ਹਿਸਾਰ, 05 ਨਵੰਬਰ

ਭਾਜਪਾ ਦੇ ਰਾਜ ਸਭਾ ਮੈਂਬਰ ਰਾਮਚੰਦਰ ਜਾਂਗੜਾ ਨੂੰ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿੱਚ ਕਿਸਾਨਾਂ ਦੇ ਇੱਕ ਸਮੂਹ ਨੇ ਭਾਜਪਾ ਦੇ ਇੱਕ ਸੰਸਦ ਮੈਂਬਰ ਨੂੰ ਕਾਲ ਝੰਡੇ ਦਿਖਾਏ ਅਤੇ ਉਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਜਾਂਗੜਾ ਇੱਥੇ ਇੱਕ ਧਰਮਸ਼ਾਲਾ ਦਾ ਉਦਘਾਟਨ ਕਰਨ ਆਏ ਸਨ। ਕਿਸਾਨਾਂ ਨੂੰ ਜਿਵੇਂ ਹੀ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਉੱਥੇ ਪਹੁੰਚ ਗਏ ਅਤੇ ਭਾਜਪਾ ਸੰਸਦ ਮੈਂਬਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕਿਸਾਨਾਂ ਅਤੇ ਪੁਲੀਸ ਵਿਚਾਲੇ ਹੋਈ ਝੜਪ ਵਿੱਚ ਭਾਜਪਾ ਸੰਸਦ ਮੈਂਬਰ ਦੀ ਕਾਰ ਦੇ ਸ਼ੀਸ਼ੇ ਵੀ ਟੁੱਟ ਗਏ।

ਇਸ ਦੌਰਾਨ ਭਾਰੀ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਸੀ। ਪੁਲਿਸ ਅਤੇ ਕਿਸਾਨਾਂ ਵਿਚਾਲੇ ਕਈ ਵਾਰ ਹਲਕੀ ਝੜਪ ਵੀ ਹੋਈ। ਕਿਸਾਨਾਂ ਨੂੰ ਰੋਕਣ ਲਈ ਪੁਲੀਸ ਨੇ ਚਾਰੇ ਪਾਸੇ ਬੈਰੀਕੇਡ ਲੱਗਾ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਹਾਲਾਂਕਿ ਕਿਸਾਨ ਵੱਡੀ ਗਿਣਤੀ ਵਿੱਚ ਹੋਣ ਕਾਰਨ ਪੁਲੀਸ ਉਨ੍ਹਾਂ ਨੂੰ ਕਾਬੂ ਨਹੀਂ ਕਰ ਸਕੀ।

ਸਖ਼ਤ ਮੁਸ਼ੱਕਤ ਤੋਂ ਬਾਅਦ ਆਖ਼ਰ ਕਿਸਾਨ ਪੰਡਾਲ ਵਿੱਚ ਪੁੱਜੇ ਅਤੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇੱਕ ਪਾਸੇ ਸੰਸਦ ਮੈਂਬਰ ਜ਼ਿੰਦਾਬਾਦ ਦੇ ਨਾਅਰੇ ਲੱਗ ਰਹੇ ਸਨ। ਦੂਜੇ ਪਾਸੇ ਕਿਸਾਨ ਮੁਰਦਾਬਾਦ ਦੇ ਨਾਅਰੇ ਲੱਗਾ ਕੇ ਉਨ੍ਹਾਂ ਦਾ ਵਿਰੋਧ ਕਰ ਰਹੇ ਸਨ।

ਗ਼ੁੱਸੇ ਵਿੱਚ ਆਏ ਕਿਸਾਨਾਂ ਨੇ ਸੰਸਦ ਮੈਂਬਰ ਦੀ ਕਾਰ ਦੇ ਸ਼ੀਸ਼ੇ ਵੀ ਤੋੜ ਦਿੱਤੇ। ਸੰਸਦ ਮੈਂਬਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਨਾਲ ਅਜਿਹਾ ਵਿਵਹਾਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਪੁਲੀਸ ਨੇ ਇਸ ਮਾਮਲੇ ਵਿੱਚ ਕੁੱਝ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਕਿਸਾਨ ਅੱਗੇ ਦੀ ਰਣਨੀਤੀ ਬਣਾਉਣ ਵਿੱਚ ਲੱਗੇ ਹੋਏ ਹਨ।

ਰੋਹਤਕ ਵਿੱਚ ਇੱਕ ਸਮਾਗਮ ਦੌਰਾਨ ਬੀਜੇਪੀ ਸਾਂਸਦ ਨੂੰ ਇਸੇ ਤਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇੱਕ ਪ੍ਰੋਗਰਾਮ ‘ਚ ਸੰਸਦ ਮੈਂਬਰ ਦੇ ਬਿਆਨ ‘ਤੇ ਹੰਗਾਮਾ ਹੋਇਆ। ਕਿਸਾਨਾਂ ਨੂੰ “ਬੇਰੁਜ਼ਗਾਰ ਸ਼ਰਾਬੀ” ਕਹਿੰਦੇ ਹੋਏ, ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਵਿੱਚੋਂ ਕੋਈ ਵੀ ਕਿਸਾਨ ਨਹੀਂ ਸੀ।

ਕਿਸਾਨਾਂ ਵੱਲੋਂ ਸਰਕੂਲੇਟ ਕੀਤੀ ਗਈ ਵੀਡੀਓ ਵਿੱਚ ਉਹ ਪੱਤਰਕਾਰਾਂ ਨੂੰ ਕਹਿੰਦੇ ਹਨ,”ਖੇਤੀ ਕਾਨੂੰਨਾਂ ਦਾ ਕੋਈ ਵਿਰੋਧ ਨਹੀਂ ਹੈ। ਪ੍ਰਦਰਸ਼ਨਕਾਰੀ ਪਿੰਡਾਂ ਦੇ ਬੇਰੁਜ਼ਗਾਰ ਸ਼ਰਾਬੀ ਹਨ। ਇਹ ਮਾੜੇ ਲੋਕ ਹਨ ਜੋ ਅਜਿਹੀਆਂ ਹਰਕਤਾਂ ਕਰਦੇ ਰਹਿੰਦੇ ਹਨ।

ਹਾਲ ਹੀ ਵਿੱਚ ਸਿੰਘੂ ਬਾਰਡਰ ‘ਤੇ ਕੁੱਝ ਨਿਹੰਗਾਂ ਵੱਲੋਂ ਇੱਕ ਬੇਕਸੂਰ ਵਿਅਕਤੀ ਦੇ ਕਤਲ ਨੇ ਇਨ੍ਹਾਂ ਮਾੜੇ ਲੋਕਾਂ ਨੂੰ ਸਭ ਦੇ ਸਾਹਮਣੇ ਬੇਨਕਾਬ ਕਰ ਦਿੱਤਾ ਹੈ। ਇਹ ਕਿਸਾਨ ਨਹੀਂ ਹਨ, ਸਿਰਫ਼ ਸ਼ਰਾਰਤੀ ਅਨਸਰ ਹਨ, ਹੁਣ ਆਮ ਲੋਕ ਵੀ ਵਿਰੋਧ ਕਰ ਰਹੇ ਹਨ। ਮੈਂ ਲਗਾਤਾਰ ਦਿੱਲੀ ਜਾਂਦਾ ਹਾਂ ਅਤੇ ਦੇਖਿਆ ਕਿ ਜ਼ਿਆਦਾਤਰ ਟੈਂਟ ਖ਼ਾਲੀ ਪਏ ਹਨ, ਬਹੁਤ ਜਲਦੀ ਇਸ ਸਮੱਸਿਆ ਦਾ ਹੱਲ ਹੋ ਜਾਵੇਗੀ।

Spread the love