ਚੰਡੀਗੜ੍ਹ, 17 ਨਵੰਬਰ

ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਭਲਕੇ ਤੋਂ ਪੰਜਾਬ ਸਰਕਾਰ ਦਾ ਪਾਕਿਸਤਾਨ ਦੌਰਾ ਸ਼ੁਰੂ ਹੋਵੇਗਾ। ਕੱਲ ਯਾਨੀ ਕਿ 18 ਨਵੰਬਰ ਨੂੰ ਪਹਿਲੇ ਦਿਨ ਸੀਐਮ ਚਰਨਜੀਤ ਚੰਨੀ ਕਰਤਾਰਪੁਰ ਜਾਣਗੇ। ਉਨ੍ਹਾਂ ਦੇ ਨਾਲ 10 ਮੰਤਰੀ ਅਤੇ ਕੁਝ ਵਿਧਾਇਕ ਵੀ ਹੋਣਗੇ। ਅਗਲੇ ਦਿਨ ਭਾਵ 19 ਨਵੰਬਰ ਨੂੰ ਪੰਜਾਬ ਸਰਕਾਰ ਦੇ 6 ਮੰਤਰੀ ਬਾਕੀ ਕਾਂਗਰਸੀ ਵਿਧਾਇਕਾਂ ਨਾਲ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ।

ਸਰਕਾਰ ਨੇ ਮੰਗਲਵਾਰ ਸ਼ਾਮ ਨੂੰ ਹੋਈ ਕੈਬਨਿਟ ਮੀਟਿੰਗ ਤੋਂ ਬਾਅਦ ਇਹ ਪ੍ਰੋਗਰਾਮ ਤੈਅ ਕੀਤਾ ਹੈ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੀ ਪਾਕਿਸਤਾਨ ਜਾ ਸਕਦੇ ਹਨ। ਹਾਲਾਂਕਿ ਉਹ ਸਰਕਾਰ ਨਾਲ ਜਾਣਗੇ ਜਾਂ ਇਕੱਲੇ, ਇਹ ਸਪੱਸ਼ਟ ਨਹੀਂ ਹੈ। ਸਿੱਧੂ ਨੇ ਯਕੀਨੀ ਤੌਰ ‘ਤੇ ਕਿਹਾ ਕਿ ਉਹ ਸ਼ਰਧਾਲੂ ਦੇ ਤੌਰ ‘ਤੇ ਰਜਿਸਟਰ ਕਰਨਗੇ, ਜੇਕਰ ਮਨਜ਼ੂਰੀ ਮਿਲੀ ਤਾਂ ਉਹ ਜ਼ਰੂਰ ਜਾਣਗੇ।

ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਬਤੌਰ ਮੁੱਖ ਮੰਤਰੀ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਵੀ ਦਰਸ਼ਨ ਕਰ ਚੁੱਕੇ ਹਨ। ਇਹ ਕਾਰੀਡੋਰ ਪਹਿਲੀ ਵਾਰ 9 ਨਵੰਬਰ 2019 ਨੂੰ ਖੋਲ੍ਹਿਆ ਗਿਆ ਸੀ। ਇਸ ਤੋਂ ਬਾਅਦ 27 ਨਵੰਬਰ ਨੂੰ ਅਮਰਿੰਦਰ ਆਪਣੇ ਕੈਬਨਿਟ ਸਾਥੀਆਂ ਸਮੇਤ ਲਾਂਘੇ ਰਾਹੀਂ ਪਾਕਿਸਤਾਨ ਚਲੇ ਗਏ।

Spread the love