ਪਾਬੰਦੀਸ਼ੁਦਾ ਕੱਟੜਪੰਥੀ ਸੰਗਠਨ ਤਹਿਰੀਕ-ਏ-ਲੈਬਾਕ ਪਾਕਿਸਤਾਨ ਜਾਣੀ ਟੀਐਲਪੀ ਦੇ ਧਾਰਮਿਕ ਆਗੂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪਾਕਿਸਤਾਨ ਵਿੱਚ ਹਿੰਸਾ ਜਾਰੀ ਹੈ।

ਪ੍ਰਦਰਸ਼ਨਕਾਰੀ ਲਾਹੌਰ ਤੋਂ ਲਗਭਗ 20 ਕਿਲੋਮੀਟਰ ਉੱਤਰ ਵੱਲ ਮੁਰੀਦਕੇ ਕਸਬੇ ਨੇੜੇ ਮੁੱਖ ਮਾਰਗ ‘ਤੇ ਪਹੁੰਚ ਗਏ ਜਿੱਥੇ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ ਗਿਆ।

ਹਿੰਸਕ ਪ੍ਰਦਰਸ਼ਨ ਵਿੱਚ ਦੋ ਪ੍ਰਦਰਸ਼ਨਕਾਰੀਆਂ ਅਤੇ ਦੋ ਪੁਲਿਸ ਕਰਮਚਾਰੀਆਂ ਦੀ ਜਾਨ ਵੀ ਚਲੀ ਗਈ।ਇਸ ਦੌਰਾਨ ਇਮਰਾਨ ਖਾਨ ਸਰਕਾਰ ਟੀਐਲਪੀ ਨਾਲ ਗੱਲਬਾਤ ਵਿਚਕਾਰ ਹੀ ਝੁਕ ਗਈ।

ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ, ਜੋ ਸਰਕਾਰ ਵਲੋਂ ਵਾਰਤਾਕਾਰਾਂ ਵਿੱਚ ਸ਼ਾਮਲ ਸਨ, ਨੇ ਕਿਹਾ ਕਿ ਟੀਐਲਪੀ ਨਾਲ ਸਾਡੀ ਗੱਲਬਾਤ ਸਕਾਰਾਤਮਕ ਢੰਗ ਨਾਲ ਅੱਗੇ ਵਧ ਰਹੀ ਹੈ।

ਗ੍ਰਹਿ ਮੰਤਰੀ ਨੇ ਕਿਹਾ ਕਿ ਪਾਬੰਦੀਸ਼ੁਦਾ ਜਥੇਬੰਦੀ ਨੇ ਫਰਾਂਸ ਦੇ ਰਾਜਦੂਤ ਨੂੰ ਕੱਢਣ ਸਮੇਤ ਤਿੰਨ ਵੱਡੀਆਂ ਮੰਗਾਂ ਕੀਤੀਆਂ ਹਨ।

ਗ੍ਰਹਿ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਟੀਐਲਪੀ ਦੀਆਂ ਸਾਰੀਆਂ ਪ੍ਰਮੁੱਖ ਮੰਗਾਂ ਮੰਨ ਲਈਆਂ ਹਨ।

ਹਾਲਾਂਕਿ ਫਰਾਂਸ ਦੇ ਰਾਜਦੂਤ ਨੂੰ ਕੱਢਣ ਦੀ ਮੰਗ ਨੂੰ ਮੰਨਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਅਸੀਂ ਇਸ ਮੁੱਦੇ ਦਾ ਸ਼ਾਂਤੀਪੂਰਨ ਹੱਲ ਚਾਹੁੰਦੇ ਹਾਂ।

ਦੂਸਰੇ ਪਾਸੇ ਗ੍ਰਹਿ ਮੰਤਰੀ ਨੇ ਇਹ ਵੀ ਕਿਹਾ ਕਿ ਅਸੀਂ ਟੀਐਲਪੀ ਲੀਡਰਸ਼ਿਪ ਨਾਲ ਗੱਲਬਾਤ ਜਾਰੀ ਰੱਖਾਂਗੇ ਅਤੇ ਸਾਨੂੰ ਉਮੀਦ ਹੈ ਕਿ ਉਹ ਸ਼ਾਂਤੀਪੂਰਵਕ ਆਪਣਾ ਵਿਰੋਧ ਖਤਮ ਕਰ ਲੈਣਗੇ।

ਦੂਜੇ ਪਾਸੇ, ਟੀਐਲਪੀ ਦੀ ਗੱਲਬਾਤ ਕਮੇਟੀ ਦੇ ਮੈਂਬਰ ਨੇ ਦੱਸਿਆ ਕਿ ਗ੍ਰਹਿ ਮੰਤਰੀ ਨੇ ਸਾਨੂੰ ਭਰੋਸਾ ਦਿਵਾਇਆ ਹੈ ਕਿ ਉਹ ਫਰਾਂਸ ਦੇ ਰਾਜਦੂਤ ਨੂੰ ਦੇਸ਼ ਨਿਕਾਲਾ ਦੇਣ ਸਬੰਧੀ ਆਪਣੀ ਮੰਗ ਪ੍ਰਧਾਨ ਮੰਤਰੀ ਕੋਲ ਰੱਖਣਗੇ।

ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਰਾਜਦੂਤ ਨੂੰ ਕੱਢਣ ਦਾ ਆਪਣਾ ਵਾਅਦਾ ਪੂਰਾ ਨਹੀਂ ਕਰਦੀ ਹੈ, ਤਾਂ ਟੀਐੱਲਪੀ ਬੁੱਧਵਾਰ ਨੂੰ ਨਿਰਧਾਰਿਤ ਸਮੇਂ ਅਨੁਸਾਰ ਇਸਲਾਮਾਬਾਦ ਵਿੱਚ ਮਾਰਚ ਕਰੇਗੀ।

ਅਸੀਂ ਆਪਣੇ ਨੇਤਾ ਸਾਦ ਰਿਜ਼ਵੀ ਦੀ ਰਿਹਾਈ ਚਾਹੁੰਦੇ ਹਾਂ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹਿੰਸਾ ਪਿਛਲੇ ਹਫਤੇ ਉਦੋਂ ਸਮੇਂ ਸ਼ੁਰੂ ਹੋਈ ਜਦੋਂ ਟੀਐਲਪੀ ਨੇ ਨੇਤਾ ਰਿਜ਼ਵੀ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਇਸਲਾਮਾਬਾਦ ਵੱਲ ਮਾਰਚ ਕੱਢਿਆ ਸੀ।

ਮਾਰਚ ਇੰਨਾ ਹਿੰਸਕ ਹੋ ਗਿਆ ਕਿ ਪੁਲਿਸ ਨੂੰ ਗੋਲੀ ਚਲਾਉਣੀ ਪਈ। ਪੁਲਿਸ ਨੇ ਸੈਂਕੜੇ ਟੀਐਲਪੀ ਸਮਰਥਕਾਂ ਅਤੇ ਨੇਤਾਵਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ।

Spread the love