ਅਫ਼ਗਾਨਿਸਤਾਨ ‘ਚ ਇੱਕ ਵਾਰ ਫਿਰ ਧਮਾਕਾ ਹੋਇਆ। ਪੂਰਬੀ ਅਫ਼ਗਾਨਿਸਤਾਨ ’ਚ ਇਕ ਮਸਜਿਦ ਦੇ ਅੰਦਰ ਨਮਾਜ਼ ਦੌਰਾਨ ਹੋਏ ਬੰਬ ਧਮਾਕੇ ’ਚ 15 ਵਿਅਕਤੀ ਜ਼ਖ਼ਮੀ ਹੋ ਗਏ। ਨਾਂਗਰਹਾਰ ਸੂਬੇ ਦੇ ਸਰਕਾਰੀ ਤਰਜਮਾਨ ਕਾਰੀ ਹਨੀਫ਼ ਨੇ ਦੱਸਿਆ ਕਿ ਬੰਬ ਤਰਾਇਲੀ ਕਸਬੇ ਦੀ ਮਸਜਿਦ ਅੰਦਰ ਲਗਾਇਆ ਗਿਆ ਸੀ। ਲੋਕਾਂ ਵੱਲੋਂ ਖਿੱਚੀਆਂ ਗਈਆਂ ਤਸਵੀਰਾਂ ਅਤੇ ਸੋਸ਼ਲ ਮੀਡੀਆ ’ਤੇ ਨਸ਼ਰ ਹੋ ਰਹੇ ਵੀਡੀਓਜ਼ ’ਚ ਤਿੰਨ ਲਾਸ਼ਾਂ ਦਿਖਾਈਆਂ ਗਈਆਂ ਹਨ। ਉਂਜ ਹਨੀਫ਼ ਨੇ ਕੋਈ ਮੌਤ ਹੋਣ ਦੀ ਪੁਸ਼ਟੀ ਨਹੀਂ ਕੀਤੀ ਹੈ। ਅਫ਼ਗਾਨਿਸਤਾਨ ’ਚ ਪੰਜ ਹਫ਼ਤਿਆਂ ਦੇ ਅੰਦਰ ਇਹ ਤੀਜਾ ਵੱਡਾ ਧਮਾਕਾ ਹੈ। ਪਿਛਲੇ ਮਹੀਨੇ ਲਗਾਤਾਰ ਦੋ ਸ਼ੁੱਕਰਵਾਰ ਨੂੰ ਕੁੰਦੂਜ਼ ਅਤੇ ਕੰਧਾਰ ਦੇ ਦੱਖਣੀ ਸ਼ਹਿਰ ਦੀਆਂ ਮਸਜਿਦਾਂ ਅੰਦਰ ਧਮਾਕੇ ਕੀਤੇ ਗਏ ਸਨ। ਇਨ੍ਹਾਂ ਧਮਾਕਿਆਂ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਸੀ। ਅੱਜ ਦਾ ਧਮਾਕਾ ਸੁੰਨੀ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਇਸਲਾਮਿਕ ਸਟੇਟ ਦੇ ਦਹਿਸ਼ਤਗਰਦਾਂ ਵੱਲੋਂ ਨਾਂਗਰਹਾਰ ਸੂਬੇ ’ਚ ਤਾਲਿਬਾਨ ਲੜਾਕਿਆਂ ਖ਼ਿਲਾਫ਼ ਰੋਜ਼ਾਨਾ ਹੀ ਗੋਲੀਬਾਰੀ ਅਤੇ ਬੰਬਾਰੀ ਕੀਤੀ ਜਾਂਦੀ ਹੈ।

Spread the love