀ ਹਨ। ਇਨ੍ਹਾਂ ਵਿੱਚ ਰਾਣਾ ਗੁਰਮੀਤ ਸੋਢੀ, ਸਾਧੂ ਸਿੰਘ ਧਰਮਸੋਤ, ਗੁਰਪ੍ਰੀਤ ਕਾਂਗੜ, ਬਲਬੀਰ ਸਿੱਧੂ ਅਤੇ ਸ਼ਾਮ ਸੁੰਦਰ ਅਰੋੜਾ ਸ਼ਾਮਲ ਹਨ। ਇਹ ਵੀ ਚਰਚਾ ਹੈ ਕਿ ਕਰੀਬ 15 ਕਾਂਗਰਸੀ ਵਿਧਾਇਕ ਕੈਪਟਨ ਦੇ ਸੰਪਰਕ ਵਿੱਚ ਹਨ।

ਕੈਪਟਨ ਇੱਕ ਨਵੀਂ ਸ਼ੁਰੂਆਤ ਕਰ ਰਹੇ ਹਨ, ਪਰ ਉਨ੍ਹਾਂ ਦੇ ਕੁੱਝ ਕਰੀਬੀ ਉਨ੍ਹਾਂ ਤੋਂ ਦੂਰ ਜਾ ਰਹੇ ਹਨ। ਇਨ੍ਹਾਂ ਵਿੱਚ ਸਭ ਤੋਂ ਵੱਡਾ ਨਾਂ ਕੈਪਟਨ ਸੰਦੀਪ ਸੰਧੂ ਦਾ ਹੈ, ਜੋ ਮੁੱਖ ਮੰਤਰੀ ਹੁੰਦਿਆਂ ਕੈਪਟਨ ਅਮਰਿੰਦਰ ਦੇ ਸਲਾਹਕਾਰ ਰਹੇ ਹਨ। ਉਹ ਸਰਕਾਰ ਵਿੱਚ ਕੈਪਟਨ ਦੇ ਸਭ ਤੋਂ ਨਜ਼ਦੀਕੀ ਅਤੇ ਤਾਕਤਵਰ ਮੰਨੇ ਜਾਂਦੇ ਸਨ। ਕੈਪਟਨ ਨੂੰ ਹਟਾਉਣ ‘ਤੇ ਉਨ੍ਹਾਂ ਨੇ ਸਲਾਹਕਾਰ ਅਹੁਦਾ ਛੱਡ ਦਿੱਤਾ ਸੀ।+

ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਨੂੰ ਕਾਂਗਰਸ ‘ਚ ਸਵੀਕਾਰ ਨਹੀਂ ਕੀਤਾ ਜਾਵੇਗਾ ਪਰ ਅਚਾਨਕ ਉਹ ਡਿਪਟੀ ਸੀਐੱਮ ਰੰਧਾਵਾ ਨਾਲ ਨਜ਼ਰ ਆਏ। ਇਸ ਦੇ ਨਾਲ ਹੀ ਕੇਵਲ ਢਿੱਲੋਂ ਨੂੰ ਵੀ ਕੈਪਟਨ ਦਾ ਕਰੀਬੀ ਮੰਨਿਆ ਜਾਂਦਾ ਸੀ ਪਰ ਉਹ ਵੀ ਨਵੀਂ ਸਰਕਾਰ ਨਾਲ ਚੱਲ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਕੱਲ੍ਹ ਨੂੰ ਕੈਪਟਨ ਕੀ ਐਲਾਨ ਕਰਦੇ ਹਨ ਅਤੇ ਕੈਪਟਨ ਦੇ ਨਾਲ ਕਿਹੜਾ ਕਿਹੜਾ ਵਿਧਾਇਕ ਮੌਜੂਦ ਰਹਿੰਦਾ ਹੈ।

Spread the love