ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੇ ਪਾਬੰਦੀਸ਼ੁਦਾ ਤਹਿਰੀਕ-ਏ-ਲਬੈਕ ਅੱਗੇ ਗੋਡੇ ਟੇਕ ਦਿੱਤੇ ਨੇ ।

ਇਮਰਾਨ ਸਰਕਾਰ ਅਤੇ ਪਾਬੰਦੀਸ਼ੁਦਾ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀਐੱਲਪੀ) ਲੰਬੀ ਗੱਲਬਾਤ ਤੋਂ ਬਾਅਦ ਇਕ ਸਮਝੌਤੇ ’ਤੇ ਪਹੁੰਚੇ।

ਕਿਹੜੇ ਪਹਿਲੂਆਂ ‘ਤੇ ਗੱਲਬਾਤ ਤੇ ਸਮਝੌਤਾ ਹੋਇਆ ਇਹ ਅਜੇ ਤੱਕ ਪਤਾ ਨਹੀਂ ਲੱਗ ਸਕਿਆ, ਸਰਕਾਰ ਨੇ ਇਸ ਜਾਣਕਾਰੀ ਨੂੰ ਅਜੇ ਤੱਕ ਜਨਤਕ ਨਹੀਂ ਕੀਤਾ।

ਇਸ ਤੋਂ ਪਹਿਲਾਂ ਇਮਰਾਨ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਹ ਫਰਾਂਸੀਸੀ ਦੂਤ ਨੂੰ ਕੱਢਣ ਦੀ ਟੀਐੱਲਪੀ ਵਰਕਰਾਂ ਦੀ ਮੰਗ ਨੂੰ ਪੂਰਾ ਨਹੀਂ ਕਰ ਸਕਦੀ ਜਿਸ ਕਰਕੇ ਟੀਐੱਲਪੀ ਨੇ ਆਪਣੇ ਹਮਾਇਤੀਆਂ ਨੂੰ ਇਸਲਾਮਾਬਾਦ ਵੱਲ ਕੂਚ ਕਰਨ ਦਾ ਫਰਮਾਣ ਸੁਣਾਇਆ ਸੀ।

ਇਸ ਤੋਂ ਬਾਅਦ ਹਜ਼ਾਰਾਂ ਮੈਂਬਰਾਂ ਨੇ 15 ਅਕਤੂਬਰ ਨੂੰ ਲਾਹੌਰ ਤੋਂ ਇਸਲਾਮਾਬਾਦ ਵੱਲ ਉਦੋਂ ਮਾਰਚ ਕਰਨਾ ਸ਼ੁਰੂ ਕਰ ਦਿੱਤਾ ਸੀ।

ਪਾਕਿਸਤਾਨ ਸਰਕਾਰ ਨੇ ਟੀਐੱਲਪੀ ਹਮਾਇਤੀਆਂ ਨੂੰ ਰੋਕਣ ਲਈ ਸੜਕਾਂ ’ਤੇ ਵੱਡੇ-ਵੱਡੇ ਕੰਟੇਨਰ ਲਾਏ ਸਨ।

ਨਾਲ ਹੀ ਵੱਡੀ ਗਿਣਤੀ ’ਚ ਸੁਰੱਖਿਆ ਬਲਾਂ ਦੀ ਤਾਇਨਾਤੀ ਕਰ ਦਿੱਤੀ ਸੀ।

ਮਾਰਚ ਦੌਰਾਨ ਹੋਈਆਂ ਹਿੰਸਕ ਝੜਪਾਂ ’ਚ ਕਈ ਪੁਲਿਸਕਰਮੀ ਮਾਰੇ ਗਏ ਸਨ।

ਰੌਲ਼ਾ ਵਧਦਾ ਵੇਖ ਕੇ ਅਤੇ ਪਾਕਿਸਤਾਨ ’ਚ ਲਗਾਤਾਰ ਹੋ ਰਹੇ ਹਿੰਸਕ ਪ੍ਰਦਰਸ਼ਨਾਂ ਨੂੰ ਵੇਖਦੇ ਹੋਏ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪ੍ਰਭਾਵਸ਼ਾਲੀ ਮੌਲਵੀਆਂ ਦੇ ਇੱਕ ਗਰੁੱਪ ਨੂੰ ਤਹਿਰੀਕ-ਏ-ਲਬੈਕ ਨਾਲ ਗੱਲਬਾਤ ਕਰਨ ਦਾ ਕੰਮ ਸੌਂਪਿਆ ਸੀ।

ਰਿਪੋਰਟ ਅਨੁਸਾਰ, ਸਮਝੌਤੇ ਦਾ ਐਲਾਨ ਪ੍ਰੈੱਸ ਕਾਨਫਰੰਸ ’ਚ ਕੀਤਾ ਗਿਆ, ਜਿਸ ’ਚ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ, ਧਾਰਮਿਕ ਵਿਦਵਾਨ ,ਨੈਸ਼ਨਲ ਅਸੈਂਬਲੀ ਦੇ ਸਪੀਕਰ ਤੇ ਹੋਰ ਵੀ ਕਈ ਲੋਕ ਸ਼ਾਮਲ ਸਨ।

Spread the love