ਹਰਿਆਣਾ, 10 ਨਵੰਬਰ

ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਪਿੰਡ ਅੰਚਰਾ ਕਲਾਂ ਵਿੱਚ ਫਲੂ (Flu) ਵਰਗੇ ਲੱਛਣਾਂ ਵਾਲੀ ਬਿਮਾਰੀ ਕਾਰਨ ਪਿਛਲੇ ਦਿਨਾਂ ਵਿੱਚ 12 ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਕਈ ਲੋਕ ਇਸ ਫਲੂ ਵਰਗੀ ਬਿਮਾਰੀ ਦੀ ਲਪੇਟ ਵਿੱਚ ਆ ਚੁੱਕੇ ਹਨ। 4500 ਦੀ ਆਬਾਦੀ ਵਾਲੇ ਇਸ ਪਿੰਡ ਵਿੱਚ 800 ਤੋਂ ਵੱਧ ਪਰਿਵਾਰ ਰਹਿੰਦੇ ਹਨ ਅਤੇ ਜ਼ਿਆਦਾਤਰ ਪਰਿਵਾਰ ਇਸ ਬਿਮਾਰੀ ਦਾ ਸ਼ਿਕਾਰ ਦੱਸੇ ਜਾ ਰਹੇ ਹਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਵਾਇਰਲ ਇਨਫੈਕਸ਼ਨ ਦਾ ਪਤਾ ਲਗਾਉਣ ਅਤੇ ਸੈਂਪਲ ਲੈਣ ਲਈ ਸਿਹਤ ਵਿਭਾਗ ਦੀ ਟੀਮ ਪਿੰਡ ਭੇਜੀ ਗਈ ਹੈ।

ਪੰਚਾਇਤ ਮੈਂਬਰ ਰਾਜਿੰਦਰ ਸਿੰਘ ਅਨੁਸਾਰ ਸਫੀਦੋਂ, ਜੀਂਦ ਅਤੇ ਗੋਹਾਨਾ ਦੇ ਹਸਪਤਾਲਾਂ ਵਿੱਚ 50 ਤੋਂ ਵੱਧ ਮਰੀਜ਼ ਦਾਖਲ ਹਨ ਅਤੇ ਕੁਝ ਗੰਭੀਰ ਮਰੀਜ਼ਾਂ ਨੂੰ ਪੀਜੀਆਈ-ਰੋਹਤਕ ਵਿੱਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਸਾਰੇ ਮਰੀਜ਼ਾਂ ਵਿਚ ਤੇਜ਼ ਬੁਖਾਰ ਸ਼ੁਰੂਆਤੀ ਲੱਛਣ ਹੈ, ਜਿਸ ਤੋਂ ਬਾਅਦ ਪਲੇਟਲੈਟਸ ਵਿਚ ਮਹੱਤਵਪੂਰਨ ਗਿਰਾਵਟ ਆ ਜਾਂਦੀ ਹੈ।” ਡਾਕਟਰਾਂ ਅਨੁਸਾਰ ਮਰੀਜ਼ਾਂ ਵਿੱਚ ਡੇਂਗੂ ਦੇ ਲੱਛਣ ਹਨ ਪਰ ਟੈਸਟ ਵਿੱਚ ਇਸ ਦੀ ਪੁਸ਼ਟੀ ਨਹੀਂ ਹੋ ਰਹੀ ਹੈ।

ਪਿੰਡ ਵਾਸੀਆਂ ਅਨੁਸਾਰ ਪੂਰੇ ਇਲਾਕੇ ਵਿੱਚ ਕਈ ਥਾਵਾਂ ’ਤੇ ਪਾਣੀ ਇਕੱਠਾ ਹੋ ਗਿਆ ਹੈ ਅਤੇ ਇਸ ਕਾਰਨ ਇਹ ਫਲੂ ਵਰਗੀ ਬਿਮਾਰੀ ਫੈਲ ਰਹੀ ਹੈ। ਇੱਥੇ ਮੱਛਰ ਪੈਦਾ ਹੋ ਰਹੇ ਹਨ, ਜਿਸ ਕਾਰਨ ਬੀਮਾਰੀਆਂ ਫੈਲ ਰਹੀਆਂ ਹਨ। ਦੂਜੇ ਪਾਸੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਡੇਂਗੂ ਦੇ ਪ੍ਰਕੋਪ ਜਾਂ ਬੁਖਾਰ ਕਾਰਨ ਕਿਸੇ ਮੌਤ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜੀਂਦ ਸਿਵਲ ਹਸਪਤਾਲ ਦੇ ਮੈਡੀਕਲ ਅਫਸਰ, ਡਾ. ਟੀ.ਐਸ ਬਾਗੜੀ ਨੇ ਕਿਹਾ, “ਇਹ ਪਤਾ ਲਗਾਉਣ ਲਈ ਕਿ ਇਹ ਡੇਂਗੂ ਹੈ ਜਾਂ ਕੋਈ ਵਾਇਰਲ ਇਨਫੈਕਸ਼ਨ ਹੈ, ਨਮੂਨੇ ਇਕੱਠੇ ਕਰਨ ਲਈ ਇੱਕ ਟੀਮ ਪਿੰਡ ਭੇਜੀ ਗਈ ਹੈ ਅਤੇ ਇਲਾਕੇ ਵਿੱਚ ਫੋਗਿੰਗ ਵੀ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਹਰਿਆਣਾ ਦੇ ਕੈਥਲ ‘ਚ ਸੋਮਵਾਰ ਨੂੰ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਐੱਫ.ਆਈ.ਆਰ. ਜ਼ਿਲ੍ਹਾ ਕੁਲੈਕਟਰ ਪ੍ਰਦੀਪ ਦਹੀਆ ਨੇ ਦੱਸਿਆ ਕਿ ਹੁਣ ਬਹੁਤੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਉਣੀ ਬੰਦ ਕਰ ਦਿੱਤੀ ਹੈ ਪਰ ਕੁਝ ਲੋਕ ਅਜੇ ਵੀ ਵਾਤਾਵਰਨ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦਹੀਆ ਨੇ ਸੋਮਵਾਰ ਨੂੰ ਖੇਤਾਂ ਦਾ ਦੌਰਾ ਕੀਤਾ, ਜਿੱਥੇ ਜ਼ਿਆਦਾਤਰ ਕਿਸਾਨਾਂ ਨੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨਾ ਬੰਦ ਕਰ ਦਿੱਤਾ ਹੈ, ਪਰ ਕੁਝ ਕਿਸਾਨਾਂ ਨੇ ਵਾਤਾਵਰਣ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਤਾਜ਼ਾ ਘਟਨਾ ਵਿਰੁੱਧ ਐਫਆਈਆਰ ਦਰਜ ਕੀਤੀ ਜਾ ਰਹੀ ਹੈ।

ਉਧਰ, ਪੰਜਾਬ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਮਜਬੂਰੀ ਵੱਸ ਪਰਾਲੀ ਸਾੜ ਰਹੇ ਹਨ ਅਤੇ ਉਨ੍ਹਾਂ ਦੇ ਖੇਤਾਂ ਵਿੱਚ ਪਰਾਲੀ ਸਾੜਨ ਤੋਂ ਰੋਕਣ ਲਈ ਸੂਬਾ ਸਰਕਾਰ ਤੋਂ 7000 ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਹੈ ਕਿ ਕਿਸਾਨਾਂ ਵਿਰੁੱਧ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ। ਸਰਕਾਰ ਨੇ 43,15,000 ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਪਰ ਕਿਸਾਨਾਂ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਕੀਤੀ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਲਈ ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਸਾੜਨ ਨੂੰ ਵਾਰ-ਵਾਰ ਜ਼ਿੰਮੇਵਾਰ ਠਹਿਰਾਇਆ ਹੈ। ਸਿਸਟਮ ਆਫ ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ (SAFAR) ਨੇ ਸੋਮਵਾਰ ਨੂੰ ਦੱਸਿਆ ਕਿ ਰਾਜਧਾਨੀ ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿੱਚ ਹਵਾ ਦੀ ਗੁਣਵੱਤਾ ‘ਗੰਭੀਰ ਸ਼੍ਰੇਣੀ’ ਵਿੱਚ ਬਣੀ ਹੋਈ ਹੈ। SAFAR ਦੇ ਵਿਸ਼ਲੇਸ਼ਣ ਦੇ ਅਨੁਸਾਰ, ਰਾਜਧਾਨੀ ਵਿੱਚ ਓਵਰਆਲ ਏਅਰ ਕੁਆਲਿਟੀ ਇੰਡੈਕਸ (AQI) 432 ਦਰਜ ਕੀਤਾ ਗਿਆ ਸੀ। ਸਰਕਾਰੀ ਏਜੰਸੀਆਂ ਦੇ ਅਨੁਸਾਰ, 0-50 ਦੇ ਵਿਚਕਾਰ ਇੱਕ AQI ‘ਚੰਗਾ’, 51-100 ‘ਤਸੱਲੀਬਖਸ਼’, 101-200 ‘ਦਰਮਿਆਨ’, 201-300 ‘ਮਾੜਾ’, 301-400 ‘ਬਹੁਤ ਮਾੜਾ’ ਅਤੇ 401-500 ‘ਗੰਭੀਰ-ਖਤਰਨਾਕ ਮੰਨਿਆ ਜਾਂਦਾ ਹੈ।

Spread the love