ਇਰਾਕ ਦੇ ਪ੍ਰਧਾਨ ਮੰਤਰੀ ਦੇ ਰਹਿਣ ਬਸੇਰੇ ‘ਤੇ ਡਰੋਨ ਹਮਲਾ ਹੋਇਆ ਜਿਸ ‘ਚ ਪੀਐੱਮ ਮੁਸਤਫਾ ਅਲ ਕਦੀਮੀ ਬਾਲ ਬਾਲ ਬਚੇ।

ਦੱਸਿਆ ਜਾ ਰਿਹਾ ਕਿ ਇਸ ਹਮਲੇ ‘ਚ ਉਨ੍ਹਾਂ ਦੀ ਸੁਰੱਖਿਆ ‘ਚ ਲੱਗੇ ਸੱਤ ਸੁਰੱਖਿਆ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ ਹਾਂਲਾਕਿ ਅਜੇ ਤੱਕ ਕਿਸੇ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਹਮਲੇ ਦੇ ਤੁਰੰਤ ਬਾਅਦ ਕਦੀਮੀ ਨੇ ਟਵੀਟ ਕੀਤਾ, ‘ਮੈਂ ਠੀਕ ਹਾਂ ਤੇ ਆਪਣੇ ਲੋਕਾਂ ਦੇ ਵਿਚਕਾਰ ਹਾਂ।

ਉੱਪਰ ਵਾਲੇ ਦਾ ਸ਼ੁਕਰਗੁਜ਼ਾਰ ਹਾਂ। ਇਸ ਤੋਂ ਬਾਅਦ ਪੀਐੱਮ ਮੁਸਤਫਾ ਨੇ ਕਿਹਾ ਕਿ ਰਾਕਟ ਤੇ ਡਰੋਨ ਨਾਲ ਕੀਤੇ ਕਾਇਰਾਨਾ ਹਮਲੇ ਨਾਲ ਨਾ ਤਾਂ ਦੇਸ਼ ਬਣਦਾ ਹੈ ਤੇ ਨਾ ਹੀ ਭਵਿੱਖ।

ਉਨ੍ਹਾਂ ਇਰਾਕ ਦੀਆਂ ਸਾਰੀਆਂ ਧਿਰਾਂ ਨੂੰ ਸ਼ਾਂਤੀ ਵਾਰਤਾ ਦੀ ਅਪੀਲ ਕੀਤੀ।

ਹਮਲੇ ਤੋਂ ਬਾਅਦ ਕਦੀਮੀ ਨੇ ਸੁਰੱਖਿਆ ਬੈਠਕ ਦੀ ਪ੍ਰਧਾਨਗੀ ਕੀਤੀ।ਦੱਸਿਆ ਜਾ ਰਿਹਾ ਕਿ ਹਮਲੇ ‘ਚ ਤਿੰਨ ਡਰੋਨ ਦੀ ਵਰਤੋਂ ਕੀਤੀ ਗਈ।

ਦੋ ਡਰੋਨ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ, ਜਦਕਿ ਧਮਾਕਾਖੇਜ਼ ਲੱਦੇ ਤੀਜੇ ਡਰੋਨ ਨੇ ਹਮਲੇ ਨੂੰ ਅੰਜਾਮ ਦਿੱਤਾ।

ਇਸ ਬੇਹੱਦ ਸੁਰੱਖਿਅਤ ‘ਗ੍ਰੀਨ ਜ਼ੋਨ’ ਵਿਚ ਵਿਦੇਸ਼ੀ ਦੂਤਘਰ ਤੇ ਸਰਕਾਰੀ ਦਫ਼ਤਰ ਵੀ ਹਨ।

ਇਸ ਹਮਲੇ ‘ਤੇ ਕਈ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਨੇ, ਦੂਸਰੇ ਪਾਸੇ ਇਰਾਕ ਦੀ ਸੰਸਦੀ ਚੋਣ ਨਤੀਜੇ ਨੂੰ ਸ਼ੀਆ ਮਿਿਲਸ਼ੀਆ ਨੇ ਖ਼ਾਰਜ ਕਰ ਦਿੱਤਾ ਹੈ ਤੇ ਲਗਪਗ ਇਕ ਮਹੀਨੇ ਤੋਂ ‘ਗ੍ਰੀਨ ਜ਼ੋਨ’ ਦੇ ਬਾਹਰ ਡੇਰਾ ਲਾਈ ਬੈਠੇ ਹਨ।

ਸ਼ੁੱਕਰਵਾਰ ਨੂੰ ਮੁਜ਼ਾਹਰੇ ਦੌਰਾਨ ਹੋਈ ਗੋਲ਼ੀਬਾਰੀ ‘ਚ ਇਕ ਪ੍ਰਦਰਸ਼ਨਕਾਰੀ ਦੀ ਮੌਤ ਹੋ ਗਈ ਸੀ।

ਕਦੀਮੀ ਨੇ ਇਸ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਈਰਾਨ ਸਮਰਥਿਤ ਮਿਿਲਸ਼ੀਆ ਗੁਟਾਂ ਨੇ ਇਸ ਸੰਘਰਸ਼ ਲਈ ਕਦੀਮੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਉਧਰ ਸੰਯੁਕਤ ਰਾਸ਼ਟਰ ਦੇ ਸਥਾਨਕ ਮਿਸ਼ਨ ਨੇ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ।

ਈਰਾਨ ਦੀ ਰਾਸ਼ਟਰੀ ਸੁਰੱਖਿਆ ਕੌਂਸਲ ਦੇ ਸਕੱਤਰ ਨੇ ਇਕ ਟਵੀਟ ‘ਚ ਸਿੱਧੇ ਰੂਪ ‘ਚ ਹਮਲੇ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਪਰ ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਤਰਜ਼ਮਾਨ ਨੇਡ ਪ੍ਰਰਾਈਸ ਨੇ ਕਿਹਾ, ‘ਇਹ ਸਪਸ਼ਟ ਤੌਰ ‘ਤੇ ਅੱਤਵਾਦੀ ਕਾਰਾ ਹੈ, ਜਿਸ ਦੀ ਅਸੀਂ ਸਖ਼ਤ ਨਿਖੇਧੀ ਕਰਦੇ ਹਾਂ।’

Spread the love